ਧਾਰਮਕ ਯਾਤਰਾ ਦੇ ਨਾਮ ''ਤੇ ਵਿਅਕਤੀ ਤੋਂ 1.50 ਲੱਖ ਠੱਗੇ

02/22/2020 2:35:01 PM

ਨੰਗਲ (ਗੁਰਭਾਗ)— ਕੁਝ ਠੱਗਬਾਜ਼ ਧਾਰਮਕ ਸਥਾਨਾਂ ਦੇ ਦਰਸ਼ਨ ਕਰਨ ਨਾਲ ਮਿਲਣ ਵਾਲੇ ਪੁੰਨ ਦੇ ਨਾਂ 'ਤੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਰਹੇ ਹਨ। ਅਜਿਹਾ ਹੀ ਇਕ ਮਾਮਲਾ ਨੰਗਲ 'ਚ ਸਾਹਮਣੇ ਆਇਆ ਹੈ। ਜਿਸ 'ਚ ਕੈਲਾਸ਼ ਮਾਨਸਰੋਵਰ ਦੇ ਦਰਸ਼ਨ ਕਰਨ ਦੀ ਸ਼ਰਧਾ ਰੱਖਣ ਵਾਲੇ ਨੰਗਲ ਦੇ ਇਕ ਵਿਅਕਤੀ ਨਾਲ ਤਕਰੀਬਨ 1.50 ਲੱਖ ਰੁਪਏ (ਡੇਢ ਲੱਖ) ਦੀ ਠੱਗੀ ਵਜੀ।

ਠੱਗੀ ਦਾ ਸ਼ਿਕਾਰ ਹੋਏ ਰਜਨੀਸ਼ ਕੁਮਾਰ, ਵਾਸੀ ਤਲਵਾੜਾ ਨੰਗਲ ਨੇ ਦੱਸਿਆ ਕਿ ਉਹ ਪੰਜਾਬ ਹੋਮਗਾਰਡ ਵਿਚ ਨੌਕਰੀ ਕਰਦਾ ਹੈ। ਉਸਨੂੰ ਧਾਰਮਕ ਸਥਾਨਾਂ ਉੱਤੇ ਜਾਣ ਦਾ ਸ਼ੌਕ ਹੈ। ਰਜਨੀਸ਼ ਨੇ ਦੱਸਿਆ ਕਿ 2019 'ਚ ਉਸ ਨੇ ਮਨ ਬਣਾਇਆ ਕਿ ਉਹ ਕੈਲਾਸ਼ ਮਾਨਸਰੋਵਰ ਦੇ ਦਰਸ਼ਨ ਕਰਕੇ ਆਏ। ਕੈਲਾਸ਼ ਮਾਨਸਰੋਵਰ ਚੀਨ 'ਚ ਹੋਣ ਦੇ ਕਾਰਨ ਇਸ ਯਾਤਰਾ ਦੇ ਟਰੈਵਲ ਏਜੰਟ ਦੀ ਸਹਾਇਤਾ ਲੈਣੀ ਪੈਂਦੀ ਹੈ। ਮੈਂ ਇੰਟਰਨੈੱਟ ਰਾਹੀਂ ਸੁਸ਼ੀਲ ਸ਼ਾਹ ਉਰਫ ਸੁਸ਼ੀਲ ਬਿਕਰਮ ਨਾਮਕ ਇਕ ਏਜੰਟ ਨਾਲ ਸੰਪਰਕ ਕੀਤਾ। ਇਸ ਨੇ ਮੈਨੂੰ 1 ਲੱਖ 45 ਹਜ਼ਾਰ ਰੁਪਏ 'ਚ ਕਾਠਮਾਂਡੂ ਤੋਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰਾਉਣ ਦਾ ਪੈਕੇਜ ਦੱਸਿਆ। ਉਸ ਨੇ ਮੇਰੇ ਤੋਂ ਐਡਵਾਂਸ 15 ਹਜ਼ਾਰ ਰੁਪਏ ਮੰਗੇ, ਜੋ ਮੈਂ ਉਸਦੇ ਖਾਤੇ ਵਿਚ ਪਾ ਦਿੱਤੇ। ਫਿਰ ਇਸ ਨੂੰ ਪੂਰੀ ਪੇਮੈਂਟ ਕਰ ਦਿੱਤੀ। ਜਦੋਂ ਯਾਤਰਾ ਦੀ ਤਾਰੀਖ ਨਜ਼ਦੀਕ ਆਈ ਤਾਂ ਇਸ ਏਜੰਟ ਮੇਰਾ ਫੋਨ ਨਹੀਂ ਚੁੱਕਿਆ। ਜਿੱਥੇ ਇਸ ਦਾ ਪਹਿਲਾਂ ਦਫਤਰ ਸੀ ਇਸ ਨੇ ਉੱਥੇ ਤੋਂ ਆਪਣਾ ਦਫਤਰ ਵੀ ਬਦਲ ਲਿਆ ਸੀ। ਪੁਲਸ ਨੇ ਪੂਰੀ ਤਫਤੀਸ਼ ਕਰਨ ਤੋਂ ਬਾਅਦ ਹੁਣ ਮਾਮਲਾ ਦਰਜ ਕਰ ਦਿੱਤਾ ਹੈ।

ਕੀ ਕਹਿਣੈ ਪੁਲਸ ਮੁਲਾਜ਼ਮਾਂ ਦਾ
ਜਦੋਂ ਨੰਗਲ ਥਾਣਾ ਦੇ ਐੱਸ. ਆਈ. ਰਾਹੁਲ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਪੀੜਤ ਵਿਅਕਤੀ ਨੂੰ ਇਨਸਾਫ ਦਿਵਾਇਆ ਜਾਵੇਗਾ। ਥਾਣਾ ਮੁਖੀ ਪਵਨ ਚੌਧਰੀ ਦਾ ਕਹਿਣਾ ਹੈ ਕਿ ਜਦੋਂ ਲੋਕ ਇੰਟਰਨੈੱਟ ਵੱਲੋਂ ਏਜੰਟ ਅਤੇ ਕੰਪਨੀਆਂ ਦੀ ਜਾਣਕਾਰੀ ਕੱਢਦੇ ਹਨ ਤਾਂ ਉਹ ਇੰਟਰਨੈੱਟ ਦੀ ਪੂਰੀ ਜਾਣਕਾਰੀ ਉੱਤੇ ਨਿਰਭਰ ਨਾ ਰਹਿਣ, ਉਹ ਬਾਰੀਕੀ ਨਾਲ ਤਫਤੀਸ਼ ਕਰਨ ਕਿ ਇੰਟਰਨੈੱਟ ਉੱਤੇ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਠੀਕ ਹੈ ਜਾਂ ਨਹੀਂ।


shivani attri

Content Editor

Related News