ਜੇਲ੍ਹ ’ਚੋਂ ਛੁੱਟਣ ਤੋਂ ਬਾਅਦ ਗੈਂਗ ਬਣਾ ਕੇ ਹਾਈਵੇਅ ’ਤੇ ਲੁੱਟਖੋਹ ਕਰਨ ਵਾਲੇ 3 ਵਿਅਕਤੀ ਗ੍ਰਿਫ਼ਤਾਰ
Tuesday, Apr 16, 2024 - 04:54 PM (IST)
ਜਲੰਧਰ (ਸ਼ੋਰੀ)–ਦਿਹਾਤੀ ਦੇ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਹਾਈਵੇਅ ’ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਨਾਲ ਲੁੱਟ-ਖੋਹ ਕਰਨ ਵਾਲੇ 3 ਲੋਕਾਂ ਨੂੰ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਪੁਲਸ ਟੀਮ ਜੀ. ਟੀ. ਰੋਡ ਕਾਲਾ ਬੱਕਰਾ ਨੇੜੇ ਮੌਜੂਦ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਸੰਦੀਪ ਕੁਮਾਰ ਉਰਫ਼ ਵਿਸ਼ਾਲ ਉਰਫ਼ ਘੋੜਾ ਪੁੱਤਰ ਨਿਰਮਲ ਸਿੰਘ ਨਿਵਾਸੀ ਕਿਰਾਏਦਾਰ ਪਲਾਸਟਿਕ ਫੈਕਟਰੀ ਮੁਹੱਲਾ ਭੀਮ ਨਗਰ ਨੇੜੇ ਨੂਰਪੁਰ ਅੱਡਾ ਜਲੰਧਰ ਆਪਣੇ ਸਾਥੀ ਅਕਸ਼ੈ ਉਰਫ ਭੁੱਗਾ ਪੁੱਤਰ ਗੋਰਾ ਗਿਰੀ ਨਿਵਾਸੀ ਹਰਦਿਆਲ ਨਗਰ ਘੁੱਗੀ ਥਾਣਾ ਨੰਬਰ 8 ਅਤੇ ਮੋਹਿਤ ਕੁਮਾਰ ਉਰਫ ਰਾਜਾ ਪੁੱਤਰ ਸੋਮਪਾਲ ਨਿਵਾਸੀ ਸੰਤੋਖਪੁਰਾ ਥਾਣਾ ਨੰਬਰ 8 ਵਜੋਂ ਹੋਈ ਹੈ, ਜੋਕਿ ਲੁੱਟ-ਖੋਹ ਅਤੇ ਚੋਰੀ ਕਰਨ ਦੇ ਆਦੀ ਹਨ।
ਸੰਦੀਪ ਕੁਮਾਰ ਉਰਫ਼ ਘੋੜਾ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਕੇਸ ਦਰਜ ਹਨ ਅਤੇ ਉਹ ਜੇਲ੍ਹ ਵਿਚੋਂ ਜ਼ਮਾਨਤ ’ਤੇ ਬਾਹਰ ਆਇਆ ਹੈ। ਉਕਤ ਤਿੰਨੋਂ ਮੁਲਜ਼ਮ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਲੁੱਟ-ਖੋਹ ਕਰਦੇ ਹਨ। ਉਕਤ ਮੁਲਜ਼ਮ ਚੋਰੀ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੁੱਟੇ ਹੋਏ ਮੋਬਾਈਲ ਫੋਨ ਵੇਚਣ ਦੀ ਫਿਰਾਕ ਵਿਚ ਜਲੰਧਰ-ਭੋਗਪੁਰ ਵੱਲ ਆ ਰਹੇ ਹਨ। ਪੁਲਸ ਨੇ ਥਾਣਾ ਭੋਗਪੁਰ ਵਿਚ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਸ੍ਰੀ ਖੁਰਾਲਗੜ੍ਹ ਸਾਹਿਬ ਤੇ ਮਾਤਾ ਨੈਣਾ ਦੇਵੀ ਤੋਂ ਵਾਪਸ ਪਰਤ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, ਦੋ ਦੀ ਮੌਤ
ਕੁਝ ਸਮੇਂ ਬਾਅਦ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨ ਨਾਕੇ ਵੱਲ ਆਉਂਦੇ ਦਿਸੇ। ਪੁਲਸ ਨੂੰ ਦੇਖ ਕੇ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਸ ਨੇ ਤਿੰਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਆਪਣੀ ਪਛਾਣ ਸੰਦੀਪ ਉਰਫ਼ ਵਿਸ਼ਾਲ, ਅਕਸ਼ੈ ਅਤੇ ਮੋਹਿਤ ਵਜੋਂ ਦੱਸੀ। ਜਿਸ ਮੋਟਰਸਾਈਕਲ ’ਤੇ ਤਿੰਨੋਂ ਮੁਲਜ਼ਮ ਸਵਾਰ ਸਨ, ਉਹ ਵੀ ਪੁਲਸ ਦੀ ਜਾਂਚ ਦੌਰਾਨ ਚੋਰੀ ਦਾ ਨਿਕਲਿਆ। ਤਿੰਨਾਂ ਮੁਲਜ਼ਮਾਂ ਕੋਲੋਂ 7 ਮੋਬਾਈਲ ਫੋਨ ਅਤੇ 2 ਤੇਜ਼ਧਾਰ ਹਥਿਆਰ ਬਰਾਮਦ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੰਦੀਪ ਨੇ 2 ਸਤੰਬਰ 2023 ਨੂੰ ਜੇਲ ਵਿਚੋਂ ਬਾਹਰ ਆਉਣ ਤੋਂ ਬਾਅਦ ਹਾਈਵੇ ਲੁਟੇਰਾ ਗੈਂਗ ਬਣਾਇਆ ਹੋਇਆ ਸੀ। ਡੀ. ਐੱਸ. ਪੀ. (ਡੀ) ਲਖਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੁੱਟ-ਖੋਹ ਤੋਂ ਬਾਅਦ ਨਸ਼ਾ ਕਰਨ ਦੇ ਆਦੀ ਸਨ ਅਤੇ ਉਨ੍ਹਾਂ ਹੁਣ ਤਕ ਲੱਗਭਗ 21 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਕੋਲੋਂ ਚੋਰੀਸ਼ੁਦਾ ਮੋਟਰਸਾਈਕਲ, 7 ਮੋਬਾਇਲ ਅਤੇ 2 ਦਾਤਰ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ ਲੰਡਾ ਗਿਰੋਹ ਦੇ 12 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
ਫੈਕਟਰੀ ਵਰਕਰਾਂ ਅਤੇ ਟਰੱਕਾਂ ਵਿਚ ਸੌਂ ਰਹੇ ਡਰਾਈਵਰਾਂ ਨੂੰ ਬਣਾਉਂਦੇ ਸਨ ਨਿਸ਼ਾਨਾ
ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਸੰਦੀਪ ਕੁਮਾਰ ਹਾਈਵੇ ਲੁਟੇਰਾ ਗੈਂਗ ਦਾ ਮੁੱਖ ਸਰਗਣਾ ਹੈ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧੋਗੜੀ, ਪਠਾਨਕੋਟ ਬਾਈਪਾਸ, ਲੰਮਾ ਪਿੰਡ, ਫੋਕਲ ਪੁਆਇੰਟ, ਟਰਾਂਸਪੋਰਟ ਨਗਰ, ਰਾਮਾ ਮੰਡੀ ਅਤੇ ਪਰਾਗਪੁਰ ਰੋਡ ਹਾਈਵੇ ਇਲਾਕਿਆਂ ਵਿਚ ਦਹਿਸ਼ਤ ਫੈਲਾਈ ਹੋਈ ਸੀ, ਜਿਸ ਦਾ ਸ਼ਿਕਾਰ ਅਕਸਰ ਪ੍ਰਵਾਸੀ ਵਿਅਕਤੀ, ਜਿਹੜੇ ਕਿ ਫੈਕਟਰੀਆਂ ਵਿਚ ਕੰਮ ਕਰਦੇ ਹਨ ਅਤੇ ਟਰੱਕਾਂ ਵਿਚ ਸੌਂ ਰਹੇ ਡਰਾਈਵਰ ਹੁੰਦੇ ਸਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: ਇਕ ਵਾਰ ਫਿਰ ਜ਼ਰੂਰਤ ਸਮੇਂ ਗਾਇਬ ਹੋਏ ਕ੍ਰਿਕਟਰ ਹਰਭਜਨ ਸਿੰਘ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8