ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਕੌਂਸਲਰ ’ਤੇ ਕੇਸ ਦਰਜ

10/20/2018 2:38:01 AM

ਗਡ਼੍ਹਸ਼ੰਕਰ,(ਸ਼ੋਰੀ)-  ਇਥੋਂ ਦੇ ਵਾਰਡ ਨੰਬਰ 9 ਦੇ ਕੌਂਸਲਰ ਪਵਨ ਕੁਮਾਰ ਉਰਫ਼ ਪੰਮੀ ਖ਼ਿਲਾਫ਼ ਹਿੰਦੂ ਧਰਮ ਦੇ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਪੁਲਸ ਵਲੋਂ ਧਾਰਾ 295 ਏ ਅਤੇ ਇਨਫੋਰਮੇਸ਼ਨ ਟੈਕਨਾਲੋਜੀ ਐਕਟ ਅਧੀਨ ਕੇਸ ਦਰਜ ਕਰਨ ਦਾ ਸਮਾਚਾਰ ਹੈ। ਥਾਣਾ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਹਿੰਦੂ ਧਰਮ ਦੇ ਲੋਕਾਂ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਕਿ ਪਵਨ ਕੁਮਾਰ ਉਰਫ਼ ਪੰਮੀ ਕੌਂਸਲਰ ਨੇ ਮਾਤਾ ਦੁਰਗਾ ਦੇ ਸਬੰਧ ’ਚ ਇਤਰਾਜ਼ਯੋਗ ਇਕ ਪੋਸਟ ਸੋਸ਼ਲ ਮੀਡੀਆ ’ਤੇ ਪਾ ਕੇ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਅਤੇ ਸ਼ਰਧਾ ਨੂੰ ਠੇਸ ਪਹੁੰਚਾਈ ਹੈ ਅਤੇ ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਸ  ਨੇ  ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੁਲਸ ਇਸ ਗੱਲ ਦੀ ਵੀ ਪਡ਼ਤਾਲ ਕਰੇਗੀ ਕਿ ਪਵਨ ਕੁਮਾਰ ਨੇ ਇਹ ਪੋਸਟ ਖੁਦ ਬਣਾਈ ਸੀ ਜਾਂ ਕਿ ਫਾਰਵਰਡ ਕੀਤੀ ਸੀ ਅਤੇ ਜੇਕਰ ਫਾਰਵਰਡ ਕੀਤੀ ਹੋਵੇਗੀ  ਤਾਂ ਉਸ ਵਿਅਕਤੀ ਨੂੰ ਵੀ ਜਾਂਚ ਦੇ ਦਾਇਰੇ ਵਿਚ ਲਿਆਂਦਾ ਜਾਏਗਾ।
ਕੌਂਸਲਰ ਪਵਨ ਕੁਮਾਰ ਦੇ ਖਿਲਾਫ ਰੋਸ ਪ੍ਰਦਰਸ਼ਨ : ਇਥੋਂ ਦੇ ਵੱਖ-ਵੱਖ  ਹਿੰਦੂ ਸੰਗਠਨਾਂ ਤੇ ਵੱਡੀ ਗਿਣਤੀ ਮਾਤਾ ਦੁਰਗਾ ਦੇ ਸ਼ਰਧਾਲੂਆਂ ਨੇ ਪੁਲਸ ਸਟੇਸ਼ਨ ਦੇ ਸਾਹਮਣੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਮੰਗ ਕੀਤੀ ਕਿ ਕੌਂਸਲਰ ਪਵਨ ਕੁਮਾਰ ਖਿਲਾਫ ਕਾਨੂੰਨੀ ਕਰਾਵਾਈ ਕੀਤੀ ਜਾਵੇ ਜੋ ਉਸ ਨੇ ਸੋਸ਼ਲ ਮੀਡੀਆ ’ਤੇ ਮਾਤਾ ਦੁਰਗਾ ਸਬੰਧੀ ਇਤਰਾਜ਼ਯੋਗ ਪੋਸਟ ਪਾਈ ਹੈ। ਪ੍ਰਦਰਸ਼ਨਕਾਰੀਆਂ ਨੇ ਰੋਸ ਮੁਜ਼ਾਹਰਾ ਕਰਦੇ ਟਰੈਫਿਕ ਜਾਮ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਥਾਣਾ ਮੁਖੀ ਨੇ ਸ਼ਾਂਤ ਕਰਦੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਤੇ ਜਾਮ ਹਟਵਾਇਆ।


Related News