ਪੰਜਾਬ ''ਚ ਲਾਅ ਐਂਡ ਆਰਡਰ ਦੀਆਂ ਉੱਡ ਰਹੀਆਂ ਧੱਜੀਆਂ : ਡੀ. ਪੀ. ਚੰਦਨ

06/29/2019 3:29:04 PM

ਜਲੰਧਰ (ਪੁਨੀਤ) : ਪਹਿਲਾਂ ਨਾਭਾ ਅਤੇ ਹੁਣ ਲੁਧਿਆਣਾ ਜੇਲ 'ਚ ਹੋਈ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡ ਰਹੀਆਂ ਹਨ, ਜਿਸ ਲਈ ਸੱਤਾਧਾਰੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਬੋਰਡ ਦੇ ਸਾਬਕਾ ਚੇਅਰਮੈਨ ਡੀ. ਪੀ. ਚੰਦਨ ਨੇ ਕੀਤਾ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ, ਜਿਸ 'ਚ ਨਸ਼ਾ ਦੂਰ ਕਰਨਾ ਸਭ ਤੋਂ ਅਹਿਮ ਮੁੱਦਾ ਰੱਖਿਆ ਗਿਆ ਪਰ 2 ਸਾਲ ਤੋਂ ਜ਼ਿਆਦਾ ਦੇ ਇਸ ਰਾਜ 'ਚ ਨਸ਼ੇ 'ਚ ਵਾਧਾ ਮਿਲਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਨੌਜਵਾਨ ਵਰਗ ਦੀਆਂ ਵੋਟਾਂ ਵੀ ਕਾਂਗਰਸ ਨੇ ਆਪਣੇ ਹੱਕ 'ਚ ਕਰ ਲਈਆਂ ਪਰ ਮੋਬਾਇਲ ਫੋਨ ਦੇਣਾ ਤਾਂ ਦੂਰ ਉਸ ਸਬੰਧੀ ਯੋਜਨਾ ਵੀ ਨਹੀਂ ਬਣਾਈ ਜਾ ਰਹੀ ਹੈ। ਡੀ. ਪੀ. ਚੰਦਨ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਬੁਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ, ਜਿਸ ਦਾ ਬੋਝ ਟੈਕਸ ਦੇ ਰੂਪ 'ਚ ਦਰਮਿਆਨੇ ਵਰਗ ਨੂੰ ਭੁਗਤਣਾ ਪੈ ਰਿਹਾ ਹੈ, ਇਸ ਦੇ ਉਲਟ ਕੇਂਦਰ ਸਰਕਾਰ ਵੱਲੋਂ ਜੋ ਪ੍ਰਾਜੈਕਟ ਬਣਾਉਣ ਲਈ ਹਰੀ ਝੰਡੀ ਦਿੱਤੀ ਗਈ, ਉਸ 'ਤੇ ਵੀ ਕੈਪਟਨ ਸਰਕਾਰ ਨੇ ਕੋਈ ਕਦਮ ਨਹੀਂ ਉਠਾਇਆ। ਚੰਦਨ ਨੇ ਕਿਹਾ ਕਿ ਫਿਰੋਜ਼ਪੁਰ-ਅੰਮ੍ਰਿਤਸਰ ਰੇਲ ਟ੍ਰੈਕ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ 300 ਕਰੋੜ ਦੀ ਸ਼ੁਰੂਆਤੀ ਰਾਸ਼ੀ ਦੇਣ ਨੂੰ ਅਪਰੂਵਲ ਦਿੱਤੀ ਗਈ ਸੀ, ਜਿਸ 'ਚ ਜ਼ਮੀਨ ਨੂੰ ਐਕਵਾਇਰ ਕਰਨਾ ਅਤੇ ਹੋਰ ਯੋਜਨਾਵਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਟਰੈਕ ਦਾ ਡਿਫੈਂਸ ਨੂੰ ਵੀ ਲਾਭ ਮਿਲਣਾ ਸੀ, ਇਸ ਕਾਰਨ ਅੰਮ੍ਰਿਤਸਰ ਤੋਂ ਮੁੰਬਈ ਦਾ ਸਫਰ 5 ਘੰਟੇ ਪਹਿਲਾਂ ਪੂਰਾ ਹੋਣਾ ਸੀ।

ਚੰਦਨ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਵਿਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਵਿਚ ਕਾਮਯਾਬ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਅਸਤੀਫਾ ਦੇ ਦੇਣਾ ਚਾਹੀਦਾ ਹੈ। ਲੁਧਿਆਣਾ ਜੇਲ ਕਾਂਡ 'ਤੇ ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਦੀ ਮਿਲੀਭੁਗਤ ਨਾਲ ਅਜਿਹੇ ਕਾਂਡ ਹੋ ਰਹੇ ਹਨ।


Anuradha

Content Editor

Related News