ਜੰਮੂ-ਕਸ਼ਮੀਰ ''ਚ ਵੱਡਾ ਹਾਦਸਾ; ਸਿੰਧ ਨਦੀ ''ਚ ਡਿੱਗੀ ਯਾਤਰੀਆਂ ਨਾਲ ਭਰੀ ਕੈਬ, 4 ਦੀ ਮੌਤ

04/29/2024 11:50:38 AM

ਸ਼੍ਰੀਨਗਰ- ਜੰਮੂ-ਕਸ਼ਮੀਰ ’ਚ ਐਤਵਾਰ ਦੀ ਸ਼ਾਮ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਯਾਤਰੀਆਂ ਨਾਲ ਭਰੀ ਕੈਬ ਨਾਲਾ ਸਿੰਧ ਨਦੀ 'ਚ ਡਿੱਗ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਲਾਪਤਾ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸੋਨਮਰਗ ਇਲਾਕੇ ’ਚ 9 ਲੋਕਾਂ ਨੂੰ ਲੈ ਕੇ ਰਹੀ ਕੈਬ ਸੜਕ ਤੋਂ ਫਿਸਲ ਕੇ ਸਿੰਧ ਨਦੀ ’ਚ ਡਿੱਗ ਗਈ ਅਤੇ ਪਾਣੀ ਦੇ ਤੇਜ਼ ਵਹਾਅ ’ਚ ਆ ਕੇ ਵਹਿ ਗਈ। ਉਨ੍ਹਾਂ ਕਿਹਾ ਕਿ NDRF, SDRF ਅਤੇ ਪੁਲਸ ਨੇ ਬਚਾਅ ਮੁਹਿੰਮ ਚਲਾਈ।

ਅਧਿਕਾਰੀ ਨੇ ਕਿਹਾ ਕਿ ਤਿੰਨ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਨੇੜਲੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 4 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਬਾਕੀ 2 ਲੋਕਾਂ ਦੀ ਭਾਲ ਜਾਰੀ ਹੈ। ਜਾਣਕਾਰੀ ਮੁਤਾਬਕ ਇਹ ਪੂਰਾ ਮਾਮਲਾ ਜੰਮੂ-ਕਸ਼ਮੀਰ ਦੇ ਸੋਨਮਰਗ ਦਾ ਹੈ। ਇੱਥੇ ਗਗਨਗਿਰ ਇਲਾਕੇ ਵਿਚ ਸ਼੍ਰੀਨਗਰ-ਲੇਹ ਹਾਈਵੇਅ 'ਤੇ ਇਕ ਕੈਬ ਸਿੰਧ ਨਦੀ ਵਿਚ ਪਲਟ ਗਈ। ਕੈਬ ਵਿਚ 9 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਹੀ ਮੌਕੇ 'ਤੇ ਰੈਸਕਿਊ ਟੀਮਾਂ ਭੇਜੀਆਂ। 

 

ਰੈਸਕਿਊ ਆਪ੍ਰੇਸ਼ਨ ਲਈ ਮੌਕੇ 'ਤੇ ਪੁਲਸ ਦੀ ਟੀਮ, ਆਸਾਮ ਰਾਈਫਲਜ਼ ਦੇ ਜਵਾਨ, ਸਥਾਨਕ ਪ੍ਰਸ਼ਾਸਨਿਕ ਅਧਿਕਾਰੀ, NDRF, SDRF ਪਹੁੰਚੇ। ਇਨ੍ਹਾਂ ਤੋਂ ਇਲਾਵਾ ਕੁਝ ਸਥਾਨਕ ਲੋਕ ਵੀ ਰੈਸਕਿਊ ਆਪ੍ਰੇਸ਼ਨ ਵਿਚ ਸ਼ਾਮਲ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਕੈਬ ਜਿਸ ਸਮੇਂ ਨਦੀ ਵਿਚ ਪਲਟੀ, ਉਸ ਸਮੇਂ ਗੱਡੀ ਵਿਚ 9 ਲੋਕ ਸਵਾਰ ਸਨ। ਫ਼ਿਲਹਾਲ 2 ਲੋਕਾਂ ਦਾ ਪਤਾ ਨਹੀਂ ਲਾਇਆ ਜਾ ਸਕਿਆ ਹੈ। ਜਿਸ ਥਾਂ 'ਤੇ ਗੱਡੀ ਪਲਟੀ ਹੈ, ਉੱਥੇ ਦਰਿਆ ਦਾ ਵਹਾਅ ਕਾਫੀ ਤੇਜ਼ ਹੈ, ਅਜਿਹੇ ਵਿਚ ਰੈਸਕਿਊ ਟੀਮਾਂ ਨੂੰ ਵੀ ਲੋਕਾਂ ਨੂੰ ਬਾਹਰ ਕੱਢਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ।


Tanu

Content Editor

Related News