ਜਲੰਧਰ ਨਗਰ-ਨਿਗਮ ''ਚ ਹਿੰਦੂ ਕੌਂਸਲਰ ਨੂੰ ਬਣਾਇਆ ਜਾ ਸਕਦੈ ਮੇਅਰ, 3-4 ਨਾਵਾਂ ''ਤੇ ਹੋਇਆ ਮੰਥਨ
Wednesday, Dec 25, 2024 - 02:49 AM (IST)
ਜਲੰਧਰ (ਧਵਨ)- ਪੰਜਾਬ ਵਿਚ ਨਗਰ ਨਿਗਮ ਚੋਣਾਂ ਸਮਾਪਤ ਹੋਣ ਤੋਂ ਬਾਅਦ ਜਲੰਧਰ ਵਿਚ ਆਮ ਆਦਮੀ ਪਾਰਟੀ ਨੇ ਮੇਅਰ ਬਣਾਉਣ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਹੁਣ ਸਥਾਨਕ ਪੱਧਰ ’ਤੇ ਮੇਅਰ ਬਣਾਉਣ ਨੂੰ ਲੈ ਕੇ ਮੁੱਢਲੀ ਚਰਚਾ ਸ਼ੁਰੂ ਹੋਈ ਹੈ ਅਤੇ ਸੰਭਾਵਨਾ ਹੈ ਕਿ ਇਕ ਜਾਂ ਦੋ ਦਿਨਾਂ ਵਿਚ ਦਿੱਲੀ ਵਿਖੇ ਮੇਅਰ ਬਣਾਉਣ ਦੇ ਮੁੱਦੇ ’ਤੇ ਗੰਭੀਰ ਮੰਥਨ ਹੋਵੇਗਾ।
ਜਲੰਧਰ ਵਿਚ ਮੇਅਰ ਅਹੁਦਾ ਹਿੰਦੂ ਨੂੰ ਦਿੱਤੇ ਜਾਣ ਦੇ ਆਸਾਰ ਦਿਖਾਈ ਦੇ ਰਹੇ ਹਨ ਕਿਉਂਕਿ ਸਰਕਾਰ ਵਿਚ ਪਹਿਲਾਂ ਹੀ ਦਲਿਤ ਮੰਤਰੀ ਦੇ ਰੂਪ ਵਿਚ ਜਲੰਧਰ ਤੋਂ ਮਹਿੰਦਰ ਭਗਤ ਸ਼ਾਮਲ ਹਨ, ਇਸ ਲਈ ਆਮ ਆਦਮੀ ਪਾਰਟੀ ਹਿੰਦੂ ਮੇਅਰ ’ਤੇ ਦਾਅ ਖੇਡ ਸਕਦੀ ਹੈ। ਆਮ ਆਦਮੀ ਪਾਰਟੀ ਵਿਚ ਇਹ ਤੈਅ ਹੈ ਕਿ ਪੰਜਾਬ ਵਿਚ ਇਕ ਔਰਤ ਨੂੰ ਮੇਅਰ ਅਹੁਦਾ ਦਿੱਤਾ ਜਾਵੇਗਾ।
ਜਲੰਧਰ ਵਿਚ ਮੇਅਰ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੁਣੇ ਗਏ ਵਿਨੀਤ ਧੀਰ, ਅਸ਼ਵਨੀ ਅਗਰਵਾਲ ਅਤੇ ਅਰੁਣਾ ਅਰੋੜਾ ਦੇ ਇਲਾਵਾ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਇਕ ਹੋਰ ਕੌਂਸਲਰ ਦਾ ਨਾਂ ਵੀ ਚਰਚਾ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ- 'ਮੈਂ ਤੁਹਾਡੀ ਲਿਮਟ ਮੁਆਫ਼ ਕਰਵਾ ਦਿੰਦਾ...' ਕਹਿ ਕੇ ਕਿਸਾਨਾਂ ਨਾਲ ਮਾਰ ਲਈ ਲੱਖਾਂ ਦੀ ਠੱਗੀ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਅਗਵਾਈ ਵਿਚ ਜਲੰਧਰ ਦੇ ਆਗੂਆਂ ਵੱਲੋਂ ਭਲਕੇ ਮੀਟਿੰਗ ਕੀਤੀ ਜਾ ਸਕਦੀ ਹੈ, ਜਿਸ ਵਿਚ ਮੇਅਰ ਅਹੁਦੇ ਲਈ ਮਹੱਤਵਪੂਰਨ ਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਡਾ. ਸੰਦੀਪ ਪਾਠਕ ਮੇਅਰ ਅਹੁਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਰਚਾ ਕਰਨਗੇ।
ਸੰਭਾਵਨਾ ਹੈ ਕਿ ਦਿੱਲੀ ਵਿਚ ਮੇਅਰ ਦੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਮੀਟਿੰਗ ਵੀ ਹੋ ਸਕਦੀ ਹੈ। ਪਹਿਲਾਂ ਕੁਝ ਵਰਗਾਂ ਨੇ ਜਲੰਧਰ ਵਿਚ ਦਲਿਤ ਮੇਅਰ ਬਣਾਉਣ ਦੀ ਗੱਲ ਕਹੀ ਸੀ ਪਰ ਪਾਰਟੀ ਦੇ ਹਿੰਦੂ ਆਗੂਆਂ ਦਾ ਮੰਨਣਾ ਹੈ ਕਿ ਦਲਿਤ ਮੰਤਰੀ ਹੋਣ ਕਾਰਨ ਮੇਅਰ ਹਿੰਦੂ ਵਰਗ ਵਿਚੋਂ ਲਿਆ ਜਾਵੇ।
ਜੇਕਰ ਚੋਣ ਨਤੀਜਿਆਂ ਨੂੰ ਦੇਖਿਆ ਜਾਵੇ ਤਾਂ ਜਲੰਧਰ ਉੱਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ 11 ਕੌਂਸਲਰ ਚੁਣੇ ਗਏ ਹਨ, ਇਸ ਲਈ ਉੱਤਰੀ ਹਲਕੇ ਤੋਂ ਮੇਅਰ ਬਣਾਉਣ ਦੀ ਮੰਗ ਵੀ ਜ਼ੋਰ ਫੜ ਰਹੀ ਹੈ। ਦੂਜਾ ਨੰਬਰ ਪੱਛਮੀ ਵਿਧਾਨ ਸਭਾ ਹਲਕੇ ਦਾ ਆਉਂਦਾ ਹੈ, ਜਿਥੇ 10, ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ 9 ਅਤੇ ਕੈਂਟ ਤੋਂ 8 ਕੌਂਸਲਰ ਚੁਣੇ ਗਏ ਹਨ।
ਉੱਤਰੀ ਵਿਧਾਨ ਸਭਾ ਹਲਕੇ ਤੋਂ 2 ਹੋਰ ਪਾਰਟੀਆਂ ਦੇ ਕੌਂਸਲਰ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਆਮ ਆਦਮੀ ਪਾਰਟੀ ਨੂੰ ਪਹਿਲਾਂ ਹੀ ਜਲੰਧਰ ਵਿਚ ਮੇਅਰ ਬਣਾਉਣ ਲਈ ਬਹੁਮਤ ਮਿਲ ਚੁੱਕਾ ਹੈ।
ਇਹ ਵੀ ਪੜ੍ਹੋ- ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ ; ਟ੍ਰੇਨ ਦੀ ਲਪੇਟ 'ਚ ਆਉਣ ਕਾਰਨ ਧੜ ਤੋਂ ਵੱਖ ਹੋ ਗਈ ਧੌਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e