ਜਲੰਧਰ ''ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਨੌਜਵਾਨ ਦੇ ਮਾਮਲੇ ''ਚ ਪੁਲਸ ਵੱਲੋਂ 2 ਮੁਲਜ਼ਮ ਗ੍ਰਿਫ਼ਤਾਰ
Wednesday, Apr 17, 2024 - 12:31 PM (IST)
ਜਲੰਧਰ (ਸ਼ੋਰੀ)- ਬਸਤੀ ਸ਼ੇਖ ’ਚ ਸਨਸਨੀਖੇਜ਼ ਅੰਕਿਤ ਜਾਂਬਾ ਪੁੱਤਰ ਸਤਪਾਲ ਦੇ ਕਤਲ ਮਾਮਲੇ ’ਚ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਥਾਣਾ ਨੰ. 5 ਦੀ ਪੁਲਸ ’ਤੇ ਲਗਾਤਾਰ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਦੂਜੇ ਪਾਸੇ ਇਸ ਮਾਮਲੇ ’ਚ ਸੀਨੀਅਰ ਅਧਿਕਾਰੀਆਂ ਦੀ ਦਖਲਅੰਦਾਜ਼ੀ ਤੋਂ ਬਾਅਦ ਥਾਣਾ ਨੰ. 5 ਦੀ ਪੁਲਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਡੀ. ਸੀ. ਪੀ. ਸਿਟੀ-2 ਅਦਿੱਤਿਆ, ਏ. ਸੀ. ਪੀ. ਵੈਸਟ ਕੂਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਕਰਨ ਸਿੰਘ ਉਰਫ਼ ਕਰਨ ਮੱਲੀ ਪੁੱਤਰ ਗੁਰਬਖਸ਼ ਸਿੰਘ ਵਾਸੀ ਮੁਹੱਲਾ ਚਾਏਆਮ, ਦਲਜੀਤ ਸਿੰਘ ਉਰਫ਼ ਸੋਨੂੰ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਚਾਏਆਮ ਤੇ ਕੁਲਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮੁਹੱਲਾ ਚਾਏਆਮ ਵਜੋਂ ਹੋਈ ਹੈ। ਅੰਕਿਤ ’ਤੇ ਹਮਲਾ ਕਰਨ ਦੀ ਰੰਜਿਸ਼ ਦਾ ਕਾਰਨ ਇਹ ਹੈ ਕਿ ਮ੍ਰਿਤਕ ਅੰਕਿਤ ਤੇ ਉਸ ਦੇ ਪਰਿਵਾਰ ਖਿਲਾਫ ਥਾਣਾ ਨੰ. 4 ’ਚ ਉਕਤ ਲੋਕਾਂ ਵੱਲੋਂ ਕਤਲ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ।
ਇਹ ਵੀ ਪੜ੍ਹੋ- ਦੇਰ ਰਾਤ ਤੱਕ ਕੀਤੀਆਂ ਕੁੜੀ ਨਾਲ ਫੋਨ 'ਤੇ ਗੱਲਾਂ, ਸਵੇਰੇ ਮਾਪਿਆਂ ਨੇ ਖੋਲ੍ਹਿਆ ਕਮਰੇ ਦਾ ਦਰਵਾਜ਼ਾ ਤਾਂ ਪੁੱਤ ਨੂੰ ਵੇਖ ਉੱਡੇ ਹੋਸ਼
ਅੰਕਿਤ ਇਸ ਮਾਮਲੇ ’ਚ ਜੇਲ ਵੀ ਜਾ ਚੁੱਕਾ ਹੈ ਅਤੇ ਇਹੀ ਅੰਕਿਤ ਦੇ ਕਤਲ ਦਾ ਕਾਰਨ ਬਣਿਆ। ਫਿਲਹਾਲ ਪੁਲਸ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਮਾਮਲੇ ’ਚ ਪੁਲਸ ਜਲਦ ਹੀ ਫਰਾਰ ਦੋਸ਼ੀ ਮੋਨੂੰ, ਉਸ ਦੇ ਪਿਤਾ ਤਰੁਣ, ਅਜੇ ਕੁਮਾਰ ਉਰਫ਼ ਬਾਬਾ, ਅਮਿਤ ਕੁਮਾਰ, ਕਰਨ ਮੱਲੀ ਦੀ ਪਤਨੀ ਅਤੇ ਅਣਪਛਾਤੇ ਲੋਕਾਂ ਨੂੰ ਗ੍ਰਿਫਤਾਰ ਕਰ ਲਵੇਗੀ। ਜ਼ਿਕਰਯੋਗ ਹੈ ਕਿ ਅੰਕਿਤ ਜਾਂਬਾ ਆਪਣੀ ਗਰਭਵਤੀ ਪਤਨੀ ਮਨੀਸ਼ਾ ਨਾਲ ਸਕੂਟਰ ’ਤੇ ਦਵਾਈ ਲੈਣ ਜਾ ਰਿਹਾ ਸੀ ਤਾਂ ਰਸਤੇ ’ਚ ਉਨ੍ਹਾਂ ਨੇ ਉਸ ਨੂੰ ਰੋਕ ਕੇ ਉਸ ’ਤੇ ਹਮਲਾ ਕਰ ਦਿੱਤਾ ਤੇ ਉਸ ਦੀ ਪਤਨੀ ’ਤੇ ਵੀ ਹਮਲਾ ਕਰ ਦਿੱਤਾ ਸੀ।
ਪਰਿਵਾਰਕ ਮੈਂਬਰਾਂ ਨੇ ਕਿਹਾ- ਕੁੱਟਮਾਰ ਕਾਰਨ ਅੰਕਿਤ ਦੀ ਪਤਨੀ ਦਾ ਹੋਇਆ ਗਰਭਪਾਤ
ਉੱਥੇ ਹੀ ਦੁਪਹਿਰ ਸਮੇਂ ਮ੍ਰਿਤਕ ਅੰਕਿਤ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਥਾਣਾ ਨੰ. 5 ਦੇ ਬਾਹਰ ਕਾਫੀ ਦੇਰ ਤੱਕ ਧਰਨਾ ਦਿੱਤਾ। ਮ੍ਰਿਤਕ ਅੰਕਿਤ ਦੇ ਭਰਾ ਮਨੀ ਨੇ ਦੋਸ਼ ਲਾਇਆ ਸੀ ਕਿ ਕੁੱਟਮਾਰ ਕਾਰਨ ਅੰਕਿਤ ਦੀ ਪਤਨੀ ਦਾ ਗਰਭਪਾਤ ਹੋ ਗਿਆ। ਪੁਲਸ ਇਸ ਸਬੰਧੀ ਵੀ ਕੇਸ ਦਰਜ ਕਰੇ। ਇਸ ਦੇ ਨਾਲ ਹੀ ਪੁਲਸ ਨੇ ਕਰਨ ਮੱਲੀ ਦੀ ਪਤਨੀ ਮਨਪ੍ਰੀਤ ਨੂੰ ਵੀ ਵਾਰਦਾਤ ਵਾਲੀ ਰਾਤ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਪੁਲਸ ਨੇ ਇਸ ਮਾਮਲੇ ’ਚ ਕੋਈ ਗ੍ਰਿਫ਼ਤਾਰੀ ਨਹੀਂ ਪਾਈ ਸੀ ਤੇ ਥਾਣਾ ਨੰ. 5 ਦੀ ਪੁਲਸ ਜਾਣ-ਬੁੱਝ ਕੇ ਅਜਿਹਾ ਕਰ ਰਹੀ ਹੈ। ਦੂਜੇ ਪਾਸੇ ਐੱਸ. ਐੱਚ. ਓ. ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਫਿਲਹਾਲ ਪੁਲਸ ਨੇ ਸਿਰਫ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ੍ਰੀ ਖੁਰਾਲਗੜ੍ਹ ਸਾਹਿਬ ਤੇ ਮਾਤਾ ਨੈਣਾ ਦੇਵੀ ਤੋਂ ਵਾਪਸ ਪਰਤ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, ਦੋ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8