ਖੁੱਲ੍ਹੇ ਆਸਮਾਨ ਹੇਠ ਭਿੱਜਿਆ ਕਿਸਾਨਾਂ ਦਾ ‘ਸੋਨਾ’, ਸਰਕਾਰ ਦੇ ਖਰੀਦ ਪ੍ਰਬੰਧਾਂ ਦੀ ਖੁੱਲ੍ਹੀ ਪੋਲ

04/23/2021 6:11:25 PM

 ਰੂਪਨਗਰ (ਸੱਜਣ ਸਿੰਘ ਸੈਣੀ)-ਕਿਸਾਨਾਂ ਵੱਲੋਂ ਛੇ ਮਹੀਨੇ ਖੂਨ-ਪਸੀਨੇ ਨਾਲ ਪੁੱਤਾਂ ਵਾਂਗ ਪਾਲ਼ੀ ਕਣਕ ਦੀ ਫਸਲ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਰੂਪਨਗਰ ਦੀ ਅਨਾਜ ਮੰਡੀ ’ਚ ਖੁੱਲ੍ਹੇ ਆਸਮਾਨ ਹੇਠ ਮੀਂਹ ’ਚ ਤਰ ਹੁੰਦੀ ਰਹੀ। ਹਾਲਾਂਕਿ ਆੜ੍ਹਤੀਆਂ ਵੱਲੋਂ ਆਪਣੇ ਤੌਰ ’ਤੇ ਤਰਪਾਲਾਂ ਪਾ ਕੇ ਕਣਕ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਟੀਆਂ ਤਰਪਾਲਾਂ ਮੀਂਹ ਦੇ ਪਾਣੀ ਤੋਂ ਕਣਕ ਨੂੰ ਬਚਾ ਨਹੀਂ ਸਕੀਆਂ।

PunjabKesari

ਕਣਕ ਦੀਆਂ ਜ਼ਿਆਦਾਤਰ ਖਰੀਦ ਏਜੰਸੀਆਂ ਵੱਲੋਂ ਲਿਫਟਿੰਗ ਨਾ ਕਰਨ ਕਰਕੇ ਮੰਡੀਆਂ ’ਚ ਕਣਕ ਨਾਲ ਭਰੀਆਂ ਬੋਰੀਆਂ ਮੀਂਹ ’ਚ ਭਿੱਜ ਗਈਆਂ। ਮੀਂਹ ਕਾਰਨ ਖਰਾਬ ਹੋਈ ਕਣਕ ਨੂੰ ਲੈ ਕੇ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਤ ਨੂੰ ਮੀਂਹ ਦੇ ਨਾਲ ਚੱਲੀ ਹਨੇਰੀ ਕਾਰਨ ਕਣਕ ਦੀਆਂ ਬੋਰੀਆਂ ’ਤੇ ਪਾਈਆਂ ਤਰਪਾਲਾਂ ਉੱਡ ਗਈਆਂ। ਸਰਕਾਰ ਵੱਲੋਂ ਲਿਫਟਿੰਗ ’ਚ ਕੀਤੀ ਜਾ ਰਹੀ ਦੇਰੀ ਕਾਰਨ ਵੀ ਕਣਕ ਜ਼ਿਆਦਾ ਮਾਤਰਾ ’ਚ ਖਰਾਬ ਹੋ ਗਈ ਹੈ।

PunjabKesari

ਮੰਡੀ ਇਕ ਕਿਸਾਨ ਨੇ ਖਰੀਦ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਮੰਡੀਆਂ ’ਚ ਕਣਕ ਦੇ ਖਰੀਦ ਪ੍ਰਬੰਧ ਬਹੁਤ ਵਧੀਆ ਹਨ ਪਰ ਇਹ ਹਕੀਕਤ ’ਚ ਬਹੁਤ ਮਾੜੇ ਹਨ, ਜਿਸ ਦਾ ਖਮਿਆਜ਼ਾ ਲਿਫਟਿੰਗ ਨਾ ਹੋਣ ਕਾਰਨ ਮੀਂਹ ’ਚ ਭਿੱਜੀ ਕਣਕ ਦੇ ਰੂਪ ’ਚ ਅੱਜ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।

PunjabKesari

ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਇਹ ਨਿਯਮ ਤੈਅ ਕੀਤਾ ਗਿਆ ਹੈ ਕਿ 12 ਫੀਸਦੀ ਨਮੀ ਤੋਂ ਜ਼ਿਆਦਾ ਕਣਕ ਕਿਸਾਨਾਂ ਵੱਲੋਂ ਨਹੀਂ ਵੇਚੀ ਜਾ ਸਕਦੀ ਤੇ ਜੇ ਕੋਈ ਕਿਸਾਨ ਇਸ ਤੋਂ ਵੱਧ ਨਮੀ ਵਾਲੀ ਕਣਕ ਮੰਡੀ ’ਚ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਵਾਪਸ ਭੇਜ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਪਰ ਜਿਸ ਤਰ੍ਹਾਂ ਖੁੱਲ੍ਹੇ ਆਸਮਾਨ ਹੇਠ ਸਰਕਾਰ ਵੱਲੋਂ ਖਰੀਦੀ ਕਰੋੜਾਂ ਰੁਪਏ ਦੀ ਕਣਕ ਪਾਣੀ ’ਚ ਤਰ ਹੋ ਗਈ ਹੈ, ਇਸ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੋਵੇਗਾ? ਕੀ ਇਸ ਦੀ ਨਮੀ ਦੇ ਕੋਈ ਮਾਪਦੰਡ ਤੈਅ ਕੀਤੇ ਜਾਣਗੇ? ਕੀ ਸਰਕਾਰ ਕੋਲ ਇਸ ਦਾ ਜਵਾਬ ਹੈ।


Manoj

Content Editor

Related News