ਚੋਰ ਕੋਲੋਂ 2 ਐਕਟਿਵਾ ਤੇ 4 ਮੋਟਰਸਾਈਕਲ ਬਰਾਮਦ

07/22/2020 1:02:46 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਇਕ ਚੋਰ ਕੋਲੋਂ ਚੋਰੀ ਦੇ 4 ਮੋਟਰਸਾਈਕਲਾਂ ਤੇ 2 ਐਕਟਿਵਾ ਬਰਾਮਦ ਕੀਤੀਆਂ ਹਨ। ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਚੌਕੀ ਇੰਚਾਰਜ ਭੁਲਾਣਾ ਪਰਮਜੀਤ ਸਿੰਘ ਨੇ ਦੌਰਾਨੇ ਗਸਤ ਪਿੰਡ ਢੁਡਿਆਂਵਾਲ ਦੇ ਨਜ਼ਦੀਕ ਨਾਕੇ ਦੌਰਾਨ ਇਕ ਮੋਟਰਸਾਈਕਲ ਚੋਰ ਮਨਪ੍ਰੀਤ ਸਿੰਘ ਉਰਫ ਮੰਗਾਂ ਨੂੰ ਚੋਰੀਸੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਸੀ। ਜਿਸ ਦਾ ਮਾਣਯੋਗ ਅਦਾਲਤ ਕੋਲੋਂ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਤੇ ਉਸ ਨੇ ਦੱਸਿਆ ਕਿ ਇਹ ਮੋਟਰਸਾਈਕਲ ਉਸਨੇ ਪਿੰਡ ਬਾਗਡ਼ੀਆਂ ਨਜ਼ਦੀਕ ਭੁਲੱਥ ਤੋਂ 13 ਜੁਲਾਈ ਨੂੰ ਚੋਰੀ ਕੀਤਾ ਸੀ। ਇਸ ਦੌਰਾਨ ਉਸ ਨੇ ਇਹ ਵੀ ਇੰਕਸਾਫ ਕੀਤਾ ਹੈ ਕਿ ਇਸ ਤੋਂ ਅਲਾਵਾ ਉਸਨੇ ਦੋ ਐਕਟਿਵਾ ਅਤੇ ਚਾਰ ਹੋਰ ਮੋਟਰਸਾਇਕਲ ਚੋਰੀ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਹੈ ਇਕ ਐਕਟਿਵਾ ਕਸਬਾ ਢਿੱਲਵਾ ਤੋਂ ਇਕ ਐਕਟਿਵਾ ਮਾਡਲ ਟਾਊਨ ਕਪੂਰਥਲਾ ਤੋਂ, ਇਕ ਮੋਟਰਸਾਈਕਲ ਕਪੂਰਥਲਾ ਤੋਂ, ਇਕ ਮੋਟਰਸਾਈਕਲ ਜਲੰਧਰ ਤੋਂ, ਮੋਟਰਸਾਈਕਲ ਪਿੰਡ ਦੇਸਲਾ ਕਪੂਰਥਲਾ ਤੋਂ, ਇਕ ਮੋਟਰਸਾਈਕਲ ਕਪੂਰਥਲਾ ਤੋਂ ਵੱਖ-2 ਤਾਰੀਕਾਂ ਨੂੰ ਚੋਰੀ ਕੀਤੇ ਸਨ, ਜੋ ਹੁਣ ਬਰਾਮਦ ਹੋ ਚੁੱਕੇ ਹਨ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਜੋ ਹੋਰ ਇੰਕਸਾਫ ਹੋਣ ਦੀ ਸੰਭਾਵਨਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਚੋਰ ਨਸ਼ਿਆਂ ਦਾ ਆਦੀ ਹੈ ਅਤੇ ਨਸ਼ੇ ’ਚ ਇਹ ਸਡ਼ਕ ਤੇ ਕੋਈ ਵੀ ਮੋਟਰਸਾਈਕਲ ਜਿਸਦੀ ਚਾਬੀ ਵਿਚ ਰਹਿ ਗਈ ਹੋਵੇ ਉਸ ਨੂੰ ਚੋਰੀ ਕਰ ਲੈਂਦਾ ਸੀ ਅਤੇ ਵੇਚ ਕੇ ਆਪਣੇ ਨਸ਼ੇ ਦੀ ਪੂਰਤੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਕੋਲੋਂ ਹਾਲੇ ਹੋਰ ਪੁੱਛਗਿਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬੀਤੇ ਦਿਨੀਂ ਮੁਕੱਦਮਾ ਨੰਬਰ 207 ਧਾਰਾ 379/411 ਤਹਿਤ ਦਰਜ ਕੀਤਾ ਹੋਇਆ ਹੈ। ਇਸ ਮੌਕੇ ਚੌਕੀ ਇੰਚਾਰਜ ਭੁਲਾਣਾ ਏ. ਐੱਸ. ਆਈ. ਪਰਮਜੀਤ ਸਿੰਘ, ਏ. ਐੱਸ. ਆਈ. ਮਨਜੀਤ ਸਿੰਘ, ਏ. ਐੱਸ. ਆਈ. ਸਾਮ ਲਾਲ, ਐੱਚ. ਸੀ. ਚਰਨਜੀਤ ਸਿੰਘ ਵੀ ਹਾਜ਼ਰ ਸਨ।


Bharat Thapa

Content Editor

Related News