ਅਗਲੇ 25 ਸਾਲਾਂ ''ਚ ਦੁੱਗਣੇ ਹੋ ਜਾਣਗੇ ਕਿਡਨੀ ਕੈਂਸਰ ਦੇ ਮਾਮਲੇ!
Monday, Sep 29, 2025 - 05:55 PM (IST)

ਨਵੀਂ ਦਿੱਲੀ- ਅਗਲੇ 25 ਸਾਲਾਂ 'ਚ ਕਿਡਨੀ ਕੈਂਸਰ ਦੇ ਮਾਮਲੇ ਦੁੱਗਣੇ ਹੋਣ ਦਾ ਅਨੁਮਾਨ ਹੈ। ਮਾਹਿਰਾਂ ਅਨੁਸਾਰ, ਇਸ ਤੇਜ਼ੀ ਨਾਲ ਵਾਧੇ ਲਈ ਮੁੱਖ ਕਾਰਨ ਮੋਟਾਪਾ, ਕਸਰਤ ਦੀ ਘਾਟ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਹਨ, ਜਿਨ੍ਹਾਂ ਦਾ ਹੱਲ ਕੀਤਾ ਜਾ ਸਕਦਾ ਹੈ। ਯੂਰਪ, ਅਮਰੀਕਾ ਅਤੇ ਬ੍ਰਿਟੇਨ ਦੀ ਟੀਮ ਨੇ ਇੰਟਰਨੈਸ਼ਨਲ ਕੈਂਸਰ ਰਿਸਰਚ ਏਜੰਸੀ ਦੀ ਗਲੋਬਲ ਕੈਂਸਰ ਓਬਜ਼ਰਵੇਟਰੀ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ‘ਯੂਰੋਪੀਅਨ ਯੂਰੋਲੋਜੀ’ ਜਰਨਲ 'ਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਿਕ, 2022 'ਚ ਦੁਨੀਆ ਭਰ 'ਚ ਕਿਡਨੀ ਕੈਂਸਰ ਦੇ ਲਗਭਗ 435,000 ਨਵੇਂ ਮਾਮਲੇ ਅਤੇ 156,000 ਮੌਤਾਂ ਦਰਜ ਕੀਤੀਆਂ ਗਈਆਂ।
ਸੋਧਕਰਤਾਵਾਂ ਨੇ ਕਿਹਾ ਕਿ ਜੇ ਮੌਜੂਦਾ ਰੁਝਾਨ ਜਾਰੀ ਰਹੇ, ਤਾਂ 2050 ਤੱਕ ਇਹ ਮਾਮਲੇ ਦੁੱਗਣੇ ਹੋ ਸਕਦੇ ਹਨ, ਜਿਸ ਦੇ ਨਾਲ ਮੌਤਾਂ ਦੀ ਗਿਣਤੀ ਵੀ ਲਗਭਗ ਦੁੱਗਣੀ ਹੋਵੇਗੀ। ਅਮਰੀਕਾ ਦੇ ਫਾਕਸ ਚੇਂਜ ਕੈਂਸਰ ਸੈਂਟਰ 'ਚ ਯੂਰੋਲਾਜੀ ਵਿਭਾਗ ਦੇ ਚੇਅਰਮੈਨ ਅਤੇ ਸੀਨੀਅਰ ਲੇਖਕ ਅਲੇਕਜੈਂਡਰ ਕੁਟਿਕੋਵ ਨੇ ਕਿਹਾ,''ਕਿਡਨੀ ਕੈਂਸਰ ਇਕ ਵਧਦੀ ਹੋਈ ਗਲੋਬਲ ਸਿਹਤ ਸਮੱਸਿਆ ਹੈ ਅਤੇ ਡਾਕਟਰਾਂ ਅਤੇ ਨੀਤੀ ਨਿਰਮਾਤਾਵਾਂ, ਦੋਵਾਂ ਨੂੰ ਇਸ ਤੇਜ਼ ਵਾਧਏ ਲਈ ਤਿਆਰ ਰਹਿਣ ਦੀ ਲੋੜ ਹੈ।'' ਲੇਖਕਾਂ ਨੇ ਲਿਖਿਆ,''ਗਲੋਬਲ ਪੱਧਰ 'ਤੇ 2022 'ਚ 434,480 ਵਿਅਕਤੀਗੱਤ ਮਾਮਲੇ ਅਤੇ 155,953 ਵਿਅਕਤੀਗੱਤ ਮੌਤਾਂ ਦਰਜ ਕੀਤੀਆਂ ਗਈਆਂ। ਕੁੱਲ ਮਿਲਾ ਕੇ 2050 'ਚ 745,791 ਨਵੇਂ ਮਾਮਲੇ (72 ਫੀਸਦੀ ਦਾ ਵਾਧਾ) ਅਤੇ 304,861 (96 ਫੀਸਦੀ ਦਾ ਵਾਧਾ) ਨਵੀਆਂ ਮੌਤਾਂ ਹੋਣ ਦੀ ਉਮੀਦ ਹੈ।''
ਰੋਕਥਾਮ ਯੋਗ ਕਾਰਕ:
ਸੋਧਕਰਤਾਵਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਅੱਧੇ ਤੋਂ ਵੱਧ ਮਾਮਲੇ ਰੋਕਥਾਮ ਯੋਗ ਕਾਰਕਾਂ ਨਾਲ ਜੁੜੇ ਹਨ, ਜਿਵੇਂ ਕਿ: ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਸਿਗਰਟਨੋਸ਼ੀ ਅਤੇ ਸਰੀਰਕ ਕਸਰਤ ਦੀ ਘਾਟ ਸ਼ਾਮਲ ਹਨ। ਕੁਟਿਕੋਵ ਨੇ ਕਿਹਾ,"ਭਾਰ ਕੰਟਰੋਲ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦਾ ਪ੍ਰਬੰਧ ਅਤੇ ਸਿਗਰਟਨੋਸ਼ੀ ਛੱਡਣਾ ਕੈਂਸਰ ਦੇ ਖਤਰੇ ਨੂੰ ਕਾਫ਼ੀ ਘਟਾ ਸਕਦਾ ਹੈ। ਇਹ ਅਸਲ ਰੋਕਥਾਮ ਦੀ ਰਣਨੀਤੀਆਂ ਹਨ ਜੋ ਸੱਚਮੁੱਚ ਬਦਲਾਅ ਲਿਆ ਸਕਦੀਆਂ ਹਨ।" ‘ਦ ਲੈਂਸੇਟ’ ਜਰਨਲ 'ਚ ਪ੍ਰਕਾਸ਼ਿਤ ਵਿਸ਼ਵ ਅਧਿਐਨ ਮੁਤਾਬਿਕ, ਅਗਲੇ 25 ਸਾਲਾਂ ਵਿੱਚ ਕਿਸੇ ਵੀ ਕੈਂਸਰ ਕਾਰਨ ਸਾਲਾਨਾ ਮੌਤਾਂ 'ਚ 75 ਫੀਸਦੀ ਵਾਧਾ ਹੋ ਸਕਦਾ ਹੈ। ਵਿਸ਼ਲੇਸ਼ਣ 'ਚ ਕਿਹਾ ਗਿਆ ਕਿ ਵਿਸ਼ਵ 'ਚ ਕੈਂਸਰ ਨਲ ਹੋਣ ਵਾਲੀਆਂ 40 ਫੀਸਦੀ ਮੌਤਾਂ 44 ਜ਼ੋਖਮ ਕਾਰਕਾਂ ਨਾਲ ਜੁੜੀਆਂ ਹਨ, ਜਿਨ੍ਹਾਂ ਦਾ ਹੱਲ ਕੀਤਾ ਜਾ ਸਕਦਾ ਹੈ, ਜਿਨ੍ਹਾਂ 'ਚ ਤੰਬਾਕੂ ਦਾ ਸੇਵਨ, ਗਲਤ ਖਾਣ-ਪੀਣ ਅਤੇ ਹਾਈ ਬਲੱਡ ਪ੍ਰੈਸ਼ਰ ਸ਼ਾਮਲ ਹਨ, ਜਿਸ ਨਾਲ ਰੋਕਥਾਮ ਦਾ ਮੌਕਾ ਮਿਲਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8