ਰਾਜਵਾਹੇ ਦਾ ਪੁੱਲ ਟੁੱਟਣ ਕਾਰਨ ਕਣਕ ਦੀ ਭਰੀ ਟਰਾਲੀ ਪਲਟੀ, ਮਜ਼ਦੂਰ ਜ਼ਖਮੀ
Wednesday, Apr 17, 2024 - 03:53 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪਿੰਡ ਸੇਖਾ ਵਿਖੇ ਢਾਬ ਵਾਲਾ ਪੁਲ ਟੁੱਟਣ ਕਾਰਨ ਕਣਕ ਦੀ ਭਰੀ ਟਰਾਲੀ ਪਲਟ ਗਈ, ਜਿਸ ਕਾਰਨ ਟਰਾਲੀ ’ਚ ਬੈਠਾ ਮਜ਼ਦੂਰ ਰਜਬਾਹੇ ’ਚ ਡਿੱਗਣ ਕਾਰਨ ਜ਼ਖਮੀ ਹੋ ਗਿਆ। ਇਸ ਦੇ ਰੋਸ ਵਜੋਂ ਕਿਸਾਨਾਂ ਨੇ ਰਜਬਾਹੇ 'ਤੇ ਘਟੀਆ ਕੁਆਲਿਟੀ ਦੀਆਂ ਸਲੈਬਾਂ ਰੱਖਣ ਵਾਲੇ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ ਰਹਿਲ, ਸੇਖਾ ਇਕਾਈ ਦੇ ਮੀਤ ਪ੍ਰਧਾਨ ਕਾਬਲ ਸਿੰਘ ਮਾਨ ਅਤੇ ਬੀ.ਕੇ.ਯੂ. ਏਕਤਾ ਉਗਰਾਹਾਂ ਸੇਖਾ ਇਕਾਈ ਦੇ ਪ੍ਰਧਾਨ ਬਲਦੇਵ ਸਿੰਘ ਤੇ ਜੱਗਾ ਸਿੰਘ ਮਾਨ ਸੇਖਾ ਨੇ ਦੱਸਿਆ ਕਿ ਹੰਡਿਆਇਆ ਮਾਈਨਰ ਦਾ ਪਿੰਡ ਸੇਖਾ ਵਿਖੇ ਢਾਬ ਵਾਲਾ ਪੁਲ ਨਜ਼ਦੀਕ ਇਕ ਠੇਕੇਦਾਰ ਵੱਲੋਂ ਮਿੰਨੀ ਰਜਬਾਹਾ ਬਣਾਉਣ ਦੇ ਲਈ ਰੇਤਾ-ਬੱਜਰੀ ਅਤੇ ਹੋਰ ਸਮਾਨ ਰੱਖਿਆ ਗਿਆ ਸੀ।
ਜਿਸ ਵੱਲੋਂ ਇਸ ਪੁਲ ਉਪਰੋਂ ਉਕਤ ਸਾਮਾਨ ਦੀ ਢੋਆ-ਢੁਆਈ ਲਈ ਭਾਰੀ ਵ੍ਹੀਕਲ ਲੰਘਾਏ ਜਾ ਰਹੇ ਸਨ, ਜਿਸ ਕਾਰਨ ਪਹਿਲਾਂ ਤੋਂ ਬਣਿਆ ਪੁਲ ਟੁੱਟ ਗਿਆ ਸੀ। ਜਿਸ ਤੋਂ ਬਾਅਦ ਠੇਕੇਦਾਰ ਵੱਲੋਂ ਖਾਨਾਪੂਰਤੀ ਕਰਦੇ ਹੋਏ ਟੁੱਟੇ ਪੁਲ ’ਤੇ ਨਵੀਆਂ ਪਰ ਹਲਕੀ ਕੁਆਲਿਟੀ ਦੀਆਂ ਸੀਮੈਂਟ ਵਾਲੀਆਂ ਸੈਲਫਾ ਰੱਖ ਦਿੱਤੀਆਂ ਸਨ ਪਰ ਅੱਜ ਸਵੇਰੇ ਹੀ ਜਦੋਂ ਇੱਥੋਂ ਕਿਸਾਨ ਹਰਬੰਸ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਸੇਖਾ ਆਪਣੇ ਖੇਤ ’ਚੋਂ ਵਾਢੀ ਕਰ ਕੇ ਕਣਕ ਦੀ ਭਰੀ ਟਰਾਲੀ ਬਰਨਾਲਾ ਮੰਡੀ ਵਿਖੇ ਲੈ ਕੇ ਆ ਰਿਹਾ ਸੀ। ਜਦ ਉਹ ਢਾਬ ਵਾਲੇ ਪੁਲ 'ਤੇ ਪਹੁੰਚਿਆ ਤਾਂ ਠੇਕੇਦਾਰ ਵੱਲੋਂ ਨਵਾਂ ਬਣਾਇਆ ਪੁਲ ਟੁੱਟ ਗਿਆ, ਜਿਸ ਕਾਰਨ ਟਰਾਲੀ ਇਕ ਪਾਸੇ ਪਲਟ ਗਈ ਅਤੇ ਟਰਾਲੀ ’ਚ ਕਣਕ ਤੇ ਬੈਠਾ ਮਜ਼ਦੂਰ ਨਿਰਮਲ ਸਿੰਘ ਉਰਫ਼ ਠੰਢੂ ਰਜਬਾਹੇ ’ਚ ਡਿੱਗ ਜਾਣ ਕਾਰ ਕੇ ਜ਼ਖਮੀ ਹੋ ਗਿਆ ਅਤੇ ਟਰਾਲੀ ’ਚੋਂ ਕਣਕ ਰਜਬਾਹੇ ’ਚ ਢੇਰੀ ਹੋ ਗਈਸ ਜੋ ਪਾਣੀ ’ਚ ਭਿੱਜ ਗਈ।
ਉਨ੍ਹਾਂ ਮੰਗ ਕੀਤੀ ਕਿ ਲਾਪਰਵਾਹੀ ਕਰਨ ਵਾਲੇ ਠੇਕੇਦਾਰ ਖ਼ਿਲਾਫ਼ ਸਖ਼ਤ ਕਰ ਕੇ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਾਢੀ ਦੇ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਟੁੱਟੇ ਹੋਏ ਪੁਲ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ ਅਤੇ ਜੇਕਰ ਇਸ ਪ੍ਰਤੀ ਅਧਿਕਾਰੀਆਂ ਨੇ ਕੋਈ ਧਿਆਨ ਨਾ ਦਿੱਤਾ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਦਾਸ ਮਹੰਤ, ਕੁਲਵਿੰਦਰ ਸਿੰਘ ਖਰਾਂ, ਕੁਲਵੰਤ ਰਾਮ ਨੰਬਰਦਾਰ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।