ਇਟਲੀ ਭੇਜਣ ਦੇ ਨਾਂ ''ਤੇ ਟੈਕਸੀ ਡਰਾਈਵਰ ਤੋਂ 4 ਲੱਖ ਰੁਪਏ ਲੈ ਕੇ ਮੁੱਕਰੇ ਮਾਂ-ਬੇਟੇ ''ਤੇ ਕੇਸ ਦਰਜ

Thursday, Apr 21, 2022 - 03:41 PM (IST)

ਇਟਲੀ ਭੇਜਣ ਦੇ ਨਾਂ ''ਤੇ ਟੈਕਸੀ ਡਰਾਈਵਰ ਤੋਂ 4 ਲੱਖ ਰੁਪਏ ਲੈ ਕੇ ਮੁੱਕਰੇ ਮਾਂ-ਬੇਟੇ ''ਤੇ ਕੇਸ ਦਰਜ

ਜਲੰਧਰ (ਮ੍ਰਿਦੁਲ) : ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਟਰੈਵਲ ਏਜੰਟਾਂ ਦਾ ਇਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਇਸ ਵਾਰ ਟਰੈਵਲ ਏਜੰਟ ਮਾਂ-ਬੇਟੇ ਨੇ ਮਿਲ ਕੇ ਇਕ ਟੈਕਸੀ ਡਰਾਈਵਰ ਨੂੰ ਸ਼ਿਕਾਰ ਬਣਾਇਆ ਹੈ, ਜਿਸ ਨੇ ਇਟਲੀ ਜਾਣ ਦੇ ਨਾਂ 'ਤੇ ਪਹਿਲਾਂ 4 ਲੱਖ ਰੁਪਏ ਦਿੱਤੇ ਤੇ ਬਾਅਦ ਵਿਚ ਟਰੈਵਲ ਏਜੰਟ ਮਾਂ-ਬੇਟੇ ਨੇ ਵੀਜ਼ਾ ਵੀ ਨਹੀਂ ਲਗਵਾ ਕੇ ਦਿੱਤਾ, ਉਲਟਾ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਨੇ ਜਦੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਕਾਫੀ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਉਸ ਨੂੰ ਇਨਸਾਫ ਦਿੱਤਾ ਗਿਆ।

ਇਹ ਵੀ ਪੜ੍ਹੋ : ਗੈਸ ਸਿਲੰਡਰ 'ਤੇ ਚਾਹ ਬਣਾਉਂਦਿਆਂ ਅੱਗ ਲੱਗਣ ਕਾਰਨ ਔਰਤ ਦੀ ਮੌਤ

ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਲੰਮਾ ਪਿੰਡ ਨਾਲ ਲੱਗਦੇ ਉਪਕਾਰ ਨਗਰ ਦੇ ਰਹਿਣ ਵਾਲੇ ਮਹਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਪ੍ਰੈਲ 2019 ਨੂੰ ਬੱਸ ਸਟੈਂਡ ਸਥਿਤ ਵੀਜ਼ਾ ਕੰਸਲਟੈਂਸੀ ਫਰਮ 'ਚ ਉਜਵਲਦੀਪ ਸਿੰਘ ਤੇ ਉਸ ਦੀ ਮਾਂ ਸਬਰੀਨਾ ਮਾਹੀ ਨਾਲ ਮਿਲ ਕੇ ਇਟਲੀ ਜਾਣ ਦੀ ਸਲਾਹ ਲਈ ਸੀ। ਇਸ ਮੀਟਿੰਗ ਦੌਰਾਨ ਸਬਰੀਨਾ ਮਾਹੀ ਤੇ ਉਜਵਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਇਟਲੀ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਕਾਫੀ ਲੋਕ ਜਾਣਕਾਰ ਹਨ ਤੇ ਉਨ੍ਹਾਂ ਰਾਹੀਂ ਹੀ ਉਹ ਸੈਂਕੜੇ ਲੋਕਾਂ ਨੂੰ ਵਿਦੇਸ਼ ਭੇਜ ਚੁੱਕੇ ਹਨ। ਇਸ ਲਈ ਜੇਕਰ ਉਹ ਉਨ੍ਹਾਂ ਨੂੰ 5 ਲੱਖ ਰੁਪਏ ਦੇਣਗੇ ਤਾਂ ਉਸ ਨੂੰ ਵੀ ਇਟਲੀ ਭੇਜ ਦੇਣਗੇ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਵੀਜ਼ਾ ਬਿਨੈਕਾਰ ਕੇਂਦਰਾਂ 'ਚ ਸੇਵਾਵਾਂ ਸ਼ੁਰੂ

ਉਨ੍ਹਾਂ ਕਿਹਾ ਕਿ ਉਸ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਦੇ ਸਟੱਡੀ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਤਿਆਰ ਕਰਵਾ ਲੈਣਗੇ। ਇਸ ਲਈ ਪਹਿਲਾਂ ਉਨ੍ਹਾਂ ਨੂੰ 2 ਲੱਖ ਰੁਪਏ ਐਡਵਾਂਸ ਦੇਣਾ ਹੋਵੇਗਾ ਅਤੇ ਬਾਕੀ ਪੇਮੈਂਟ ਬਾਅਦ ਵਿਚ ਦੇ ਸਕਦੇ ਹਨ। ਮਾਂ-ਬੇਟੇ ਦੇ ਝਾਂਸੇ ਵਿਚ ਆ ਕੇ ਜੂਨ 2019 ਨੂੰ ਉਸ ਨੇ ਸਬਰੀਨਾ ਤੇ ਉਸ ਦੇ ਬੇਟੇ ਨੂੰ 2 ਲੱਖ ਰੁਪਏ ਉਸ ਦੇ ਮੋਤਾ ਸਿੰਘ ਨਗਰ ਦੇ ਮਕਾਨ ਨੰਬਰ 380 ਵਿਚ ਜਾ ਕੇ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਮਾਂ-ਬੇਟੇ ਨੇ ਕਿਹਾ ਕਿ ਉਹ ਉਸ ਨੂੰ ਵਿਦੇਸ਼ ਭੇਜਣ ਦਾ ਕੰਮ 1-2 ਦਿਨਾਂ ਵਿਚ ਸ਼ੁਰੂ ਕਰ ਦੇਣਗੇ।

ਇਹ ਵੀ ਪੜ੍ਹੋ : ਪੰਜਾਬ ਵੱਲੋਂ ਕਣਕ ਦੀ ਖਰੀਦ ਦੇ ਮਿੱਥੇ 130 ਲੱਖ ਮੀਟ੍ਰਿਕ ਟਨ ਦੇ ਟੀਚੇ 'ਚੋਂ 50 ਫ਼ੀਸਦੀ ਖਰੀਦ ਕਾਰਜ ਮੁਕੰਮਲ

ਪੀੜਤ ਪ੍ਰਤਾਪ ਸਿੰਘ ਨੇ ਕਿਹਾ ਕਿ ਕੁਝ ਮਹੀਨੇ ਬੀਤਣ ਤੋਂ ਬਾਅਦ ਉਨ੍ਹਾਂ ਨੇ ਅਚਾਨਕ ਦੁਬਾਰਾ 2 ਲੱਖ ਰੁਪਏ ਮੰਗੇ ਅਤੇ ਕਿਹਾ ਕਿ ਇਹ ਰਾਸ਼ੀ ਉਨ੍ਹਾਂ ਨੂੰ 2 ਦਿਨਾਂ 'ਚ ਚਾਹੀਦੀ ਹੈ, ਨਹੀਂ ਤਾਂ ਉਹ ਵਿਦੇਸ਼ ਨਹੀਂ ਜਾ ਸਕੇਗਾ। ਮਹਿੰਦਰ ਨੇ ਕਿਹਾ ਕਿ ਉਹ ਇੰਨੀ ਵੱਡੀ ਰਾਸ਼ੀ ਇੰਨੇ ਘੱਟ ਸਮੇਂ ਵਿਚ ਨਹੀਂ ਦੇ ਸਕਦਾ ਤਾਂ ਜਵਾਬ ਵਿਚ ਉਜਵਲਦੀਪ ਬੋਲਿਆ ਕਿ ਫਿਰ ਉਹ ਉਸ ਨੂੰ ਵਿਦੇਸ਼ ਨਹੀਂ ਭੇਜ ਸਕਦੇ। ਇਸ 'ਤੇ ਕਿਸੇ ਤਰ੍ਹਾਂ ਦੋਸਤ ਤੋਂ ਪੈਸੇ ਉਧਾਰ ਲੈ ਕੇ 2 ਲੱਖ ਰੁਪਏ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਦਿੱਤੇ ਅਤੇ ਕਿਹਾ ਕਿ ਉਸ ਦਾ ਵੀਜ਼ਾ ਜਲਦ ਤੋਂ ਜਲਦ ਲਗਵਾਇਆ ਜਾਵੇ। ਜਦੋਂ ਕੁਝ ਦਿਨਾਂ ਬਾਅਦ ਕੋਈ ਜਵਾਬ ਨਹੀਂ ਆਇਆ ਤਾਂ ਉਸ ਨੇ ਸਬਰੀਨਾ ਤੋਂ ਪੁੱਛਿਆ ਕਿ ਉਸ ਦਾ ਵੀਜ਼ਾ ਕਦੋਂ ਤੱਕ ਆਵੇਗਾ ਤਾਂ ਸਬਰੀਨਾ ਤੇ ਉਸ ਦਾ ਬੇਟਾ ਉਸ ਨੂੰ ਕਾਫੀ ਦਿਨਾਂ ਤੱਕ ਟਾਲਦੇ ਰਹੇ ਅਤੇ ਆਖਿਰ 'ਚ ਕਿਹਾ ਕਿ ਉਨ੍ਹਾਂ ਦਾ ਇਟਲੀ ਰਹਿੰਦਾ ਏਜੰਟ ਪੈਸੇ ਲੈ ਕੇ ਭੱਜ ਗਿਆ ਹੈ।

ਇਹ ਵੀ ਪੜ੍ਹੋ : ਰਾਜੋਆਣਾ ਦੀ ਰਿਹਾਈ ਦਾ ਵਿਰੋਧ ਕਰਨ ਵਾਲੇ ਰਵਨੀਤ ਬਿੱਟੂ ਦੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਨਿਖੇਧੀ

ਮਹਿੰਦਰ ਨੇ ਕਿਹਾ ਕਿ ਜਦੋਂ ਉਸ ਨੇ ਆਪਣੇ ਪੈਸੇ ਮੰਗੇ ਤਾਂ ਮਾਂ-ਬੇਟੇ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧੀ ਜਦੋਂ ਸ਼ਿਕਾਇਤ ਦਿੱਤੀ ਗਈ ਤਾਂ ਮਾਂ-ਬੇਟੇ ਵੱਲੋਂ ਪੈਸੇ ਨਾ ਲਏ ਜਾਣ ਸਬੰਧੀ ਗੱਲ ਵੀ ਕਹੀ ਗਈ। ਮਾਮਲੇ ਨੂੰ ਲੈ ਕੇ ਐੱਸ. ਐੱਚ. ਓ. ਜਤਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਮਾਂ-ਬੇਟੇ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਲਦ ਹੀ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਘਰ ਅੱਗੇ ਤੂੜੀ ਸੁੱਟਣ ਤੋਂ ਹੋਏ ਝਗੜੇ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Anuradha

Content Editor

Related News