ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਲਈ ਮਾ. ਮੋਹਣ ਲਾਲ ਤੇ ਕਵਿਤਾ ਖੰਨਾ ਮੋਹਰੀ

03/21/2019 5:06:14 AM

ਜਲੰਧਰ, (ਪੁਨੀਤ)— ਭਾਜਪਾ ਦੀ ਸੂਬਾ ਚੋਣ ਕਮੇਟੀ ਦੀ ਇਕ ਬੈਠਕ ਹੋ ਚੁੱਕੀ ਹੈ, ਜਿਸ ਵਿਚ ਭਾਜਪਾ ਦੁਆਰਾ ਸੂਬੇ ਵਿਚ ਲੜੀਆਂ ਜਾਣ ਵਾਲੀਆਂ ਕਈ ਸੀਟਾਂ ’ਤੇ ਚਰਚਾ ਕੀਤੀ ਜਾ ਚੁੱਕੀ ਹੈ ਪਰ ਗੁਰਦਾਸਪੁਰ ਲੋਕ ਸਭਾ ਸੀਟ ਨੂੰ ਲੈ ਕੇ ਕੁਝ ਮਹੱਤਵਪੂਰਨ ਤੱਥ ਸਾਹਮਣੇ ਆਏ ਹਨ। ਭਾਜਪਾ ਦੇ ਨੇਤਾਵਾਂ ਦੀ ਜੇਕਰ ਮੰਨੀਏ ਤਾਂ ਗੁਰਦਾਸਪੁਰ ਸੀਟ ਲਈ ਸਾਬਕਾ ਮੰਤਰੀ ਤੇ ਸਾਬਕਾ ਭਾਜਪਾ ਵਿਧਾਇਕ ਮਾਸਟਰ ਮੋਹਣ  ਲਾਲ ਦੇ ਨਾਂ ’ਤੇ ਗੰਭੀਰਤਾ ਨਾਲ ਪਾਰਟੀ ਹਾਈ ਕਮਾਨ ਵਿਚਾਰ ਕਰ ਰਿਹਾ ਹੈ। ਮਾਸਟਰ ਮੋਹਣ ਲਾਲ ਤੋਂ ਇਲਾਵਾ ਮੈਦਾਨ ’ਚ ਸਾਬਕਾ ਅਭਿਨੇਤਾ ਤੇ ਸਵ. ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਜ਼ਿਮਨੀ ਚੋਣ ਲੜਨ ਵਾਲੇ ਭਾਜਪਾ ਨੇਤਾ ਸਵਰਨ ਸਲਾਰੀਆ ਤੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਦੇ ਨਾਂ ਵੀ ਚੱਲ ਰਹੇ ਹਨ।
ਮਾਸਟਰ ਮੋਹਣ ਲਾਲ ਨੇ ਅੱਤਵਾਦ ਦੇ ਦੌਰ ’ਚ ਪਾਰਟੀ ਸੰਗਠਨ ਲਈ ਕਾਫੀ ਕੰਮ ਕੀਤਾ ਹੈ। ਅੱਤਵਾਦ ਦੇ ਦੌਰ ‘ਚ ਗੁਰਦਾਸਪੁਰ ਜ਼ਿਲੇ ਦੀ ਪ੍ਰਧਾਨਗੀ ਮਾਸਟਰ ਮੋਹਣ ਲਾਲ ਕਰਦੇ ਰਹੇ ਹਨ।  ਡੇਰਾ ਬਾਬਾ ਨਾਨਕ ਤੋਂ ਧੁਨੇਰਾ ਤੱਕ ਉਨ੍ਹਾਂ ਨੇ ਪੈਦਲ ਯਾਤਰਾ ਕੀਤੀ ਸੀ ਤਾਂ ਕਿ ਲੋਕਾਂ ’ਚ ਭਰੋਸਾ ਪੈਦਾ ਕੀਤਾ ਜਾ ਸਕੇ। ਕਰਮਚਾਰੀਆਂ ਦੇ ਹੱਕਾਂ ਲਈ ਲੜਦੇ ਹੋਏ ਉਨ੍ਹਾਂ ਨੇ ਪੰਜ ਸਾਲ ਤੱਕ ਜੇਲ ਕੱਟੀ। ਭਾਜਪਾ ਯੁਵਾ ਮੋਰਚਾ ਦੇ ਵੀ ਉਹ 1982 ਤੋਂ 1987 ਤੱਕ ਸੂਬਾ ਪ੍ਰਧਾਨ ਰਹੇ। ਆਰ. ਐੱਸ. ਐੱਸ. ਦੇ ਵੀ ਉਹ ਸਰਗਰਮ ਮੈਂਬਰ ਰਹੇ ਹਨ। ਐਮਰਜੈਂਸੀ ਦੇ ਦੌਰ ’ਚ ਵੀ ਮਾਸਟਰ ਮੋਹਣ ਲਾਲ ਨੇ ਜੇਲ ਯਾਤਰਾ ਕੀਤੀ ਸੀ। ਇਸ ਵਾਰ ਗੁਰਦਾਸਪੁਰ ਲੋਕ ਸਭਾ ਸੀਟ ਲਈ ਮਾਸਟਰ ਮੋਹਣ ਲਾਲ ਨੇ ਲਿਖਤੀ ਤੌਰ ’ਤੇ ਟਿਕਟ ਲਈ ਅਪਲਾਈ ਕੀਤਾ ਹੈ। ਮਾਸਟਰ ਮੋਹਣ ਲਾਲ 1985, 1997 ਅਤੇ 2007 ਤੱਕ ਭਾਜਪਾ ਦੀ ਟਿਕਟ ’ਤੇ ਪਠਾਨਕੋਟ ਤੋਂ ਵਿਧਾਇਕ ਰਹੇ ਹਨ। ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਵੀ ਉਨ੍ਹਾਂ ਦਾ ਅਕਸ ਬੇਦਾਗ ਰਿਹਾ ਹੈ। ਭਾਵੇਂ ਮਾਸਟਰ ਮੋਹਣ ਲਾਲ ਨੂੰ ਬਾਅਦ ’ਚ ਮੰਤਰੀ ਦੇ ਅਹੁਦੇ ਤੋਂ ਭਾਜਪਾ ਨੇ ਹਟਾ ਦਿੱਤਾ ਤੇ ਬਾਅਦ ’ਚ ਉਨ੍ਹਾਂ ਨੂੰ ਵਿਧਾਇਕ ਦੀ ਟਿਕਟ ਵੀ ਨਹੀਂ ਦਿੱਤੀ ਗਈ ਪਰ ਇਸ ਦੇ ਬਾਵਜੂਦ ਪਠਾਨਕੋਟ ਵਿਚ ਉਨ੍ਹਾਂ ਨੂੰ ਦੁਬਾਰਾ ਟਿਕਟ ਨਾ ਦੇਣ ਦਾ ਫੈਸਲਾ ਗਲਤ ਸਿੱਧ ਹੋਇਆ। ਮਾਸਟਰ ਮੋਹਣ ਲਾਲ ਭਾਜਪਾ ਦੀ ਰਾਜਨੀਤੀ ਵਿਚ ਫਿਰ ਉੱਭਰ ਕੇ ਸਾਹਮਣੇ ਆ ਗਏ ਹਨ।
ਮਾਸਟਰ ਮੋਹਣ ਲਾਲ ਦੀਆਂ ਭਾਜਪਾ ਪ੍ਰਤੀ ਸੇਵਾਵਾਂ ਤੇ ਬੈਕਗਰਾਊਂਡ ਨੂੰ ਦੇਖਦੇ ਹੋਏ ਹੀ ਭਾਜਪਾ ਹਾਈਕਮਾਨ ਉਸ ਦੇ ਨਾਂ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਜਿਥੋਂ ਤੱਕ ਕਵਿਤਾ ਖੰਨਾ ਦਾ ਸਵਾਲ ਹੈ ਤਾਂ ਉਸ ਦੇ ਪੱਖ ’ਚ ਇਹ ਗੱਲ ਜਾਂਦੀ ਹੈ ਕਿ ਉਹ ਸਵ. ਵਿਨੋਦ ਖੰਨਾ ਦੀ ਪਤਨੀ ਹੈ ਤੇ ਇਸ ਖੇਤਰ ’ਚ ਹੀ ਲੋਕਾਂ ਵਿਚਕਾਰ ਰਹੀ ਹੈ। ਸਵਰਨ ਸਲਾਰੀਆ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜ਼ਿਮਨੀ ਚੋਣ ਲੜੀ ਸੀ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੱਥੋਂ 2 ਲੱਖ ਤੋਂ ਵੱਧ ਵੋਟਾਂ ਨਾਲ ਉਹ ਹਾਰ ਗਏ ਸਨ।
 


Bharat Thapa

Content Editor

Related News