ਮਰੀਜ਼ ਦੀ ਮੌਤ ਤੋਂ ਬਾਅਦ ਭੜਕੇ ਪਰਿਵਾਰਕ ਮੈਂਬਰ, ਸਿਵਲ ਹਸਪਤਾਲ ''ਚ ਕੀਤਾ ਹੰਗਾਮਾ
Monday, Jan 06, 2020 - 11:42 AM (IST)
ਜਲੰਧਰ (ਸ਼ੋਰੀ)— 3 ਦਿਨ ਪਹਿਲਾਂ ਦਾਖਲ ਹੋਏ ਸ਼ੱਕੀ ਸਵਾਈਨ ਫਲੂ ਦੇ ਮਰੀਜ਼ ਦੀ ਸਿਵਲ ਹਸਪਤਾਲ ਦੇ ਟਰੋਮਾ ਵਾਰਡ 'ਚ ਹਾਲਤ ਵਿਗੜਨ ਲੱਗੀ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ 'ਤੇ ਡਾਕਟਰਾਂ ਨੇ ਮਰੀਜ਼ ਦਾ ਚੈੱਕਅਪ ਕੀਤਾ, ਮਰੀਜ਼ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕੀਤਾ ਪਰ ਇਸ ਦੌਰਾਨ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਮਰੀਜ਼ ਦੇ ਸਮਰਥਕਾਂ ਜਿਸ 'ਚ ਔਰਤਾਂ ਵੀ ਸ਼ਾਮਲ ਸੀ ਨੇ ਸਟਾਫ ਨਰਸ ਨਾਲ ਹੱਥੋਪਾਈ ਦੇ ਨਾਲ-ਨਾਲ ਡਾਕਟਰ ਨਾਲ ਬਦਤਮੀਜ਼ੀ ਕੀਤੀ। ਹੰਗਾਮੇ ਦੀ ਸੂਚਨਾ ਮਿਲਣ 'ਤੇ ਐਮਰਜੈਂਸੀ ਵਾਰਡ 'ਚ ਬੈਠੇ ਡਾ. ਕਾਮਰਾਜ ਨੇ ਹੂਟਰ ਮਾਰੇ ਅਤੇ ਹਸਪਤਾਲ 'ਚ ਤਾਇਨਾਤ ਪੁਲਸ ਨੇ ਸਟਾਫ ਅਤੇ ਡਾਕਟਰ ਨੂੰ ਗੁੱਸੇ 'ਚ ਆਏ ਲੋਕਾਂ ਤੋਂ ਬਚਾ ਕੇ ਟਰੋਮਾ ਵਾਰਡ ਤੋਂ ਬਾਹਰ ਕੱਢਿਆ। ਮਾਮਲੇ ਨੂੰ ਲੈ ਕੇ ਹਸਪਤਾਲ ਦੇ ਬਾਕੀ ਡਾਕਟਰਾਂ ਅਤੇ ਸਟਾਫ ਨੇ ਲਿਖਤੀ ਸ਼ਿਕਾਇਤ ਵੀ ਥਾਣਾ ਨੰ. 4 ਦੀ ਪੁਲਸ ਨੂੰ ਦਿੱਤੀ, ਤਾਂ ਕਿ ਹੰਗਾਮਾ ਅਤੇ ਹੱਥੋਪਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਹੋ ਸਕੇ।
ਜਾਣਕਾਰੀ ਦਿੰਦੇ ਹੋਏ ਡਾ. ਮੋਹਿਤ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਟਰੋਮਾ ਵਾਰਡ 'ਚ ਡਿਊਟੀ ਲੱਗੀ ਸੀ ਅਤੇ ਵਾਰਡ 'ਚ ਸ਼ੱਕੀ ਸਵਾਈਨ ਫਲੂ ਦਾ ਮਰੀਜ਼ 2 ਜਨਵਰੀ ਤੋਂ ਦਾਖਲ ਸੀ। ਮਰੀਜ਼ ਰੋਸ਼ਨ ਲਾਲ (48) ਪੁੱਤਰ ਮੁਲਖ ਰਾਜ ਨਿਵਾਸੀ ਗਲੀ ਨੰ. 6 ਭਾਰਗੋ ਕੈਂਪ ਦੀ ਹਾਲਤ ਠੀਕ ਨਹੀਂ ਸੀ। ਪਲੇਟਲੈਟਸ ਘੱਟ ਹੋਣ ਕਾਰਨ ਮਰੀਜ਼ ਦੀ ਬਲਗਮ ਨਾਲ ਖੂਨ ਆ ਰਿਹਾ ਸੀ। ਮਰੀਜ਼ ਦੀ ਟੀ. ਬੀ. ਦੀ ਬੀਮਾਰੀ ਵੀ ਕਾਫੀ ਪੁਰਾਣੀ ਹੋਣ ਕਾਰਨ ਉਸ ਦੀ ਸ਼ੂਗਰ ਵੀ ਵਧੀ ਹੋਈ ਸੀ। ਉਸ ਦਾ ਇਲਾਜ ਕਰਨ ਵਾਲੇ ਡਾਕਟਰ ਤਰਸੇਮ ਲਾਲ ਨੇ ਪਹਿਲਾਂ ਹੀ ਫਾਈਲ 'ਤੇ ਲਿਖਣ ਦੇ ਨਾਲ-ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਕਹਿ ਦਿੱਤਾ ਸੀ ਕਿ ਮਰੀਜ਼ ਨੂੰ ਬਚਾਉਣ ਲਈ ਅੰਮ੍ਰਿਤਸਰ ਮੈਡੀਕਲ ਕਾਲਜ ਲਿਜਾਇਆ ਜਾਵੇ।
ਪਤਾ ਨਹੀਂ ਕਿਉਂ ਪਰਿਵਾਰਕ ਮੈਂਬਰਾਂ ਨੇ ਮਰੀਜ਼ ਨੂੰ ਇਥੋਂ ਲਿਜਾਣਾ ਠੀਕ ਨਹੀਂ ਸਮਝਿਆ। ਡਾ. ਮੋਹਿਤ ਨੇ ਦੱਸਿਆ ਕਿ ਟਰੋਮਾ ਵਾਰਡ 'ਚ ਨਰਸਿੰਗ ਸਟਾਫ ਸੋਨੀਆ ਅਤੇ ਰਮਨ ਡਿਉਟੀ 'ਤੇ ਸੀ। ਮਰੀਜ਼ ਦੀ ਹਾਲਤ ਖਰਾਬ ਹੋਣ 'ਤੇ ਉਸ ਨਾਲ ਆਈਆਂ ਪਰਿਵਾਰਕ ਔਰਤਾਂ ਨੇ ਸਟਾਫ ਦੇ ਨਾਲ ਹੱਥੋਪਾਈ ਕਰਨ ਦੇ ਨਾਲ ਗਾਲੀ-ਗਲੋਚ ਵੀ ਕੀਤੀ। ਇੰਨਾ ਹੀ ਨਹੀਂ ਵਾਰਡ 'ਚ ਸੜਕ ਹਾਦਸੇ ਦੇ ਆਏ ਇਕ ਮਰੀਜ਼ ਦਾ ਉਹ ਇਲਾਜ ਕਰ ਰਹੇ ਸੀ। ਭੀੜ 'ਚ ਸ਼ਾਮਲ ਕੁਝ ਲੋਕਾਂ ਨੇ ਉਨ੍ਹਾਂ ਦੀ ਡਿਊਟੀ 'ਚ ਵਿਘਨ ਪਾਉਂਦੇ ਹੋਏ ਜ਼ਬਰਦਸਤੀ ਉਨ੍ਹਾਂ ਨੂੰ ਮਰੀਜ਼ ਦੇ ਕੋਲ ਲੈ ਕੇ ਗਏ।
ਹਾਲਾਂਕਿ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਮਰੀਜ਼ ਦੇ ਭੜਕੇ ਪਰਿਵਾਰਕ ਮੈਂਬਰ ਹਸਪਤਾਲ 'ਚ ਤੋੜ-ਫੋੜ ਵੀ ਕਰ ਰਹੇ ਸੀ। ਪੁਲਸ ਨੇ ਉਨ੍ਹਾਂ ਅਤੇ ਸਟਾਫ ਨੂੰ ਬਚਾਇਆ। ਡਾ. ਮੋਹਨ ਮੁਤਾਬਕ ਡਾਕਟਰ ਅਤੇ ਸਟਾਫ ਦਿਨ-ਰਾਤ ਹਸਪਤਾਲ 'ਚ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਕੁਝ ਇਸ ਤਰ੍ਹਾਂ ਦੇ ਲੋਕ ਡਾਕਟਰਾਂ ਅਤੇ ਸਟਾਫ ਦੇ ਨਾਲ ਬਦਤਮੀਜ਼ੀ ਅਤੇ ਹੱਥੋਪਾਈ ਕਰਦੇ ਹਨ। ਇਸ ਗੱਲ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਮਾਮਲੇ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੀਨੀਅਰ ਡਾਕਟਰਾਂ ਨੂੰ ਦੇਣ ਦੇ ਨਾਲ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਸਪਤਾਲ 'ਚ ਡਾਕਟਰਾਂ ਨਾਲ ਬਦਤਮੀਜੀ਼ਦੇ ਮਾਮਲੇ ਹੋ ਚੁੱਕੇ ਹਨ ਅਤੇ ਹਾਲ ਹੀ 'ਚ ਹੀ ਐਮਰਜੈਂਸੀ ਵਾਰਡ 'ਚ ਡਿਊਟੀ 'ਤੇ ਤਾਇਨਾਤ ਡਾ. ਰਾਜ ਕੁਮਾਰ 'ਤੇ ਇਕ ਪੱਖ ਦੇ ਜ਼ਖਮੀ ਲੋਕਾਂ ਵੱਲੋਂ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਥਾਣਾ ਨੰ. 4 'ਚ ਤਾਇਨਾਤ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਪੁਲਸ ਦੇ ਕੋਲ ਸ਼ਿਕਾਇਤ ਆਈ ਹੈ ਅਤੇ ਜਾਂਚ ਜਾਰੀ ਹੈ। ਫਿਲਹਾਲ ਪਤਾ ਲੱਗਾ ਹੈ ਕਿ ਮ੍ਰਿਤਕ ਰੋਸ਼ਨ ਲਾਲ ਦੇ ਬੇਟੇ ਨੇ ਵੀ ਕੁਝ ਮਹੀਨੇ ਪਹਿਲਾਂ ਹੀ ਭਾਰਗੋ ਕੈਂਪ ਇਲਾਕੇ ਵਿਚ ਫਾਹ ਲਾ ਕੇ ਆਤਮਹੱਤਿਆ ਕਰ ਲਈ ਸੀ।