ਹੁਣ ਚੋਰੀ ਨਾਜਾਇਜ਼ ਨਿਰਮਾਣ ਕਰਨ ਦਾ ਟ੍ਰੈਂਡ ਵਧਿਆ

01/06/2020 5:24:14 PM

ਜਲੰਧਰ (ਖੁਰਾਣਾ) : ਪਿਛਲੇ ਕੁਝ ਸਮੇਂ ਤੋਂ ਨਗਰ ਨਿਗਮ ਨੇ ਨਾਜਾਇਜ਼ ਬਿਲਡਿੰਗਾਂ 'ਤੇ ਕਾਰਵਾਈ ਕਰਨ ਦਾ ਕੰਮ ਤੇਜ਼ ਕੀਤਾ ਹੋਇਆ ਹੈ ਕਿਉਂਕਿ ਸ਼ਹਿਰ ਦੀਆਂ 448 ਨਾਜਾਇਜ਼ ਬਿਲਡਿੰਗਾਂ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਚੱਲ ਰਿਹਾ ਹੈ। ਕੋਰਟ ਦੇ ਨਿਰਦੇਸ਼ ਹਨ ਕਿ ਸਾਰੀਆਂ ਨਾਜਾਇਜ਼ ਬਿਲਡਿੰਗਾ 'ਤੇ ਬਿਨਾਂ ਪਿਕ ਐਂਡ ਯੂਜ਼ ਕੀਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਬਾਵਜੂਦ ਸ਼ਹਿਰ 'ਚ ਨਾਜਾਇਜ਼ ਨਿਰਮਾਣ ਦਾ ਸਿਲਸਿਲਾ ਬੰਦ ਨਹੀਂ ਹੋ ਰਿਹਾ, ਸਗੋਂ ਨਾਜਾਇਜ਼ ਨਿਰਮਾਣ ਕਰਨ ਦਾ ਟ੍ਰੈਂਡ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਪੁਰਾਣੀਆਂ ਬਿਲਡਿੰਗਾਂ ਨੂੰ ਬਿਨਾਂ ਤੋੜੇ ਉਥੇ ਪਿੱਲਰਾਂ ਦਾ ਨਿਰਮਾਣ ਕਰ ਲਿਆ ਜਾਂਦਾ ਹੈ। ਬਾਅਦ 'ਚ ਹੌਲੀ-ਹੌਲੀ ਬਿਲਡਿੰਗਾਂ 'ਚ ਕੰਮ ਚੱਲਦਾ ਰਹਿੰਦਾ ਹੈ। ਕੁਝ ਹੀ ਸਮੇਂ 'ਚ À ੁਥੇ ਨਵੀਂ ਬਿਲਡਿੰਗ ਬਣ ਕੇ ਖੜ੍ਹੀ ਹੋ ਜਾਂਦੀ ਹੈ।

ਇਸ ਤਰ੍ਹਾਂ ਹੀ ਅੱਜ-ਕੱਲ ਰੇਲਵੇ ਰੋਡ 'ਤੇ ਹੋਟਲ ਬਲੈਸਿੰਗ ਇਨ ਨੇੜੇ ਬਣ ਰਹੀ ਹੈ। ਜਿੱਥੇ ਬਾਹਰ ਤਾਂ ਦੁਕਾਨਾਂ ਬਣੀਆਂ ਹੋਈਆਂ ਹਨ ਪਰ ਅੰਦਰ-ਖਾਤੇ ਦੋ ਮੰਜ਼ਿਲੀ ਬਿਲਡਿੰਗ ਬਣ ਚੁੱਕੀ ਹੈ ਅਤੇ ਤੀਸਰੀ ਮੰਜ਼ਿਲ ਬਣਾਉਣ ਦਾ ਕੰਮ ਜਾਰੀ ਹੈ। ਚੋਰੀ ਬਿਲਡਿੰਗ ਬਣਾਉਣ ਦਾ ਮਾਮਲਾ ਨਕੋਦਰ ਰੋਡ 'ਤੇ ਵੀ ਚੱਲ ਰਿਹਾ ਹੈ, ਜਿਥੇ ਬੀਤੇ ਦਿਨੀਂ ਕੌਂਸਲਰ ਡਾ. ਜਸਲੀਨ ਸੇਠੀ ਨੇ ਸ਼ਿਕਾਇਤ ਕੀਤੀ ਸੀ। ਉਥੇ ਹੀ ਛਾਬੜਾ ਸਵੀਟਸ ਦੇ ਸਾਹਮਣੇ ਬਿਨਾਂ ਬਾਹਰੀ ਕੰਧਾਂ ਡੇਗੇ ਪਿੱਲਰ ਬਣਾ ਲਏ ਗਏ ਹਨ। ਸ਼ਹਿਰ 'ਚ ਅਜਿਹੀਆਂ ਦਰਜਨਾਂ ਉਦਾਹਰਨਾਂ ਹਨ।

ਇਸ ਹਫਤੇ ਚੱਲੇਗਾ ਡੀਮੋਲੀਸ਼ਨ ਡਰਾਈਵ
ਨਾਜਾਇਜ਼ ਬਿਲਡਿੰਗਾਂ ਬਾਬਤ ਦਾਇਰ ਪਟੀਸ਼ਨ 'ਤੇ ਸੁਣਵਾਈ ਕੁਝ ਹੀ ਦਿਨਾਂ ਬਾਅਦ ਹੋਵੇਗੀ। ਜਿਸ ਦੇ ਮੱਦੇਨਜ਼ਰ ਨਗਰ ਨਿਗਮ ਨੇ ਇਸ ਹਫਤੇ ਡੀਮੋਲੀਸ਼ਨ ਡਰਾਈਵ ਚਲਾਉਣ ਦਾ ਫੈਸਲਾ ਲੈ ਲਿਆ ਹੈ। ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਸਥਾਨਕ ਥਾਣਿਆਂ ਦੀ ਪੁਲਸ ਨੂੰ ਨਾਲ ਲਿਆ ਜਾਵੇਗਾ। ਜਿਸ ਦੇ ਤਹਿਤ ਕੁਝ ਬਿਲਡਿੰਗਾ 'ਤੇ ਡਿੱਚ ਵੀ ਚੱਲ ਸਕਦੀ ਹੈ। ਕਈਆਂ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ।

ਵਿਧਾਨ ਸਭਾ 'ਚ ਜਲਦ ਪੇਸ਼ ਹੋਵੇਗੀ 36 ਦੁਕਾਨਾਂ ਦੀ ਰਿਪੋਰਟ
ਪੰਜਾਬ ਵਿਧਾਨ ਸਭਾ ਦੀ ਇਕ ਕਮੇਟੀ ਨੇ ਕੁਝ ਸਮਾਂ ਪਹਿਲਾਂ ਜਲੰਧਰ ਦੌਰੇ ਦੌਰਾਨ ਅਟਾਰੀ ਬਾਜ਼ਾਰ 'ਤੇ ਛਾਪਾ ਮਾਰ ਕੇ ਉਥੇ ਨਾਜਾਇਜ਼ ਤੌਰ 'ਤੇ ਬਣ ਰਹੀਆਂ 36 ਦੁਕਾਨਾਂ ਦੀ ਮਾਰਕੀਟ ਦਾ ਪਤਾ ਲਾਇਆ ਸੀ। ਵਿਧਾਨ ਸਭਾ ਕਮੇਟੀ ਦੀ ਰਿਪੋਰਟ 'ਚ ਸਖਤ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਉਥੇ ਹੀ ਇਨ੍ਹਾਂ ਨਾਜਾਇਜ਼ ਨਿਰਮਾਣਾਂ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਨਿਗਮ ਅਧਿਕਾਰੀਆਂ ਨੂੰ ਵੀ ਕਟਹਿਰੇ 'ਚ ਖੜ੍ਹਾ ਕੀਤਾ ਜਾ ਰਿਹਾ ਹੈ।


Anuradha

Content Editor

Related News