ਪਖਾਨਿਆਂ ਦਾ ਬੁਰਾ ਹਾਲ, ਜਨਤਾ ਪ੍ਰੇਸ਼ਾਨ

12/13/2018 2:55:25 AM

ਮੋਹਾਲੀ,   (ਨਿਆਮੀਆਂ)-  ਸਥਾਨਕ ਸੈਕਟਰ-76 ਵਿਚ ਸਥਿਤ ਜ਼ਿਲਾ ਪ੍ਰਸ਼ਾਸਨਿਕ ਕੇਂਦਰ ਜਿਥੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਫਤਰ, ਸ. ਪੀ. ਅਤੇ ਜ਼ਿਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਦਫਤਰ ਮੌਜੂਦ ਹਨ, ਵਿਚ ਆਮ ਲੋਕਾਂ ਲਈ ਬਣਾਏ ਗਏ ਪਖਾਨਿਅਾਂ ਦੀ ਹਾਲਤ ਮਾਡ਼ੀ ਹੈ। ਇਨ੍ਹਾਂ ਵਿਚ ਜਿਥੇ ਗੰਦਗੀ ਦੀ ਭਰਮਾਰ ਹੈ, ਉਥੇ ਪਾਣੀ ਦੀ ਲੀਕੇਜ ਹੋਣ ਕਾਰਨ ਹਰ ਵੇਲੇ ਪਾਣੀ ਖਡ਼੍ਹਾ ਰਹਿਣ ਤੇ ਗੰਦੀ ਬਦਬੂ ਦੀ ਸਮੱਸਿਆ ਕਾਫੀ ਜ਼ਿਆਦਾ ਹੈ। 
 ਇਸ ਸਬੰਧੀ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੇ ਰੋਜ਼ਾਨਾ ਕੰਮਾਂਕਾਰਾਂ ਲਈ ਆਉਂਦੇ ਹਨ ਤੇ ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪਖਾਨਿਅਾਂ ਦੀ ਵਰਤੋਂ ਦੀ ਲੋਡ਼ ਮਹਿਸੂਸ ਹੁੰਦੀ ਹੈ, ਉਦੋਂ ਇਨ੍ਹਾਂ  ਦੀ ਮਾਡ਼ੀ ਹਾਲਤ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਅਧਿਕਾਰੀਆਂ ਦੀ ਗੱਲ ਹੈ ਤਾਂ ਉਨ੍ਹਾਂ ਦੇ ਦਫਤਰਾਂ ਵਿਚ ਉਨ੍ਹਾਂ ਦੇ ਨਿੱਜੀ ਵਾਸ਼ਰੂਮ ਬਣੇ ਹੋਏ ਹਨ, ਜਿਸ ਕਾਰਨ ਅਧਿਕਾਰੀਆਂ ਨੂੰ ਆਮ ਲੋਕਾਂ ਲਈ ਬਣੇ ਇਨ੍ਹਾਂ ਪਖਾਨਿਅਾਂ ਦੀ ਬਦਹਾਲੀ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਆਮ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹੁੰਦੇ ਹਨ। 
 ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨਿਕ ਦਫਤਰ ਦੀ ਹਰੇਕ ਫਲੋਰ ’ਤੇ ਦੋ ਪਖਾਨੇ ਬਣੇ ਹੋਏ ਹਨ, ਜਿਹਡ਼ੇ ਆਮ ਲੋਕਾਂ ਦੀ ਵਰਤੋਂ ਲਈ ਹਨ। ਇਨ੍ਹਾਂ ਵਿਚੋਂ ਹੇਠਲੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ ਦੇ ਪਿਸ਼ਾਬਘਰ ਬਹੁਤ ਹੀ ਮਾਡ਼ੀ ਹਾਲਤ ਵਿਚ ਹਨ।
 ਇਨ੍ਹਾਂ ਵਿਚ ਹਰ ਵੇਲੇ ਪਾਣੀ ਖਡ਼੍ਹਾ ਹੋਣ ਕਾਰਨ ਇਥੇ ਭਾਰੀ ਬਦਬੂ ਹੁੰਦੀ ਹੈ ਤੇ ਇਹ ਪਿਸ਼ਾਬਘਰ ਵਰਤੋਂ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਨੂੰ ਪੰਜਾਬ ਦੇ ਨੰਬਰ ਇਕ ਸ਼ਹਿਰ ਦਾ ਦਰਜਾ ਹਾਸਲ ਹੈ ਪਰ ਜ਼ਿਲੇ ਦੇ ਸਭ ਤੋਂ ਪ੍ਰਮੁੱਖ ਦਫਤਰ ਵਿਚ ਜਨਤਕ ਪਖਾਨਿਅਾਂ ਦੀ ਮਾਡ਼ੀ ਹਾਲਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਹੀ ਸਵਾਲ ਖਡ਼੍ਹੇ ਕਰਦੀ ਹੈ। 
 ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਹਾਲਤ ਵਿਚ ਸੁਧਾਰ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਨ੍ਹਾਂ ਦੀ ਸਫਾਈ ਕਰਵਾ ਕੇ ਇਥੇ ਸਾਫ ਪਾਣੀ ਅਤੇ ਸਾਬਣ ਦੀ ਸਹੂਲਤ ਵੀ ਦਿੱਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲੇ। 
 


Related News