ਕਣਕ ਦਾ ਉਤਪਾਦਨ 14 ਲੱਖ ਟਨ ਰਹਿ ਸਕਦੈ ਘੱਟ

Wednesday, Feb 28, 2018 - 10:40 AM (IST)

ਨਵੀਂ ਦਿੱਲੀ— ਜੂਨ 'ਚ ਖਤਮ ਹੋ ਰਹੇ ਚਾਲੂ ਫਸਲ ਸਾਲ ਦੌਰਾਨ ਦੇਸ਼ 'ਚ ਕਣਕ ਦਾ ਉਤਪਾਦਨ 14 ਲੱਖ ਟਨ ਯਾਨੀ 1.42 ਫੀਸਦੀ ਘੱਟ ਕੇ 9.71 ਕਰੋੜ ਟਨ ਰਹਿਣ ਦੇ ਆਸਾਰ ਹਨ। ਇਸ ਤੋਂ ਪਹਿਲਾਂ ਇਹ ਉਤਪਾਦਨ 9.85 ਕਰੋੜ ਟਨ ਦੇ ਰਿਕਾਰਡ 'ਤੇ ਰਿਹਾ ਸੀ। ਇਸ ਦੀ ਵਜ੍ਹਾ ਰਕਬੇ 'ਚ ਗਿਰਾਵਟ ਦੱਸੀ ਗਈ ਹੈ। ਇਹ ਅੰਕੜਾ ਸਰਕਾਰ ਦੇ ਤਾਜ਼ਾ ਅੰਦਾਜ਼ਿਆਂ ਮੁਤਾਬਕ ਹੈ। ਹਾਲਾਂਕਿ ਦੇਸ਼ ਦਾ ਕੁੱਲ ਅਨਾਜ ਉਤਪਾਦਨ ਫਸਲ ਸਾਲ 2017-18 'ਚ 27.74 ਕਰੋੜ ਟਨ ਦੀ ਨਵੀਂ ਉਚਾਈ 'ਤੇ ਪਹੁੰਚਣ ਦਾ ਅੰਦਾਜ਼ਾ ਹੈ, ਜਦੋਂ ਕਿ ਪਿਛਲੇ ਫਸਲ ਸਾਲ 'ਚ ਉਤਪਾਦਨ 27.51 ਕਰੋੜ ਟਨ ਰਿਹਾ ਸੀ। ਅਨਾਜ 'ਚ ਕਣਕ, ਚੌਲ, ਮੋਟੇ ਅਨਾਜ ਅਤੇ ਦਾਲਾਂ ਸ਼ਾਮਲ ਹਨ। ਸਾਉਣੀ ਦੀਆਂ ਫਸਲਾਂ ਪਹਿਲਾਂ ਹੀ ਬਾਜ਼ਾਰ 'ਚ ਆ ਚੁੱਕੀਆਂ ਹਨ, ਜਦੋਂ ਕਿ ਹਾੜ੍ਹੀ ਦੀਆਂ ਫਸਲਾਂ ਹੁਣ ਮੰਡੀਆਂ 'ਚ ਆਉਣੀਆਂ ਸ਼ੁਰੂ ਹੋਈਆਂ ਹਨ।

ਕਣਕ ਦਾ ਰਕਬਾ ਘਟਿਆ, ਦਾਲਾਂ ਨੂੰ ਮਿਲੀ ਤਰਜੀਹ
ਖੇਤੀਬਾੜੀ ਮੰਤਰਾਲਾ ਨੇ 2017-18 ਦਾ ਦੂਜਾ ਅੰਦਾਜ਼ਾ ਜਾਰੀ ਕਰਦੇ ਹੋਏ ਕਿਹਾ ਕਿ 2017 'ਚ ਮਾਨਸੂਨ ਲਗਭਗ ਠੀਕ ਰਹਿਣ ਅਤੇ ਸਰਕਾਰ ਦੇ ਕਈ ਨੀਤੀਗਤ ਕਦਮਾਂ ਨਾਲ ਦੇਸ਼ 'ਚ ਚਾਲੂ ਮਾਲੀ ਵਰ੍ਹੇ ਦੌਰਾਨ ਰਿਕਾਰਡ ਅਨਾਜ ਉਤਪਾਦਨ ਹੋਇਆ ਹੈ। ਹਾਲਾਂਕਿ ਕਣਕ ਦਾ ਉਤਪਾਦਨ 2017-18 'ਚ 14 ਲੱਖ ਟਨ ਘੱਟ ਕੇ 9.71 ਕਰੋੜ ਟਨ ਰਹਿਣ ਦਾ ਅੰਦਾਜ਼ਾ ਹੈ, ਜੋ 2016-17 'ਚ 9.85 ਕਰੋੜ ਟਨ ਦੇ ਰਿਕਾਰਡ ਪੱਧਰ 'ਤੇ ਰਿਹਾ ਸੀ। ਕਣਕ ਉਤਪਾਦਨ 'ਚ ਗਿਰਾਵਟ ਦੀ ਮੁੱਖ ਵਜ੍ਹਾ ਚਾਲੂ ਹਾੜ੍ਹੀ ਮੌਸਮ 'ਚ ਇਸ ਫਸਲ ਦਾ ਰਕਬਾ 4.27 ਫੀਸਦੀ ਘੱਟ ਕੇ 3.04 ਕਰੋੜ ਹੈਕਟੇਅਰ 'ਤੇ ਆਉਣਾ ਹੈ। ਰਾਜਸਥਾਨ ਵਰਗੇ ਸੂਬਿਆਂ 'ਚ ਕਿਸਾਨਾਂ ਨੇ ਕਣਕ ਦੀ ਜਗ੍ਹਾ ਦਾਲਾਂ ਦੀ ਬਿਜਾਈ ਨੂੰ ਤਰਜੀਹ ਦਿੱਤੀ।

ਉੱਥੇ ਹੀ ਇਸ ਸਾਲ ਚੌਲਾਂ ਦਾ ਉਤਪਾਦਨ 13 ਲੱਖ ਟਨ ਵਧ ਕੇ 11.10 ਕਰੋੜ ਟਨ ਰਹਿਣ ਦਾ ਅੰਦਾਜ਼ਾ ਹੈ, ਜੋ 2016-17 'ਚ 10.97 ਕਰੋੜ ਟਨ ਰਿਹਾ ਸੀ। ਚੌਲਾਂ ਦਾ ਜ਼ਿਆਦਾਤਰ ਉਤਪਾਦਨ ਸਾਉਣੀ ਮੌਸਮ 'ਚ ਹੁੰਦਾ ਹੈ। ਦਾਲਾਂ ਦਾ ਉਤਪਾਦਨ 8.2 ਲੱਖ ਟਨ ਵਧ ਕੇ 2.39 ਕਰੋੜ ਟਨ ਦੇ ਰਿਕਾਰਡ ਪੱਧਰ 'ਤੇ ਰਹਿਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ 2.31 ਕਰੋੜ ਟਨ ਸੀ। ਇਸ ਸਾਲ ਦਾਲਾਂ 'ਚ ਛੋਲੇ ਅਤੇ ਉੜਦ ਦਾ ਉਤਪਾਦਨ ਕ੍ਰਮਵਾਰ 1.11 ਕਰੋੜ ਟਨ ਅਤੇ 32.3 ਲੱਖ ਟਨ ਦੇ ਰਿਕਾਰਡ ਪੱਧਰ 'ਤੇ ਰਹਿਣ ਦਾ ਅੰਦਾਜ਼ਾ ਹੈ। ਮੋਟੇ ਅਨਾਜਾਂ ਦਾ ਉਤਪਾਦਨ ਇਸ ਸਾਲ 4.54 ਕਰੋੜ ਟਨ ਰਹਿਣ ਦਾ ਅੰਦਾਜ਼ਾ ਹੈ।


Related News