ਨਗਰ ਨਿਗਮ ਦੇ ਨਵੇਂ ਕਮਿਸ਼ਨਰ ਗੌਤਮ ਜੈਨ ਕੰਮ ਸਮਝਣ ’ਚ ਲੱਗਣਗੇ ਕੁਝ ਦਿਨ, ਫਿਰ ਲੱਗ ਜਾਵੇਗਾ ਚੋਣ ਜ਼ਾਬਤਾ

Thursday, Feb 01, 2024 - 12:39 PM (IST)

ਨਗਰ ਨਿਗਮ ਦੇ ਨਵੇਂ ਕਮਿਸ਼ਨਰ ਗੌਤਮ ਜੈਨ ਕੰਮ ਸਮਝਣ ’ਚ ਲੱਗਣਗੇ ਕੁਝ ਦਿਨ, ਫਿਰ ਲੱਗ ਜਾਵੇਗਾ ਚੋਣ ਜ਼ਾਬਤਾ

ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਨੇ ਨੌਜਵਾਨ ਆਈ. ਏ. ਐੱਸ. ਅਧਿਕਾਰੀ ਗੌਤਮ ਜੈਨ ਨੂੰ ਜਲੰਧਰ ਨਗਰ ਨਿਗਮ ਦਾ ਕਮਿਸ਼ਨਰ ਲਗਾਇਆ ਹੈ, ਜਿਨ੍ਹਾਂ ਨੇ ਹਾਲੇ ਆਪਣਾ ਅਹੁਦਾ ਗ੍ਰਹਿਣ ਨਹੀਂ ਕੀਤਾ। ਚਾਰਜ ਲੈਣ ਤੋਂ ਬਾਅਦ ਹੀ ਨਵੇਂ ਕਮਿਸ਼ਨਰ ਨੂੰ ਗੁਲਦਸਤੇ ਆਦਿ ਦੇਣ ਦਾ ਸਿਲਸਿਲਾ ਸ਼ੁਰੂ ਹੋਵੇਗਾ, ਜਿਸ ਵਿਚ ਕੁਝ ਦਿਨ ਲੱਗ ਸਕਦੇ ਹਨ। ਉਸ ਤੋਂ ਬਾਅਦ ਕਮਿਸ਼ਨਰ ਵੱਲੋਂ ਨਿਗਮ ਅਧਿਕਾਰੀਆਂ ਅਤੇ ਸਟਾਫ਼ ਨਾਲ ਜਾਣ-ਪਛਾਣ ਸਬੰਧੀ ਬੈਠਕਾਂ ਦਾ ਦੌਰ ਚੱਲੇਗਾ ਅਤੇ ਉਸ ਤੋਂ ਬਾਅਦ ਸਾਰੇ ਵਿਭਾਗਾਂ ਦੀ ਰੀਵਿਊ ਬੈਠਕ ਹੋਵੇਗੀ। ਕਿਉਂਕਿ ਨੌਜਵਾਨ ਆਈ. ਏ. ਐੱਸ. ਗੌਤਮ ਜੈਨ ਦੀ ਲੋਕਲ ਬਾਡੀਜ਼ ਵਿਭਾਗ ਵਿਚ ਇਹ ਪਹਿਲੀ ਪੋਸਟਿੰਗ ਹੈ, ਇਸ ਲਈ ਉਨ੍ਹਾਂ ਨੂੰ ਜਲੰਧਰ ਨਗਰ ਨਿਗਮ ਦੇ ਕੰਮਕਾਜ ਨੂੰ ਸਮਝਣ ਵਿਚ ਕੁਝ ਦਿਨ ਲੱਗ ਸਕਦੇ ਹਨ। ਜੇਕਰ ਫਰਵਰੀ ਦਾ ਮਹੀਨਾ ਇਸੇ ਕੰਮ ਵਿਚ ਬੀਤ ਗਿਆ ਤਾਂ ਦੇਸ਼ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਡ ਆਫ ਕੰਡਕਟ ਫਰਵਰੀ ਮਹੀਨੇ ਦੇ ਅਖੀਰ ਵਿਚ ਜਾਂ ਮਾਰਚ ਦੇ ਸ਼ੁਰੂ ਵਿਚ ਲੱਗ ਸਕਦਾ ਹੈ। ਇਸ ਕਾਰਨ ਹੇਠਲੇ ਅਫ਼ਸਰਾਂ ਦੇ ਤਬਾਦਲਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਅਜਿਹੇ ਵਿਚ ਜਲੰਧਰ ਨਗਰ ਨਿਗਮ ਦਾ ਸਾਰਾ ਕੰਮਕਾਜ ਪ੍ਰਭਾਵਿਤ ਹੋ ਕੇ ਰਹਿ ਜਾਵੇਗਾ ਅਤੇ ਇਸ ਸਮੇਂ ਕਮਿਸ਼ਨਰ ਆਫਿਸ ਵਿਚ ਜੋ ਫਾਈਲਾਂ ਪੈਂਡਿੰਗ ਪਈਆਂ ਹੋਈਆਂ ਹਨ, ਅਜਿਹੀ ਸਥਿਤੀ ਵਿਚ ਉਨ੍ਹਾਂ ਦੇ ਨਿਪਟਾਰੇ ਦੇ ਚਾਂਸ ਘੱਟ ਹੀ ਨਜ਼ਰ ਆ ਰਹੇ ਹਨ।

ਸ਼ਹਿਰ ਨਾਲ ਸਬੰਧਤ ਕਈ ਮਹੱਤਵਪੂਰਨ ਕੰਮ ਪੈਂਡਿੰਗ
ਨਗਰ ਨਿਗਮ ਵਿਚ ਅੱਜ ਹਾਲਾਤ ਇਹ ਹਨ ਕਿ ਸ਼ਹਿਰ ਵਿਚ ਲੱਗੀਆਂ ਉਨ੍ਹਾਂ 10-12 ਹਜ਼ਾਰ ਸਟਰੀਟ ਲਾਈਟਾਂ ਦਾ ਕੋਈ ਵਾਲੀ-ਵਾਰਸ ਹੀ ਨਹੀਂ ਹੈ, ਜਿਨ੍ਹਾਂ ਨੂੰ ਪਿਛਲੀ ਕੰਪਨੀ ਨੇ ਲਗਾਇਆ ਜਾਂ ਉਹ ਲਾਈਟਾਂ ਕਿਸੇ ਗ੍ਰਾਂਟ ਜਾਂ ਕੰਮ ਤਹਿਤ ਲੱਗੀਆਂ। ਨਾ ਉਨ੍ਹਾਂ ਨੂੰ ਨਵੀਂ ਕੰਪਨੀ ਨੂੰ ਹੈਂਡਓਵਰ ਕੀਤਾ ਗਿਆ ਅਤੇ ਨਾ ਕੋਈ ਹੋਰ ਪ੍ਰਬੰਧ ਕੀਤਾ ਗਿਆ। ਅੱਜ ਇਨ੍ਹਾਂ ਵਿਚੋਂ ਲਗਭਗ 10 ਹਜ਼ਾਰ ਲਾਈਟਾਂ ਖਰਾਬ ਪਈਆਂ ਹਨ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਹਨੇਰਾ ਛਾਇਆ ਹੋਇਆ ਹੈ। ਸਮਾਰਟ ਸਿਟੀ ਦੇ ਕਰੋੜਾਂ ਰੁਪਿਆਂ ਨਾਲ ਕਾਂਗਰਸ ਸਰਕਾਰ ਨੇ ਜੋ ਨਵੀਆਂ ਐੱਲ. ਈ. ਡੀ. ਲਾਈਟਾਂ ਲਗਵਾਈਆਂ ਸਨ, ਉਹ ਪ੍ਰਾਜੈਕਟ ਵੀ ਗੜਬੜੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਅੱਜ ਸਮਾਰਟ ਸਿਟੀ ਵੱਲੋਂ ਉਨ੍ਹਾਂ ਲਾਈਟਾਂ ਦੇ ਸੰਚਾਲਨ ਦੀ ਪੇਮੈਂਟ ਕੰਪਨੀ ਨੂੰ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕੰਪਨੀ ਕਰਮਚਾਰੀ ਲਾਈਟਾਂ ਨੂੰ ਮੇਨਟੇਨ ਕਰਨ ਦਾ ਕੰਮ ਨਹੀਂ ਕਰ ਰਹੇ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ

ਪਿਛਲੇ ਲੰਮੇ ਸਮੇਂ ਤੋਂ ਇਹ ਸ਼ਹਿਰ ਟੁੱਟੀਆਂ ਸੜਕਾਂ ਅਤੇ ਕੂੜੇ ਦੀ ਗੰਭੀਰ ਸਮੱਸਿਆ ਦੇ ਨਾਲ-ਨਾਲ ਬੰਦ ਸੀਵਰੇਜ ਦੇ ਦ੍ਰਿਸ਼ਾਂ ਨੂੰ ਵੀ ਝੱਲ ਰਿਹਾ ਹੈ। ਹੁਣ ਤਾਂ ਜਲੰਧਰ ਸ਼ਹਿਰ ਦਾ ਸੀਵਰੇਜ ਸਿਸਟਮ ਲਗਾਤਾਰ ਵਿਗੜਦਾ ਚਲਿਆ ਜਾ ਰਿਹਾ ਹੈ ਅਤੇ ਇਸ ਸਮੇਂ ਸਰਕਾਰੀ ਅਫਸਰਾਂ ਦੇ ਹੱਥੋਂ ਆਊਟ ਆਫ ਕੰਟਰੋਲ ਹੋ ਚੁੱਕਾ ਹੈ। ਇਸ ਸਮੇਂ ਸ਼ਹਿਰ ਦੀਆਂ ਦਰਜਨਾਂ ਪਾਸ਼ ਕਾਲੋਨੀਆਂ ਵਿਚ ਜਿਸ ਤਰ੍ਹਾਂ ਸੀਵਰੇਜ ਦੀ ਸਮੱਸਿਆ ਆ ਰਹੀ ਹੈ, ਉਸ ਨਾਲ ‘ਆਪ’ ਨੇਤਾ ਵੀ ਬੇਹੱਦ ਪ੍ਰੇਸ਼ਾਨ ਹਨ। ਨਿਗਮ ਿਵਚ ਸ਼ਿਕਾਇਤਾਂ ਦੇ ਜੋ ਅੰਬਾਰ ਲੱਗੇ ਹੋਏ ਹਨ, ਉਨ੍ਹਾਂ ਵਿਚੋਂ ਸੀਵਰੇਜ ਨਾਲ ਸਬੰਧਤ ਸ਼ਿਕਾਇਤਾਂ ਸਭ ਤੋਂ ਜ਼ਿਆਦਾ ਹਨ।

ਸਮਾਰਟ ਸਿਟੀ ਫੰਡ ਨਾਲ ਜਲੰਧਰ ਨਿਗਮ ਨੇ ਵਰਿਆਣਾ ਡੰਪ ਵਿਚ ਪਏ ਪੁਰਾਣੇ ਕੂੜੇ ਨੂੰ ਖਤਮ ਕਰਨ ਲਈ ਬਾਇਓ-ਮਾਈਨਿੰਗ ਪਲਾਂਟ ਦੇ ਟੈਂਡਰ ਲਗਾਏ, ਚੇਨਈ ਦੀ ਕੰਪਨੀ ਨੂੰ ਵਰਕ ਆਰਡਰ ਵੀ ਅਲਾਟ ਹੋਇਆ ਪਰ ਕੰਪਨੀ ਕੰਮ ਛੱਡ ਕੇ ਚਲੀ ਗਈ। ਇਸ ਪਲਾਂਟ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਖਦਸ਼ੇ ਪਨਪ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਪਤਾ ਨਹੀਂ ਕਿਸ ਸਰਕਾਰ ਦੇ ਕਾਰਜਕਾਲ ਵਿਚ ਇਹ ਪ੍ਰਾਜੈਕਟ ਸ਼ੁਰੂ ਹੋਵੇਗਾ। ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦਾ ਉਦਘਾਟਨ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋ ਗਿਆ ਸੀ ਅਤੇ ਉਦੋਂ ਇਸ ਪ੍ਰਾਜੈਕਟ ’ਤੇ ਥੋੜ੍ਹਾ ਬਹੁਤ ਕੰਮ ਵੀ ਸ਼ੁਰੂ ਹੋ ਗਿਆ ਸੀ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫਿਰ ਪਾਥੀਆਂ ਰੱਖ ਕੇ ਲਾ ਦਿੱਤੀ ਅੱਗ

ਇਹ ਪ੍ਰਾਜੈਕਟ ਲੰਮੇ ਸਮੇਂ ਤਕ ਠੱਪ ਪਿਆ ਰਿਹਾ। ‘ਆਪ’ ਸਰਕਾਰ ਦੇ ਕਾਰਜਕਾਲ ਵਿਚ ਵੀ ਅਫਸਰਾਂ ਨੇ ਪ੍ਰਾਜੈਕਟ ਦੀ ਡਰਾਇੰਗ ਤਕ ਨੂੰ ਫਾਈਨਲ ਨਹੀਂ ਕੀਤਾ। ਇਹੀ ਕਾਰਨ ਰਿਹਾ ਕਿ ਸਬੰਧਤ ਕੰਪਨੀ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਪ੍ਰਾਜੈਕਟ ਦੇ ਠੱਪ ਹੋ ਜਾਣ ਕਾਰਨ ਆਮ ਲੋਕ ਖਾਸ ਕਰ ਖੇਡ ਪ੍ਰੇਮੀ ਬਹੁਤ ਨਿਰਾਸ਼ ਹੋਏ। ਜਲੰਧਰ ਨਿਗਮ ਵਿਚ ਪਿਛਲੇ ਲੰਮੇ ਸਮੇਂ ਤੋਂ ਇਸ਼ਤਿਹਾਰ ਮਾਫੀਆ ਕਾਫੀ ਹਾਵੀ ਸੀ, ਜਿਸਨੇ ਨਾਜਾਇਜ਼ ਇਸ਼ਤਿਹਾਰ ਲਗਾਉਣ ਦੀ ਆੜ ਵਿਚ ਨਿਗਮ ਦੇ ਸਿਸਟਮ ਨੂੰ ਵਿਗਾੜ ਕੇ ਰੱਖਿਆ ਹੋਇਆ ਸੀ। ਇਸ਼ਤਿਹਾਰ ਮਾਫੀਆ ਨਾਲ ਜੁੜੇ ਲੋਕ ਨਾ ਸਿਰਫ ਅਾਪਸ ਵਿਚ ਪੂਲ ਕਰ ਲੈਂਦੇ ਸਨ, ਸਗੋਂ ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਸੀ ਕਿ ਨਿਗਮ ਵੱਲੋਂ ਸਾਰੇ ਸ਼ਹਿਰ ਦੇ ਲਗਾਏ ਗਏ ਇਸ਼ਤਿਹਾਰਾਂ ਦੇ ਟੈਂਡਰ ਸਿਰੇ ਨਾ ਚੜ੍ਹਨ। ਇਹੀ ਕਾਰਨ ਰਿਹਾ ਕਿ ਨਿਗਮ ਨੇ ਲਗਭਗ 15 ਵਾਰ ਇਸ਼ਤਿਹਾਰਾਂ ਨੂੰ ਅਲਾਟ ਕਰਨ ਲਈ ਟੈਂਡਰ ਲਗਾਏ ਪਰ ਕਈ ਸਾਲ ਉਹ ਟੈਂਡਰ ਸਿਰੇ ਹੀ ਨਹੀਂ ਚੜ੍ਹੇ। ਹੁਣ ਵੀ ਇਸ ਸਬੰਧੀ ਫਾਈਲ ਪੈਂਡਿੰਗ ਪਈ ਹੋਈ ਹੈ।
 

ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News