ਇਕ ਵਿਅਕਤੀ ਤੋਂ ਮੋਟਰਸਾਈਕਲ ਤੇ ਮੋਬਾਇਲ ਖੋਹਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

05/02/2022 2:54:34 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼ ਚੌਹਾਨ,ਜਸਵਿੰਦਰ)- ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਟਾਂਡਾ ਪੁਲਸ ਨੇ ਮੋਟਰਸਾਈਕਲ ਖੋਹਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਟਾਂਡਾ ਰਾਜ ਕੁਮਾਰ ਨੇ ਦੱਸਿਆ ਕਿ ਥਾਣਾ ਮੁਖੀ ਟਾਂਡਾ ਐੱਸ. ਆਈ. ਜਬਰਜੀਤ ਸਿੰਘ ਦੀ ਦੇਖਰੇਖ ਵਿਚ ਥਾਣੇਦਾਰ ਅਨਿਲ ਕੁਮਾਰ ਦੀ ਟੀਮ ਵੱਲੋ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਜਿੰਦਰ ਸਿੰਘ ਸੁੱਖਾ ਪੁੱਤਰ ਪੁੱਤਰ ਜਗਜੀਤ ਸਿੰਘ ਵਾਸੀ ਜੋਹਲਾਂ ਅਤੇ ਰਜਿੰਦਰ ਸਿੰਘ ਜਿੰਦਰ ਪੁੱਤਰ ਨਰਿੰਦਰ ਸਿੰਘ ਵਾਸੀ ਕੰਧਾਲ਼ੀ ਨਰੰਗਪੁਰ ਦੇ ਰੂਪ ਵਿਚ ਹੋਈ ਹੈ। 

 

ਉਨ੍ਹਾਂ ਦੱਸਿਆ ਕਿ ਟਾਂਡਾ ਪੁਲਸ ਨੇ ਪਿੰਡ ਨੰਗਲੀ ਨਜ਼ਦੀਕ ਸਰੇਆਮ ਭੁਪਿੰਦਰ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਫਰੈਂਡਸ ਐਵੀਨਿਊ ਅਮ੍ਰਿਤਸਰ ਹਾਲ ਵਾਸੀ ਅਕਬਰਪੁਰ ਦੇ ਬਿਆਨ ਦਾ ਮੋਟਰਸਾਈਕਲ ਅਤੇ ਮੋਬਾਈਲ ਖੋਹਣ ਦੇ ਦੋਸ਼ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ 27 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਭੁਪਿੰਦਰ ਸਿੰਘ ਨੇ ਦੱਸਿਆ ਸੀ ਕਿ ਜਦੋਂ 26 ਅਪ੍ਰੈਲ ਨੂੰ ਰਾਤ 9.30 ਵਜੇ ਪਿੰਡ ਜਲਾਲਪੁਰ ਆਪਣੇ ਮਾਮਾ ਸਤਪਾਲ ਸਿੰਘ ਦੀ ਨਿਰਮਾਣ ਅਧੀਨ ਕੋਠੀ ਵੇਖਣ ਆ ਰਿਹਾ ਸੀ ਤਾਂ ਪਿੰਡ ਨੰਗਲੀ ਨੇੜੇ ਉਕਤ ਮੁਲਜ਼ਮਾਂ ਨੇ ਆਪਣੀ ਇੰਡੀਕਾ ਕਾਰ ਦੀ ਟੱਕਰ ਉਸ ਦੇ ਮੋਟਰਸਾਈਕਲ ਵਿਚ ਮਾਰੀ ਅਤੇ ਉਹ ਸੜਕ 'ਤੇ ਡਿੱਗ ਗਿਆ। ਇੰਨੇ ਨੂੰ ਉਹ ਉਸ ਦਾ ਮੋਟਰਸਾਈਕਲ ਅਤੇ ਮੋਬਾਇਲ ਲੈ ਕੇ ਫਰਾਰ ਹੋ ਗਏ। ਡੀ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਹੁਣ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਵਿਚ ਉਪਯੋਗ ਕੀਤੀ ਇੰਡੀਕਾ ਕਾਰ, ਦਾਤਰ ਅਤੇ ਖੋਹਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਨਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ।


Anuradha

Content Editor

Related News