ਬੁੱਧਕੀ ਨਦੀ ਟੁੱਟਣ ਕਾਰਨ ਬਰਬਾਦ ਹੋਏ ਪਿੰਡਾਂ ਦੀ ਸਾਰ ਲੈਣ ਪਹੁੰਚੇ ਹਰਪਾਲ ਚੀਮਾ

08/24/2019 1:14:30 AM

ਰੂਪਨਗਰ,(ਸੱਜਨ ਸੈਣੀ): ਸ਼ਹਿਰ ਨੇੜੇ ਪੈਂਦੇ ਪਿੰਡ ਖੈਰਾਬਾਦ ਕੋਲੋਂ ਬੁੱਧਕੀ ਨਦੀ ਦਾ ਬੰਨ ਟੁੱਟਣ ਕਾਰਨ ਪਿੰਡ ਛੋਟਾ ਫੂਲ, ਵੱਡਾ ਫੂਲ ਤੇ ਗੁਰਦਾਸਪੁਰਾ ਬੁਰੀ ਤਰ੍ਹਾਂ ਤਬਾਅ ਹੋ ਚੁੱਕੇ ਹਨ। ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਵਾਸਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਆਪਣੀ ਟੀਮ ਸਮੇਤ ਇਹਨਾਂ ਪਿੰਡਾਂ ਵਿੱਚ ਪਹੁੰਚੇ। ਚੀਮਾ ਨੇ ਕਿਹਾ ਕਿ ਹੁਣ ਭਾਵੇਂ ਸਮੇਂ ਦੀ ਮੰਗ ਤਾਂ ਇਹੀ ਹੈ ਕਿ ਪੀੜਿਤ ਪਰਿਵਾਰਾਂ ਦੀ ਹਰ ਪੱਖੋਂ ਮੱਦਦ ਕੀਤੀ ਜਾਵੇ ਪਰ ਜਿਨ੍ਹਾਂ ਕਾਰਨਾਂ ਕਰਕੇ ਇਹ ਅਣਸੁਖਾਵਾਂ ਭਾਣਾ ਵਾਪਰਿਆ ਹੈ, ਉਸ ਨੂੰ ਘੋਖਣਾ ਵੀ ਜ਼ਰੂਰੀ ਹੈ। ਚੀਮਾ ਨੇ ਕਿਹਾ ਕਿ ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਬੁੱਧਕੀ ਨਦੀ 'ਚ ਹਿਮਾਚਲ ਦੀਆਂ ਪਹਾੜੀਆਂ ਵਿੱਚੋਂ ਬਰਸਾਤੀ ਪਾਣੀ ਆ ਕੇ ਸਤਲੁਜ ਦਰਿਆ 'ਚ ਮਿਲ ਜਾਂਦਾ ਹੈ। ਇਹ ਨਦੀ ਲਗਭਗ 500 ਮੀਟਰ ਚੌੜੀ ਹੈ, ਜਿਸ ਦੀ ਪਿਛਲੇ 25 ਸਾਲ ਤੋਂ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਨਦੀ ਦੇ 'ਚ ਸੈਂਕੜੇ ਦਰੱਖਤ ਉੱਗ ਕੇ ਜੰਗਲ ਦਾ ਰੂਪ ਧਾਰ ਚੁੱਕੇ ਹਨ। ਇਹ ਪਾਣੀ ਦੇ ਵਹਾਅ ਨੂੰ ਰੋਕਣ ਦਾ ਕੰਮ ਕਰਦਾ ਹੈ।

ਇਸੇ ਹੀ ਕਾਰਣ ਨਦੀ ਦਾ ਤੇਜ਼ ਵਹਾਅ ਪਾਣੀ ਆਪਣੇ ਕੰਢਿਆਂ ਦੇ ਕਮਜ਼ੋਰ ਹਿੱਸੇ ਨੂੰ ਤੋੜ ਕੇ ਖੈਰਾਬਾਦ ਤੋਂ ਪਿੰਡ ਫੂਲ, ਗੁਰਦਾਸਪੁਰਾ ਨੂੰ ਤਬਾਅ ਕਰਦਾ ਹੋਇਆ ਸਤਲੁਜ ਦਰਿਆ 'ਚ ਜਾ ਮਿਲਆ। ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਰੂਪਨਗਰ ਸ਼ਹਿਰ ਤੇ ਨਾਲ ਲੱਗਦੇ ਸਾਰੇ ਪਿੰਡਾਂ 'ਚ ਹੋ ਰਹੀ ਉਸਾਰੀ 'ਚ ਮਕਾਨਾਂ ਨੂੰ ਉੱਚਾ ਕਰਨ ਲਈ ਵਰਤੀ ਜਾਂਦੀ ਮਿੱਟੀ (ਭਰਤ) ਇਸੇ ਨਦੀ 'ਚੋਂ ਲਈ ਜਾਂਦੀ ਸੀ। ਜਿਸ ਨਾਲ ਨਦੀ ਦੇ ਪਾਣੀ ਦਾ ਵਹਾਅ ਠੀਕ ਬਣਿਆ ਰਹਿੰਦਾ ਸੀ, ਜਿਸ 'ਤੇ ਕੁਝ ਸਾਲਾਂ ਤੋਂ ਮਾਈਨਿੰਗ ਮਹਿਕਮੇ ਵਲੋਂ ਰੋਕ ਲਗਾ ਦਿੱਤੀ ਗਈ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਸਾਰੀਆਂ ਤਾਂ ਹੁਣ ਪਹਿਲਾਂ ਨਾਲੋਂ ਵੀ ਕਈ ਗੁਣਾਂ ਜ਼ਿਆਦਾ ਹੁੰਦੀਆਂ ਹਨ ਤੇ ਉਨ੍ਹਾਂ ਵਿੱਚ ਭਰਤ ਵੀ ਪੈਂਦਾ ਹੈ ਪਰ ਇਹ ਭਰਤ ਨਜਾਇਜ਼ ਮਾਈਨਿੰਗ ਮਾਫੀਏ ਦੇ ਖਜ਼ਾਨੇ ਭਰ ਕੇ ਪਾਇਆ ਜਾਂਦਾ ਹੈ। ਹਰਪਾਲ ਸਿੰਘ ਚੀਮਾ ਨੇ ਸਰਕਾਰ ਨੂੰ ਕਿਹਾ ਕਿ ਉਹ ਮਾਈਨਿੰਗ ਮਹਿਕਮੇ ਨੂੰ ਉਚਿਤ ਨਿਰਦੇਸ਼ ਦੇਵੇ ਕਿ ਮਨਜ਼ੂਰਸ਼ੁਦਾ ਪੈਮਾਨੇ ਮੁਤਾਬਿਕ ਲੋੜਵੰਦ ਲੋਕਾਂ ਨੂੰ ਇਸ ਨਦੀ ਵਿੱਚੋਂ ਮਿੱਟੀ ਤੇ ਰੇਤਾ ਚੁੱਕਣ ਦੀ ਖੁੱਲ੍ਹ ਦੇਵੇ ਤਾਂ ਜੋ ਅਜਿਹੇ ਅਣਸੁਖਾਵੇਂ ਹਾਦਸੇ ਦੁਬਾਰਾ ਨਾ ਹੋ ਸਕਣ। ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਆਦੇਸ਼ ਦਿੱਤਾ ਕਿ ਘਰ^ਘਰ ਜਾ ਕੇ ਲੋਕਾਂ ਦੇ ਹੋਏ ਨੁਕਸਾਨ ਦੇ ਮੁਕੰਮਲ ਵੇਰਵੇ ਇੱਕਠੇ ਕਰਨ ਤਾਂ ਜੋ ਸਾਰਿਆਂ ਨੂੰ ਸੌ ਫੀਸਦੀ ਮੁਆਵਜ਼ਾ ਦਿਵਾਇਆ ਜਾ ਸਕੇ।
 


Related News