ਸੀਨ ਨਦੀ ਦੀ ਬਜਾਏ ਸਟੇਡੀਅਮ ’ਚ ਹੋ ਸਕਦੈ ਓਲੰਪਿਕ ਉਦਘਾਟਨੀ ਸਮਾਰੋਹ
Tuesday, Apr 16, 2024 - 10:28 AM (IST)
ਪੈਰਿਸ– ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕ੍ਰੋ ਨੇ ਸੋਮਵਾਰ ਨੂੰ ਕਿਹਾ ਕਿ ਯੋਜਨਾ ਦੇ ਅਨੁਸਾਰ ਸੀਨ ਨਦੀ ’ਤੇ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਨੂੰ ਸੁਰੱਖਿਆ ਕਾਰਨਾਂ ਤੋਂ ਰਾਸ਼ਟਰੀ ਸਟੇਡੀਅਮ ‘ਸਟੇਡ ਡੀ ਫਰਾਂਸ’ ਵਿਚ ਕਰਵਾਇਆ ਜਾ ਸਕਦਾ ਹੈ। ਪੈਰਿਸ ਓਲੰਪਿਕ ਤੇ ਪੈਰਾਲੰਪਿਕ ਤੋਂ ਪਹਿਲਾਂ ਫਰਾਂਸ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ ਕਿਉਂਕਿ ਇਸ ਦੌਰਾਨ ਲੱਖਾਂ ਦਰਸ਼ਕਾਂ ਦੇ ਦੇਸ਼ ਵਿਚ ਪਹੁੰਚਣ ਦੀ ਉਮੀਦ ਹੈ।
ਉਦਘਾਟਨੀ ਸਮਾਰੋਹ ਵਿਚ ਤਕਰੀਬਨ 10,500 ਖਿਡਾਰੀਆਂ ਨੂੰ ਕਿਸ਼ਤੀਆਂ ਵਿਚ ਬਿਠਾ ਕੇ ਸੀਨ ਨਦੀ ’ਤੇ 6 ਕਿਲੋਮੀਟਰ (3.7 ਮੀਲ) ਦੂਰ ਤਕ ਪਰੇਡ ਕਰਵਾਈ ਜਾਵੇਗੀ ਤੇ ਦਰਸ਼ਕ ਕੰਡਿਆਂ ’ਤੇ ਬੈਠ ਕੇ ਉਨ੍ਹਾਂ ਨੂੰ ਦੇਖਣਗੇ ਪਰ 26 ਜੁਲਾਈ ਨੂੰ ਹੋਣ ਵਾਲੇ ਇਸ ਸਮਾਰੋਹ ਲਈ ਸੁਰੱਖਿਆ ਦੇ ਕਈ ਪੱਧਰਾਂ ਦੀ ਲੋੜ ਪਵੇਗੀ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਸਟੇਡੀਅਮ ਦੇ ਬਾਹਰ ਹੋਣ ਵਾਲਾ ਇਹ ਪਹਿਲਾ ਓਲੰਪਿਕ ਉਦਘਾਟਨੀ ਸਮਾਰੋਹ ਹੋਵੇਗਾ।
ਫਰਾਂਸ ਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੈਂਕ੍ਰੋ ਨੇ ਕਿਹਾ, ‘‘ਜੇਕਰ ਸਾਨੂੰ ਲੱਗਦਾ ਹੈ ਕਿ ਜ਼ੋਖ਼ਿਮ ਹੋਵੇਗਾ ਤਾਂ ਸਾਡੇ ਸੁਰੱਖਿਆ ਮਾਹਿਰਾਂ ਦੇ ਮੁਲਾਂਕਣ ’ਤੇ ਨਿਰਭਰ ਕਰੇਗਾ ਤਾਂ ਸਾਡੇ ਕੋਲ ‘ਬੀ’ ਤੇ ‘ਸੀ’ ਯੋਜਨਾ ਹੈ।’’ ਸੁਰੱਖਿਆ ਜ਼ੋਖ਼ਿਮ ਨੂੰ ਘੱਟ ਕਰਨ ਲਈ ਮੈਕ੍ਰੋ ਨੇ ਕਿਹਾ ਕਿ ਆਯੋਜਕ ਸੀਨ ਨਦੀ ’ਤੇ ਪਰੇਡ ਦੇ ਪ੍ਰੋਗਰਾਮ ਨੂੰ ਛੋਟਾ ਕਰਨ ਦਾ ਫੈਸਲਾ ਕਰ ਸਕਦੇ ਹਨ ਤੇ ਇੱਥੋਂ ਤਕ ਕਿ ਸਮਾਰੋਹ ਨੂੰ ਰਾਸ਼ਟਰੀ ਸਟੇਡੀਅਮ ‘ਸਟੇਡ ਡੀ ਫਰਾਂਸ’ ਵਿਚ ਕਰਵਾਇ ਜਾ ਸਕਦਾ ਹੈ।