ਯਾਤਰੀ ਵਾਹਨਾਂ ਦੀ ਥੋਕ ਵਿਕਰੀ 29 ਫੀਸਦੀ ਵਧ ਕੇ 2.91 ਲੱਖ ਇਕਾਈ ’ਤੇ : ਸਿਆਮ

Saturday, Nov 12, 2022 - 10:38 AM (IST)

ਯਾਤਰੀ ਵਾਹਨਾਂ ਦੀ ਥੋਕ ਵਿਕਰੀ 29 ਫੀਸਦੀ ਵਧ ਕੇ 2.91 ਲੱਖ ਇਕਾਈ ’ਤੇ : ਸਿਆਮ

ਨਵੀਂ ਦਿੱਲੀ–ਤਿਓਹਾਰਾਂ ਦੌਰਾਨ ਮੰਗ ’ਚ ਮਜ਼ਬੂਤੀ ਕਾਰਨ ਦੇਸ਼ ’ਚ ਯਾਤਰੀ ਵਾਹਨਾਂ (ਪੀ. ਵੀ.) ਦੀ ਥੋਕ ਵਿਕਰੀ ਅਕਤੂਬਰ 2022 ’ਚ ਸਾਲਾਨਾ ਆਧਾਰ ’ਤੇ 29 ਫੀਸਦੀ ਵਧ ਕੇ 2,91,113 ਇਕਾਈ ’ਤੇ ਪਹੁੰਚ ਗਈ। ਵਾਹਨ ਬਣਾਉਣ ਵਾਲੀਆਂ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨਿਊਫੈਕਚਰਜ਼ (ਸਿਆਮ) ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਿਓਹਾਰੀ ਸੀਜ਼ਨ ’ਚ ਮਜ਼ਬੂਤ ਮੰਗ ਕਾਰਨ ਇਹ ਵਾਧਾ ਦੇਖਿਆ ਗਿਆ ਹੈ। ਅਕਤੂਬਰ 2021 ’ਚ 2,26,353 ਯਾਤਰੀ ਵਾਹਨਾਂ ਦੀ ਡੀਲਰਾਂ ਨੂੰ ਸਪਲਾਈ ਕਰਵਾਈ ਗਈ ਸੀ। ਉੱਥੇ ਹੀ ਦੋਪਹੀਆ ਵਾਹਨਾਂ ਦੀ ਵਿਕਰੀ ਵੀ ਅਕਤੂਬਰ 2022 ’ਚ 2 ਫੀਸਦੀ ਵਧ ਕੇ 15,77,694 ਇਕਾਈ ਹੋ ਗਈ।
ਸਿਆਮ ਦੇ ਮੁਖੀ ਵਿਨੋਦ ਅੱਗਰਵਾਲ ਨੇ ਕਿਹਾ ਕਿ ਤਿਓਹਾਰਾਂ ਦੌਰਾਨ ਮੰਗ ’ਚ ਵਾਧਾ ਅਤੇ ਬਾਜ਼ਾਰ ਧਾਰਨਾ ਚੰਗੀ ਹੋਣ ਨਾਲ ਅਕਤੂਬਰ ’ਚ ਵਿਕਰੀ ਵੀ ਚੰਗੀ ਰਹੀ, ਵਿਸ਼ੇਸ਼ ਕਰ ਕੇ ਯਾਤਰੀ ਵਾਹਨਾਂ ਦੀ। ਉਨ੍ਹਾਂ ਨੇ ਦੱਸਿਆ ਕਿ ਉੱਚੀ ਮਹਿੰਗਾਈ ਅਤੇ ਵਿਆਜ ਦਰਾਂ ’ਚ ਵਾਧੇ ਨੇ ਗ੍ਰਾਮੀਣ ਬਾਜ਼ਾਰ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੈ, ਇਸ ਲਈ ਦੋ ਪਹੀਆ ਵਾਹਨ ਸ਼੍ਰੇਣੀ ’ਚ ਵਾਧਾ ਮਾਮੂਲੀ ਰਿਹਾ। ਪਿਛਲੇ ਮਹੀਨੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਵਧ ਕੇ 54,154 ਇਕਾਈ ਹੋ ਗਈ। ਯਾਤਰੀ ਵਾਹਨ, ਤਿੰਨ ਪਹੀਆ ਵਾਹਨ ਅਤੇ ਦੋਪਹੀਆ ਵਾਹਨ ਦੀ ਕੁੱਲ ਵਿਕਰੀ ਮਿਲਾ ਕੇ ਪਿਛਲੇ ਮਹੀਨੇ 19,23,032 ਵਾਹਨ ਵਿਕੇ ਜੋ ਅਕਤੂਬਰ 2021 ਦੀਆਂ 18,10,856 ਇਕਾਈਆਂ ਦੀ ਤੁਲਨਾ ’ਚ 6 ਫੀਸਦੀ ਵੱਧ ਹੈ।


author

Aarti dhillon

Content Editor

Related News