ਠੇਕੇ ਟੁੱਟਣ ’ਤੇ ਸ਼ਰਾਬੀਆਂ ਦੇ ਨਜ਼ਾਰੇ ਪਰ ਚੋਣ ਜ਼ਾਬਤੇ ਵਿਚਕਾਰ ਆਬਕਾਰੀ ਨਿਯਮਾਂ ਦੀਆਂ ਰੱਜ ਕੇ ਉੱਡੀਆਂ ਧੱਜੀਆਂ

04/01/2024 6:25:39 AM

ਜਲੰਧਰ (ਪੁਨੀਤ)– ਨਵੀਂ ਆਬਕਾਰੀ ਨੀਤੀ ਤਹਿਤ ਸ਼ਰਾਬ ਦੇ ਠੇਕਿਆਂ ਦੇ ਡ੍ਰਾਅ ਕੱਢੇ ਜਾ ਚੁੱਕੇ ਹਨ ਤੇ ਪੁਰਾਣੇ ਠੇਕਿਆਂ ਦੀ ਮਿਆਦ ਖ਼ਤਮ ਹੋਣ ਕਾਰਨ ਅੱਜ ਠੇਕੇਦਾਰਾਂ ਵਲੋਂ ਸਸਤੇ ਭਾਅ ’ਤੇ ਸ਼ਰਾਬ ਵੇਚੀ ਗਈ। ਲੋਕਾਂ ਨੇ ਇਸ ਦਾ ਪੂਰਾ ਫ਼ਾਇਦਾ ਉਠਾਇਆ ਤੇ ਬਿਨਾਂ ਕਿਸੇ ਰੋਕ-ਟੋਕ ਦੇ ਪੇਟੀਆਂ ਦੇ ਹਿਸਾਬ ਨਾਲ ਸ਼ਰਾਬ ਦੀ ਖ਼ਰੀਦਦਾਰੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਟਰੰਪ ਦੀ ਵੀਡੀਓ ਨਾਲ ਅਮਰੀਕਾ ’ਚ ਮਚਿਆ ਹੰਗਾਮਾ, ਰਾਸ਼ਟਰਪਤੀ ਬਾਈਡੇਨ ਨੂੰ ਲੈ ਕੇ ਕਰ ਦਿੱਤੀ ਇਹ ਹਰਕਤ

ਲੋਕ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਨਿਯਮਾਂ ਦੇ ਉਲਟ ਸ਼ਰਾਬ ਵੇਚੀ ਗਈ ਤੇ ਆਬਕਾਰੀ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉੱਡੀਆਂ। ਠੇਕੇ ਟੁੱਟਣ ਕਾਰਨ ਸ਼ਰਾਬ ਬੇਹੱਦ ਸਸਤੇ ਭਾਅ ਵੇਚੀ ਗਈ, ਜਿਸ ਕਾਰਨ ਕਈ ਠੇਕਿਆਂ ’ਤੇ ਦੇਰ ਰਾਤ ਤੱਕ ਭਾਰੀ ਭੀੜ ਦੇਖਣ ਨੂੰ ਮਿਲੀ।

ਲੰਮਾ ਪਿੰਡ ਚੌਕ, ਦੋਮੋਰੀਆ ਪੁਲ ਨੇੜੇ, ਮਿਲਾਪ ਚੌਕ ਸਮੇਤ ਵੱਖ-ਵੱਖ ਥਾਵਾਂ ’ਤੇ ਸ਼ਰਾਬ ਦੇ ਠੇਕਿਆਂ ’ਤੇ ਮੇਲਾ ਲੱਗਾ ਨਜ਼ਰ ਆਇਆ। ਆਬਕਾਰੀ ਨਿਯਮਾਂ ਅਨੁਸਾਰ ਵਿਅਕਤੀਆਂ ਵਲੋਂ ਸ਼ਰਾਬ ਵੇਚਣ ਸਬੰਧੀ ਨਿਯਮਾਂ ਦੀ ਕੋਈ ਪਾਲਣਾ ਨਹੀਂ ਕੀਤੀ ਗਈ। ਦੋਪਹੀਆ ਵਾਹਨਾਂ ’ਤੇ ਆਏ ਲੋਕ ਸ਼ਰਾਬ ਦੀਆਂ ਪੇਟੀਆਂ ਲਿਜਾਂਦੇ ਨਜ਼ਰ ਆਏ।

PunjabKesari

ਜਾਣਕਾਰੀ ਮੁਤਾਬਕ ਕਈ ਠੇਕਿਆਂ ’ਤੇ ਅੱਧੇ ਭਾਅ ’ਤੇ ਸ਼ਰਾਬ ਵਿਕੀ, ਜਦਕਿ ਕਈ ਠੇਕਿਆਂ ’ਤੇ 40-50 ਫ਼ੀਸਦੀ ਤੱਕ ਭਾਅ ਘਟਾ ਦਿੱਤੇ ਗਏ, ਜਿਸ ਕਾਰਨ 1000 ਰੁਪਏ ਵਾਲੀ ਬੋਤਲ 400 ਤੋਂ 600 ਰੁਪਏ ’ਚ ਵਿਕਦੀ ਰਹੀ। ਇਸ ਦੇ ਨਾਲ ਹੀ ਬੀਅਰ ਦੇ ਭਾਅ ਵੀ ਕਾਫ਼ੀ ਘੱਟ ਕੀਤੇ ਜਾ ਚੁੱਕੇ ਸਨ, ਜਿਸ ਕਾਰਨ ਸ਼ਰਾਬ ਦੇ ਠੇਕਿਆਂ ’ਤੇ ਸਵੇਰ ਤੋਂ ਹੀ ਖ਼ਰੀਦਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।

ਆਬਕਾਰੀ ਵਿਭਾਗ ਵਲੋਂ ਢੋਲ ਆਦਿ ਵਜਾਉਣ ’ਤੇ ਪਾਬੰਦੀ ਲਾਈ ਜਾ ਚੁੱਕੀ ਹੈ, ਜਿਸ ਕਾਰਨ ਠੇਕਿਆਂ ’ਤੇ ਪ੍ਰਚਾਰ ਨਹੀਂ ਹੋ ਸਕਿਆ ਪਰ ਠੇਕਿਆਂ ’ਤੇ ਲੱਗੀ ਲੋਕਾਂ ਦੀ ਭਾਰੀ ਭੀੜ ਸਸਤੀ ਸ਼ਰਾਬ ਸਬੰਧੀ ਆਪਣੀ ਦਾਸਤਾਂ ਖ਼ੁਦ ਬਿਆਨ ਕਰ ਰਹੀ ਸੀ।

ਰਾਤ 10 ਵਜੇ ਜਿਹੜੇ ਠੇਕਿਆਂ ’ਤੇੇ ਸ਼ਰਾਬ ਬਚੀ ਸੀ, ੳੁਨ੍ਹਾਂ ਭਾਅ ਬੇਹੱਦ ਘਟਾ ਦਿੱਤੇ ਸਨ। ਦੇਖਣ ’ਚ ਆ ਰਿਹਾ ਸੀ ਕਿ ਠੇਕਿਆਂ ਦੇ ਸੇਲਜ਼ਮੈਨ ਵਲੋਂ ਸ਼ਰਾਬ ਵੇਚਣ ਦਾ ਟੀਚਾ ਮਿੱਥਿਆ ਗਿਆ ਸੀ। ਇਸ ਕਾਰਨ ਕਈ ਬੋਤਲਾਂ 300 ਰੁਪਏ ਜਾਂ ਇਸ ਤੋਂ ਵੀ ਘੱਟ ’ਚ ਵਿਕਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ।

PunjabKesari

ਰਾਤ 12 ਵਜੇ ਸੀਲ ਕੀਤੇ ਗਏ ਸ਼ਹਿਰ ਦੇ ਦਰਜਨਾਂ ਠੇਕੇ
ਅਧਿਕਾਰੀਆਂ ਨੇ ਦੱਸਿਆ ਕਿ ਰਾਤ 12 ਵਜੇ ਤੋਂ ਬਾਅਦ ਸ਼ਹਿਰ ਦੇ ਦਰਜਨਾਂ ਠੇਕੇ ਸੀਲ ਕਰ ਦਿੱਤੇ ਗਏ। ਠੇਕਿਆਂ ਅੰਦਰ ਪਈ ਸ਼ਰਾਬ ਨੂੰ ਨਵੇਂ ਠੇਕੇਦਾਰਾਂ ਨੂੰ ਟਰਾਂਸਫਰ ਕਰਨ ਸਬੰਧੀ ਵਿਭਾਗੀ ਨੀਤੀ ਮੁਤਾਬਕ ਕਾਰਵਾਈ ਹੋਵੇਗੀ। ਇਸ ਦੇ ਲਈ ਠੇਕੇਦਾਰਾਂ ਨੂੰ ਆਬਕਾਰੀ ਫੀਸ ਅਦਾ ਕਰਨੀ ਪਵੇਗੀ।

ਸ਼ਰਾਬ ਦੀ ਟਰਾਂਸਫਰ ਸਬੰਧੀ ਵਿਭਾਗੀ ਕਾਰਵਾਈ ਤੋਂ ਬਚਣ ਲਈ ਠੇਕੇਦਾਰਾਂ ਵਲੋਂ ਸ਼ਰਾਬ ਸਸਤੀ ਕੀਤੀ ਜਾਂਦੀ ਹੈ ਤਾਂ ਜੋ ਵਿਭਾਗ ਵਲੋਂ ਠੇਕਿਆਂ ਨੂੰ ਸੀਲ ਕਰਨ ਤੋਂ ਪਹਿਲਾਂ ਵੱਧ ਤੋਂ ਵੱਧ ਸ਼ਰਾਬ ਵੇਚ ਕੇ ਠੇਕੇ ਖਾਲੀ ਕੀਤੇ ਜਾ ਸਕਣ। ਇਸ ਕਾਰਨ ਸ਼ਰਾਬ ਦੀ ਸਸਤੇ ਭਾਅ ਵਿਕਰੀ ਕੀਤੀ ਜਾਂਦੀ ਹੈ।

ਵਿਭਾਗੀ ਜਾਣਕਾਰੀ ਅਨੁਸਾਰ ਠੇਕਿਆਂ ’ਚ ਪਈ ਸ਼ਰਾਬ ਦੀ ਗਿਣਤੀ ਕਰਕੇ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਆਬਕਾਰੀ ਵਿਭਾਗ ਦੇ ਅਧਿਕਾਰੀ 1 ਵਜੇ ਤੋਂ ਬਾਅਦ ਤੱਕ ਸੜਕਾਂ ’ਤੇ ਘੁੰਮਦੇ ਦੇਖੇ ਗਏ। ਸ਼ਹਿਰ ਦੀ ਰੇਂਜ ਅਧੀਨ ਆਉਂਦੇ ਕਈ ਠੇਕੇ 12 ਵਜੇ ਦੇ ਕਰੀਬ ਸੀਲ ਕੀਤੇ ਜਾਣੇ ਸ਼ੁਰੂ ਹੋ ਗਏ ਸਨ ਤੇ ਵਿਭਾਗੀ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਤੱਕ ਕਈ ਠੇਕਿਆਂ ’ਚ ਸ਼ਰਾਬ ਦਾ ਸਟਾਕ ਲਗਭਗ ਖ਼ਤਮ ਕੀਤਾ ਜਾ ਚੁੱਕਾ ਸੀ।

PunjabKesari

ਇਸੇ ਲੜੀ ਵਿਚ ਸ਼ਹਿਰ ਦੇ ਕਈ ਪ੍ਰਮੁੱਖ ਠੇਕਿਆਂ ’ਚ ਸ਼ਾਮ 5 ਵਜੇ ਤੱਕ ਕਈ ਬ੍ਰਾਂਡ ਖ਼ਤਮ ਹੋ ਚੁੱਕੇ ਸਨ। ਆਪਣੇ ਪਸੰਦੀਦਾ ਬ੍ਰਾਂਡ ਦੀ ਭਾਲ ’ਚ ਲੋਕਾਂ ਨੂੰ ਦੂਰ-ਦੁਰਾਡੇ ਤਕ ਭਟਕਣਾ ਪਿਆ।

ਅੱਜ ਤੋਂ ਨਵੀਂ ਨੀਤੀ ਤਹਿਤ ਵਿਕੇਗੀ ਸ਼ਰਾਬ
ਨਵੀਂ ਆਬਕਾਰੀ ਨੀਤੀ 2024-25 ਅਨੁਸਾਰ ਡ੍ਰਾਅ ਸਿਸਟਮ ਨਾਲ ਕੱਢੇ ਗਏ ਠੇਕਿਆਂ ਦੇ ਗਰੁੱਪ ਦੀ 12 ਫ਼ੀਸਦੀ ਫੀਸ ਅਦਾ ਕਰਨ ਵਾਲੇ ਠੇਕੇਦਾਰ 1 ਅਪ੍ਰੈਲ ਤੋਂ ਗਰੁੱਪਾਂ ਦਾ ਸੰਚਾਲਨ ਸ਼ੁਰੂ ਕਰ ਦੇਣਗੇ। ਇਸ ਸਿਲਸਿਲੇ ’ਚ ਨਵੀਂ ਨੀਤੀ ਤਹਿਤ ਸ਼ਰਾਬ ਦੀ ਵਿਕਰੀ ਹੋਵੇਗੀ। ਫਿਲਹਾਲ ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਠੇਕੇ ਟੁੱਟਣ ਕਾਰਨ ਵਧੇਰੇ ਖ਼ਪਤਕਾਰ ਸ਼ਰਾਬ ਦਾ ਸਟਾਕ ਕਰ ਲੈਂਦੇ ਹਨ, ਜਿਸ ਕਾਰਨ ਪਹਿਲੇ ਹਫ਼ਤੇ ਨਵੇਂ ਠੇਕਿਆਂ ’ਤੇ ਗਾਹਕਾਂ ਦੀ ਗਿਣਤੀ ਨਾਮਾਤਰ ਰਹਿ ਜਾਂਦੀ ਹੈ। ਸ਼ਰਾਬ ਦੇ ਠੇਕੇਦਾਰਾਂ ਵਲੋਂ ਕੀ ਰਣਨੀਤੀ ਬਣਾਈ ਜਾਵੇਗੀ, ਇਹ ਦੇਖਣਾ ਦਿਲਚਸਪ ਰਹੇਗਾ ਤੇ ਸ਼ਰਾਬ ਦੀਆਂ ਨਵੀਆਂ ਕੀਮਤਾਂ ਤੈਅ ਹੋਣ ਸਬੰਧੀ ਲਿਸਟਾਂ ਲੱਗਣ ਤੋਂ ਬਾਅਦ ਹੀ ਮੁਲਾਂਕਣ ਕੀਤਾ ਜਾ ਸਕਦਾ ਹੈ।

PunjabKesari

ਨਿਗਮ ਹੱਦ ’ਚ ਆਉਂਦੇ 7 ਅਹਿਮ ਗਰੁੱਪਾਂ ਸਬੰਧੀ ਕਾਰਵਾਈ ਸ਼ੁਰੂ
28 ਮਾਰਚ ਨੂੰ ਸ਼ਰਾਬ ਦੇ ਠੇਕਿਆਂ ਦੇ ਡ੍ਰਾਅ ਕੱਢੇ ਗਏ ਸਨ ਤੇ ਇਸ ਦੌਰਾਨ ਜਲੰਧਰ ਨਿਗਮ ਦੀ ਹੱਦ ਅੰਦਰ ਪੈਂਦੇ 7 ਅਹਿਮ ਗਰੁੱਪਾਂ ਲਈ ਗਾਹਕ ਨਹੀਂ ਮਿਲੇ ਸਨ। ਪਰਚੀਆਂ ਨਿਕਲਣ ਦੇ ਬਾਵਜੂਦ ਠੇਕੇਦਾਰਾਂ ਨੇ ਦੂਜੇ ਗਰੁੱਪ ਲਈ ਦਿਲਚਸਪੀ ਨਹੀਂ ਦਿਖਾਈ। ਸ਼ੁਰੂ ’ਚ ਜਿਹੜੇ ਲੋਕਾਂ ਦੇ ਡ੍ਰਾਅ ਨਿਕਲੇ, ਉਨ੍ਹਾਂ ਇਕ ਗਰੁੱਪ ਖ਼ਰੀਦ ਕੇ ਸਬਰ ਕਰ ਲਿਆ, ਜਿਸ ਕਾਰਨ ਬਾਕੀ ਬਚੇ ਗਰੁੱਪ ਪੈਂਡਿੰਗ ਰਹਿ ਗਏ।

ਇਨ੍ਹਾਂ ਗਰੁੱਪਾਂ ’ਚ ਸ਼ਹਿਰ ਦੇ ਵੱਕਾਰੀ ਇਲਾਕੇ ਸ਼ਾਮਲ ਹਨ, ਜਿਨ੍ਹਾਂ ’ਚ ਪਰਾਗਪੁਰ, ਪੀ. ਪੀ. ਆਰ., ਮਾਡਲ ਟਾਊਨ, ਵਡਾਲਾ ਚੌਕ, ਰੇਰੂ ਚੌਕ, ਸੋਢਲ ਚੌਕ ਤੇ ਰਾਮਾ ਮੰਡੀ ਸ਼ਾਮਲ ਹਨ। ਇਕ ਸਮਾਂ ਸੀ ਜਦੋਂ ਮਾਡਲ ਟਾਊਨ, ਸੋਢਲ ਤੇ ਰਾਮਾ ਮੰਡੀ ਵਰਗੇ ਗਰੁੱਪਾਂ ਨੂੰ ਖ਼ਰੀਦਣਾ ਠੇਕੇਦਾਰਾਂ ਦਾ ਮੁੱਖ ਟੀਚਾ ਹੁੰਦਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਨੇ ਜਲੰਧਰ ਦੇ 21 ’ਚੋਂ 14 ਗਰੁੱਪਾਂ ਦੇ ਡ੍ਰਾਅ ਸਫ਼ਲਤਾਪੂਰਵਕ ਨੇਪਰੇ ਚਾੜ੍ਹ ਲਏ ਸਨ, ਜਿਸ ਕਾਰਨ ਹੁਣ ਬਾਕੀ ਬਚੇ 7 ਗਰੁੱਪਾਂ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News