ਨਵੀਂ ਖੁੱਲ੍ਹੀ ਦੁਕਾਨ ’ਚ ਚੋਰੀ ਦੇ ਮਾਮਲੇ ’ਚ ਇੰਸ਼ੋਰੈਂਸ ਕੰਪਨੀ ਨੂੰ ਹਰਜਾਨੇ ਸਣੇ 9.90 ਲੱਖ ਰੁਪਏ ਕਲੇਮ ਅਦਾ ਕਰਨ ਦੇ ਹੁਕਮ

Monday, May 06, 2024 - 11:19 AM (IST)

ਨਵੀਂ ਖੁੱਲ੍ਹੀ ਦੁਕਾਨ ’ਚ ਚੋਰੀ ਦੇ ਮਾਮਲੇ ’ਚ ਇੰਸ਼ੋਰੈਂਸ ਕੰਪਨੀ ਨੂੰ ਹਰਜਾਨੇ ਸਣੇ 9.90 ਲੱਖ ਰੁਪਏ ਕਲੇਮ ਅਦਾ ਕਰਨ ਦੇ ਹੁਕਮ

ਲੁਧਿਆਣਾ (ਮਹਿਰਾ) - ਜ਼ਿਲਾ ਖਪਤਕਾਰ ਫੋਰਮ ਲੁਧਿਆਣਾ ਦੇ ਪ੍ਰਧਾਨ ਸੰਜੀਵ ਬੱਤਰਾ ਅਤੇ ਮੈਂਬਰ ਮੋਨਿਕਾ ਭਗਤ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਬੀਮਾ ਕੰਪਨੀ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਸ਼ਿਕਾਇਤਕਰਤਾ ਦੀ ਦੁਕਾਨ ਤੋਂ ਚੋਰੀ ਹੋਏ ਮਾਲ ਦੀ ਮੁਆਵਜ਼ਾ ਰਕਮ 9 ਲੱਖ 70 ਹਜ਼ਾਰ ਰੁਪਏ 8 ਫੀਸਦੀ ਵਿਆਜ ਸਣੇ ਅਦਾ ਕਰਨ ਦਾ ਹੁਕਮ ਦਿੱਤਾ ਹੈ।

ਫੋਰਮ ਨੇ ਬੀਮਾ ਕੰਪਨੀ ਦੀਆਂ ਸੇਵਾਵਾਂ ’ਚ ਕਮੀ ਕਾਰਨ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਦਾ ਸਖਤ ਨੋਟਿਸ ਲੈਂਦੇ ਹੋਏ ਉਨ੍ਹਾਂ ਨੂੰ 20 ਹਜ਼ਾਰ ਰੁਪਏ ਹਰਜਾਨਾ ਵੀ ਅਦਾ ਕਰਨ ਦਾ ਹੁਕਮ ਦਿੱਤਾ।

ਕੀ ਹੈ ਮਾਮਲਾ

ਸ਼ਿਕਾਇਤਕਰਤਾ ਦੇ ਵਕੀਲ ਨਿਤਿਨ ਕਪਿਲਾ ਨੇ ਦੱਸਿਆ ਕਿ ਖਪਤਕਾਰ ਫੋਰਮ ਨੇ ਉਕਤ ਫੈਸਲਾ ਬਲੌਰ ਸਿੰਘ ਮਲਿਕ ਨਾਨਕ ਐਂਟਰਪ੍ਰਾਈਜ਼ਿਜ਼ ਰਾਏਕੋਟ ਲੁਧਿਆਣਾ ਵੱਲੋਂ ਦਾਇਰ ਕੀਤੀ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਸੁਣਾਇਆ। ਸ਼ਿਕਾਇਤਕਰਤਾ ਨੇ ਫੋਰਮ ਦੇ ਸਾਹਮਣੇ ਦਾਇਰ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਨ੍ਹਾਂ ਨੇ 5 ਮਈ 2018 ਨੂੰ ਮੋਂਟੇ ਕਾਰਲੋ ਕੰਪਨੀ ਤੋਂ ਫਰੈਂਚਾਇਜ਼ੀ ਲੈ ਕੇ ਰਾਏਕੋਟ ’ਚ ਆਪਣੇ ਕੱਪੜਿਆਂ ਦਾ ਸ਼ੋਅਰੂਮ ਖੋਲ੍ਹਿਆ ਸੀ ਅਤੇ ਇਸ ਸਬੰਧ ’ਚ ਉਨ੍ਹਾਂ ਨੇ ਉਕਤ ਬੀਮਾ ਕੰਪਨੀ ਤੋਂ 8 ਮਈ 2018 ਨੂੰ ਹੀ ਦੁਕਾਨ ’ਚ ਰੱਖੇ ਸਟਾਕ ਲਈ 50 ਲੱਖ ਰੁਪਏ ਦੀ ਬੀਮਾ ਪਾਲਿਸੀ ਵੀ ਲਈ ਸੀ। ਉਨ੍ਹਾਂ ਮੁਤਾਬਿਕ ਜਦੋਂ ਉਨ੍ਹਾਂ ਨੇ ਦੁਕਾਨ ਸ਼ੁਰੂ ਕੀਤੀ, ਉਦੋਂ ਉਨ੍ਹਾਂ ਕੋਲ ਕਰੀਬ 33 ਲੱਖ ਰੁਪਏ ਦਾ ਸਟਾਕ ਸੀ, ਜਿਸ ’ਚੋਂ 1 ਲੱਖ ਰੁਪਏ ਦਾ ਮਾਲ ਉਹ ਵੱਖ-ਵੱਖ ਗਾਹਕਾਂ ਨੂੰ ਵੇਚ ਚੁੱਕੇ ਸਨ।

ਉਨ੍ਹਾਂ ਮੁਤਾਬਿਕ ਦੁਕਾਨ ਖੋਲ੍ਹਣ ਦੇ ਇਕ ਮਹੀਨੇ ਬਾਅਦ ਹੀ 12 ਮਈ 2018 ਨੂੰ ਜਦੋਂ ਉਹ ਆਪਣੀ ਦੁਕਾਨ ਬੰਦ ਕਰ ਕੇ ਰਾਤ 9.15 ਵਜੇ ਘਰ ਚਲੇ ਗਏ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਅਤੇ ਉਨ੍ਹਾਂ ਦਾ ਤਾਲਾ ਟੁੱਟਾ ਹੋਇਆ ਹੈ। ਉਹ ਉਸੇ ਸਮੇਂ ਆਪਣੀ ਦੁਕਾਨ ’ਤੇ ਪਹੁੰਚੇ ਤਾਂ ਦੁਕਾਨ ’ਚ ਰੱਖੇ ਵਧੇਰੇ ਕੱਪੜੇ ਚੋਰੀ ਹੋ ਗਏ ਸਨ ਅਤੇ ਕੁਝ ਗੁੱਡਸ ਜੋ ਬਕਸਿਆਂ ’ਚ ਹੀ ਪਏ ਹੋਏ ਸਨ, ਉਨ੍ਹਾਂ ਨੂੰ ਵੀ ਚੋਰੀ ਕਰ ਲਿਆ ਗਿਆ ਸੀ। ਉਨ੍ਹਾਂ ਵਲੋਂ ਉਸੇ ਸਮੇਂ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ, ਜਿਨ੍ਹਾਂ ਨੇ 13 ਮਈ 2018 ’ਚ ਵੱਖ-ਵੱਖ ਧਾਰਾਵਾਂ ਤਹਿਤ ਚੋਰੀ ਦਾ ਮੁਕੱਦਮਾ ਵੀ ਦਰਜ ਕਰ ਲਿਆ। ਉਨ੍ਹਾਂ ਵੱਲੋਂ ਇਸ ਦੀ ਸੂਚਨਾ ਬਕਾਇਦਾ ਬੀਮਾ ਕੰਪਨੀ ਨੂੰ ਵੀ ਦਿੱਤੀ ਗਈ, ਜਿਨ੍ਹਾਂ ਨੇ ਦੁਕਾਨ ਦਾ ਮੁਆਇਨਾ ਕੀਤਾ ਅਤੇ ਮੰਗਣ ’ਤੇ ਸਾਰੇ ਦਸਤਾਵੇਜ਼ ਉਨ੍ਹਾਂ ਨੂੰ ਦੇ ਦਿੱਤੇ ਗਏ। ਚੋਰਾਂ ਦਾ ਪਤਾ ਨਾ ਲੱਗਣ ’ਤੇ 11 ਜੂਨ 2019 ਨੂੰ ਪੁਲਸ ਵੱਲੋਂ ਇੰਟ੍ਰੇਸਡ ਰਿਪੋਰਟ ਵੀ ਫਾਈਲ ਕਰ ਦਿੱਤੀ ਗਈ, ਜਿਸ ਨੂੰ ਬਕਾਇਦਾ ਕੋਰਟ ਵੱਲੋਂ ਵੀ ਮਨਜ਼ੂਰ ਕਰ ਲਿਆ ਗਿਆ ਪਰ ਬੀਮਾ ਕੰਪਨੀ ਵੱਲੋਂ ਉਨ੍ਹਾਂ ਨੂੰ 8 ਲੱਖ 16 ਹਜ਼ਾਰ 300 ਬਤੌਰ ਕਲੇਮ ਅਦਾ ਕਰ ਦਿੱਤੇ ਗਏ, ਜਦੋਂਕਿ ਉਨ੍ਹਾਂ ਵੱਲੋਂ ਚੋਰੀ ਕੀਤੀ ਕੁਲ ਰਕਮ ਦਾ ਕਲੇਮ 17 ਲੱਖ 86 ਹਜ਼ਾਰ 689 ਰੁਪਏ ਕੀਤਾ ਗਿਆ ਸੀ। ਬੀਮਾ ਕੰਪਨੀ ਨੇ ਆਪਣੇ ਹਿਸਾਬ ਨਾਲ ਹੀ ਨਾਜਾਇਜ਼ ਤੌਰ ’ਤੇ ਉਨ੍ਹਾਂ ਨੂੰ ਕਲੇਮ ਅਦਾ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਖਪਤਕਾਰ ਫੋਰਮ ਦਾ ਸਹਾਰਾ ਲਿਆ ਗਿਆ।

ਕੀ ਕਿਹਾ ਫੋਰਮ ਨੇ

ਉਥੇ ਬੀਮਾ ਕੰਪਨੀ ਨੇ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੀ ਦੁਕਾਨ ਤੋਂ ਉਨ੍ਹਾਂ ਦੇ ਸਰਵੇਅਰ ਵੱਲੋਂ ਅਸੈੱਸ ਕੀਤਾ ਗਿਆ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਸਰਵੇ ਰਿਪੋਰਟ ਦੇ ਹਿਸਾਬ ਨਾਲ ਕਲੇਮ ਅਦਾ ਕਰ ਦਿੱਤਾ। ਫੋਰਮ ’ਚ ਵਕੀਲ ਨਿਤਿਨ ਕਪਿਲਾ ਨੇ ਬਹਿਸ ਕਰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੀ ਦੁਕਾਨ ’ਚ ਆਏ ਹੋਏ ਮਾਲ ਦੇ ਸਾਰੇ ਬਿੱਲ ਦੇ ਹਿਸਾਬ ਨਾਲ ਉਨ੍ਹਾਂ ਦੀ ਦੁਕਾਨ ’ਚ ਮਾਲ ਚੋਰੀ ਹੋਇਆ ਸੀ, ਜਿਸ ਦੀ ਪੂਰੀ ਡਿਟੇਲ ਕੰਪਨੀ ਨੂੰ ਦੇ ਦਿੱਤੀ ਗਈ ਸੀ ਪਰ ਕੰਪਨੀ ਨੇ ਬਿਨਾਂ ਇਨ੍ਹਾਂ ਦੀ ਜਾਂਚ ਅਤੇ ਬਿਨਾਂ ਕਿਸੇ ਆਧਾਰ ’ਤੇ ਆਪਣੀ ਮਰਜ਼ੀ ਮੁਤਾਬਿਕ ਕਲੇਮ ਅਦਾ ਕਰ ਦਿੱਤਾ, ਜੋ ਗਲਤ ਸੀ।

ਫੋਰਮ ਨੇ ਦੋਵੇਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਆਪਣੇ ਦਿੱਤੇ ਫੈਸਲੇ ’ਚ ਠਹਿਰਾਇਆ ਕਿ ਸ਼ਿਕਾਇਤਕਰਤਾ ਵੱਲੋਂ ਆਪਣੇ ਦਾਅਵਿਆਂ ਨੂੰ ਲੈ ਕੇ ਫੋਰਮ ’ਚ ਸਫਲਤਾਪੂਰਵਕ ਸਾਰੇ ਦਸਤਾਵੇਜ਼ ਪੇਸ਼ ਕੀਤੇ ਗਏ ਹਨ ਅਤੇ ਬੀਮਾ ਕੰਪਨੀ ਵੱਲੋਂ ਬਿਨਾਂ ਕਿਸੇ ਆਧਾਰ ਦੇ ਆਪਣੀ ਮਰਜ਼ੀ ਮੁਤਾਬਿਕ ਕਲੇਮ ਅਦਾ ਕਰਨਾ ਗਲਤ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਬੀਮਾ ਕੰਪਨੀ ਨੂੰ ਸ਼ਿਕਾਇਤਕਰਤਾ ਦੇ ਬਕਾਇਆ ਰਹਿ ਗਏ ਕਲੇਮ ਦੀ ਰਕਮ 9 ਲੱਖ 70 ਹਜ਼ਾਰ ਰੁਪਏ 8 ਫੀਸਦੀ ਵਿਆਜ ਸਣੇ ਅਦਾ ਕਰਨ ਦੇ ਨਾਲ-ਨਾਲ ਕੰਪਨੀ ਦੀ ਸੇਵਾ ’ਚ ਘਾਟ ਕਾਰਨ ਸ਼ਿਕਾਇਤਕਰਤਾ ਨੂੰ ਹੋਈ ਪ੍ਰੇਸ਼ਾਨੀ ’ਤੇ ਕੰਪਨੀ ਨੂੰ 20,000 ਰੁਪਏ ਹਰਜਾਨਾ ਵੀ ਅਦਾ ਕਰਨ ਦਾ ਹੁਕਮ ਦਿੱਤਾ।


author

Harinder Kaur

Content Editor

Related News