ਸਹਾਇਕ ਕਮਿਸ਼ਨਰ ਨੇ ਕੀਤਾ ਪਾਵਰ ਜਨਰੇਸ਼ਨ ਪਲਾਂਟ-ਸ਼ੂਗਰ ਮਿੱਲ ਦਾ ਦੌਰਾ
Tuesday, Dec 11, 2018 - 01:43 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)– ਨਵਾਂਸ਼ਹਿਰ ਦੀ ਸ਼ੂਗਰ ਮਿੱਲ ਤੋਂ ਉੱਡਣ ਵਾਲੀ ਸੁਆਹ ਦਾ ਮਾਮਲਾ ਲਗਾਤਾਰ ਤੂਲ ਫਡ਼ਦਾ ਜਾ ਰਿਹਾ ਹੈ, ਜਿਸ ਕਾਰਨ ਨਾ ਕੇਵਲ ਸ਼ਹਿਰ ਦੀ ਸਮਾਜਿਕ, ਧਾਰਮਕ ਅਤੇ ਰਾਜਨੀਤਕ ਜਥੇਬੰਦੀਅਾਂ ਨੇ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਲਈ ਵੀ ਇਹ ਸਮੱਸਿਆ ਨਾਸੁਰ ਬਣਦੀ ਦਿਖਾਈ ਦੇ ਰਹੀ ਹੈ।
ਪ੍ਰਭਾਵਿਤ ਮੁਹੱਲਿਅਾਂ ’ਚੋਂ ਲੋਕਾਂ ਤੋਂ ਹਾਸਲ ਕੀਤੀ ਜਾਣਕਾਰੀ
ਅੱਜ ਸਹਾਇਕ ਕਮਿਸ਼ਨਰ ਤਰਸੇਮ ਚੰਦ ਨੇ ਮਿੱਲ ਦਾ ਦੌਰਾ ਕਰ ਕੇ ਅੰਦਰ ਚੱਲ ਰਹੇ ਪਾਵਰ ਜਨਰੇਸ਼ਨ ਪਲਾਂਟ ਦੇ ਅਧਿਕਾਰੀਆਂ ਨਾਲ ਗੱਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਤੌਰ ’ਤੇ ਹਦਾਇਤ ਦਿੰਦੇ ਹੋਏ ਕਿਹਾ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਜੋ ਲੋਕਾਂ ਦੀ ਦਿੱਕਤਾਂ ਦਾ ਕਾਰਨ ਬਣ ਰਹੀ ਹੈ। ਇਸ ਉਪਰੰਤ ਸਹਾਇਕ ਕਮਿਸ਼ਨਰ ਨੇ ਮਿੱਲ ਦੀ ਬੈਕ ਸਾਈਡ ਸਥਿਤ ਮੁਹੱਲਾ ਫਤਿਹ ਨਗਰ, ਟੀਚਰ ਕਾਲੋਨੀ ਅਤੇ ਨਿਊ ਟੀਚਰ ਕਾਲੋਨੀ ਦਾ ਦੌਰਾ ਕਰ ਕੇ ਵੱਖ-ਵੱਖ ਦੁਕਾਨਾਂ ਤੇ ਘਰਾਂ ’ਚ ਪਰਿਵਾਰ ਦੇ ਮੈਂਬਰਾਂ ਕੋਲੋਂ ਮਿੱਲ ’ਚੋਂ ਉਡਣ ਵਾਲੀ ਸੁਆਹ ਸਬੰਧੀ ਜਾਣਕਾਰੀ ਹਾਸਲ ਕੀਤੀ। ਲੋਕਾਂ ਨੇ ਗਲੀ ’ਚ ਪਾਰਕ ਹੋਏ ਵਾਹਨਾਂ ’ਤੇ ਡਿੱਗੀ ਹੋਈ ਸੁਆਹ ਦੀ ਜਾਣਕਾਰੀ ਦਿੰਦੇ ਹੋਏ ਜਾਣੂ ਕਰਵਾਇਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣ ਜਿਨ੍ਹਾਂ ’ਚ ਰਮਨ ਕੁਮਾਰ ਮਾਨ, ਗਗਨ ਅਗਨੀਹੋਤਰੀ, ਅਮਰਜੀਤ ਸਿੰਘ ਅਤੇ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਸ਼ੂਗਰ ਮਿੱਲ ਤੇ ਪਾਵਰ ਜਨਰੇਸ਼ਨ ਪਲਾਂਟ ਦੇ ਅਧਿਕਾਰੀ ਇਕ-ਦੂਜੇ ’ਤੇ ਲਾਉਂਦੇ ਰਹੇ ਦੋਸ਼
ਇੱਥੇ ਇਹ ਦੱਸਣਯੋਗ ਹੈ ਕਿ ਮਿੱਲ ਤੋਂ ਨਿਕਲਣ ਵਾਲੀ ਸੁਆਹ ਦਾ ਮਾਮਲਾ ਨਵਾਂ ਨਹੀਂ ਹੈ ਸਗੋਂ ਪਿਛਲੇ ਸਾਲ ਵੀ ਸ਼ੂਗਰ ਮਿੱਲ ਦੇ ਸ਼ੁਰੂ ਹੋਣ ਤੋਂ ਬਾਅਦ ਲੋਕ ਇਸ ਸਮੱਸਿਆ ਤੋਂ ਗ੍ਰਸਤ ਰਹੇ ਹਨ ਜਿਸ ਕਾਰਨ ਵੱਖ-ਵੱਖ ਸਮਾਜਿਕ ਤੇ ਸਿਆਸੀ ਜਥੇਬੰੰਦੀਆਂ ਵਲੋਂ ਆਮ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ ਗਏ ਸਨ। ਇਸ ਦੌਰਾਨ ਸ਼ੂਗਰ ਮਿੱਲ ਅਤੇ ਮਿੱਲ ਵਿਚ ਹੀ ਸਥਿਤ ਪਾਵਰ ਜਨਰੇਸ਼ਨ ਪਲਾਂਟ ਦੇ ਅਧਿਕਾਰੀ ਸਵੈਂ ਦਾ ਪੱਲਾ ਝਾਡ਼ ਕੇ ਇਕ ਦੂਜੇ ’ਤੇ ਦੋਸ਼ ਲਾਉਂਦੇ ਰਹੇ ਹਨ।
ਸ਼ੂਗਰ ਮਿੱਲ ਅਤੇ ਪਾਵਰ ਜਨਰੇਸ਼ਨ ਪਲਾਂਟ ਤੋਂ ਮੰਗੀ ਰਿਪੋਰਟ
ਇਸ ਸਬੰਧ ’ਚ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਤੋਂ ਹੀ ਉਨ੍ਹਾਂ ਦੇ ਧਿਆਨ ਵਿਚ ਹੈ ਜਿਸ ਕਾਰਨ ਅੱਜ ਸਹਾਇਕ ਕਮਿਸ਼ਨਰ ਨੂੰ ਸ਼ੂਗਰ ਮਿੱਲ, ਪਾਵਰ ਜਨਰੇਸ਼ਨ ਪਲਾਂਟ ਅਤੇ ਪ੍ਰਭਾਵਿਤ ਮੁਹੱਲਿਅਾਂ ’ਚ ਦੌਰੇ ਲਈ ਭੇਜਿਆ ਸੀ। ਜਿੱਥੇ ਇਸ ਸਬੰਧੀ ਸ਼ੂਗਰ ਮਿੱਲ ਅਤੇ ਪਾਵਰ ਜਨਰੇਸ਼ਨ ਪਲਾਂਟ ਤੋਂ ਰਿਪੋਰਟ ਮੰਗੀ ਗਈ ਹੈ ਉੱਥੇ ਤਕਨੀਕੀ ਤੌਰ ’ਤੇ ਆਉਣ ਵਾਲੀਅਾਂ ਸਮੱਸਿਆਵਾਂ ਦੇ ਹੱਲ ਦੇ ਲਈ ਪ੍ਰਦੂਸ਼ਣ ਬੋਰਡ ਨੂੰ ਵੀ ਲਿਖਿਆ ਗਿਆ ਹੈ ਜਿਸ ਵਲੋਂ ਮਿੱਲ ਦਾ ਅੱਜ ਦੌਰਾ ਕੀਤਾ ਜਾਵੇਗਾ। ਇਸ ਸਬੰਧ ’ਚ ਜ਼ਿਲਾ ਪ੍ਰਸ਼ਾਸਨ ਵਲੋਂ 11 ਦਸੰਬਰ ਨੂੰ ਇਕ ਮੀਟਿੰਗ ਵੀ ਰੱਖੀ ਗਈ ਹੈ ਜਿਸ ਵਿਚ ਸ਼ੂਗਰ ਮਿੱਲ, ਪਾਵਰ ਜਨਰੇÎਸ਼ਨ ਪਲਾਂਟ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪ੍ਰਭਾਵਿਤ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੱਸਿਆ ਨੂੰ ਜਲਦੀ ਹੀ ਹੱਲ ਕਰਵਾ ਦਿੱਤਾ ਜਾਵੇਗਾ।
ਕੌਂਸਲਰਾਂ ਦੇ ਵਫਦ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਨਗਰ ਕੌਂਸਲ ਨਵਾਂਸ਼ਹਿਰ ਦੇ ਕੌਂਸਲਰਾਂ ਦੇ ਇਕ ਵਫਦ ਨੇ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਦੀ ਅਗਵਾਈ ’ਚ ਅੱਜ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੂੰ ਮੰਗ ਪੱਤਰ ਸੌਂਪ ਕੇ ਨਵਾਂਸ਼ਹਿਰ ਦੀ ਸ਼ੂਗਰ ਮਿੱਲ ’ਚੋਂ ਉੱਡ ਰਹੀ ਰਾਖ (ਸੁਆਹ) ਦੀ ਸਮੱਸਿਆ ਨੂੰ ਹÎੱਲ ਕਰਨ ਦੀ ਮੰਗ ਕੀਤੀ ਹੈ।
ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜਦੋਂ ਦਾ ਗੰਨਾ ਮਿੱਲ ਦਾ ਪੀਡ਼ਾਈ ਸੀਜ਼ਨ ਸ਼ੁਰੂ ਹੋਇਆ ਹੈ ਉਦੋਂ ਤੋਂ ਸ਼ੂਗਰ ਮਿਲ ਵਿਚੋਂ ਸੁਆਹ ਉੱਡ ਰਹੀ ਹੈ ਜਿਸ ਕਾਰਨ ਸ਼ਹਿਰ ਵਾਸੀਅਾਂ ਨੂੰ ਸਿਹਤ ਸਬੰਧੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਮਿੱਲ ਵਿਚੋਂ ਨਿਕਲਣ ਵਾਲੀ ਸੁਆਹ ਦਾ ਮਾਮਲਾ ਜਲਦੀ ਹੱਲ ਕੀਤਾ ਜਾਵੇ। ਇਸ ਮੌਕੇ ਕੌਂਸਲਰ ਸਚਿਨ ਦੀਵਾਨ, ਪਰਮ ਸਿੰਘ ਖਾਲਸਾ, ਡੀ.ਐੱਸ.ਪੀ. ਮਹਿੰਦਰ ਸਿੰਘ, ਚੰਦਰਮੋਹਨ ਪਿੰਕੀ, ਬਲਵਿੰਦਰ ਕੁਮਰਾ, ਜਸਵਿੰਦਰ ਸਿੰਘ ਜੱਸੀ, ਡਾ. ਕਮਲ ਕੁਮਾਰ, ਕੁਲਵੰਤ ਕੌਰ, ਮਨਜੀਤ ਕੌਰ, ਮੱਖਣ ਸਿੰਘ ਗਰੇਵਾਲ ਅਤੇ ਵਿਨੋਦ ਪਿੰਕਾ ਆਦਿ ਹਾਜ਼ਰ ਸਨ।
2 ਦਿਨਾਂ ’ਚ ਮਸਲਾ ਹੱਲ ਨਾ ਹੋਣ ’ਤੇ ਕੀਤਾ ਜਾਵੇਗਾ ਚੱਕਾ ਜਾਮ
ਡਿਪਟੀ ਕਮਿਸ਼ਨਰ ਨਾਲ ਹੋਈ ਗੱਲਬਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਪਰਮ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਜੱਸੀ ਨੇ ਦÎੱਸਿਆ ਕਿ ਪ੍ਰਸ਼ਾਸਨ ਨੂੰ 2 ਦਿਨ ਦੇ ਅੰਦਰ ਉਕਤ ਮਾਮਲੇ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ ਹੈ। ਜੇਕਰ 2 ਦਿਨਾਂ ’ਚ ਸੁਆਹ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਕੌਂਸਲਰ ਸ਼ਹਿਰ ਵਾਸੀਅਾਂ ਨੂੰ ਨਾਲ ਲੈ ਕੇ ਚੰਡੀਗਡ਼੍ਹ ਚੌਕ ’ਚ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ। ਡਿਪਟੀ ਕਮਿਸ਼ਨਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਮਾਮਲੇ ਨੂੰ ਜਲਦੀ ਹੱਲ ਕੀਤਾ ਜਾਵੇਗਾ।