ਅਗਲੇ ਸਾਲ ਮਾਰਚ ਤੱਕ 90 ਲੱਖ ਮੀਟਰਕ ਟਨ ਭੰਡਾਰਨ ਦੀ ਥਾਂ ਪੈਦਾ ਹੋਵੇਗੀ : ਲਾਲ ਚੰਦ ਕਟਾਰੂਚੱਕ
Friday, Oct 04, 2024 - 05:56 PM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੇ ਮੱਦੇਨਜ਼ਰ ਭੰਡਾਰਨ ਲਈ ਲੋੜੀਂਦੀ ਥਾਂ ਬਣਾਉਣ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਸੂਬਾ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਵੱਲੋਂ ਅਕਤੂਬਰ ਦੇ ਅੰਤ ਤੱਕ ਪੰਜਾਬ ਤੋਂ 15 ਲੱਖ ਮੀਟ੍ਰਿਕ ਟਨ ਚੌਲ ਦੀ ਚੁਕਾਈ ਕੀਤੀ ਜਾਵੇਗੀ ਅਤੇ ਇਹ ਕੰਮ 20 ਰੇਲ ਗੱਡੀਆਂ, 3 ਕੰਟੇਨਰਾਂ ਅਤੇ ਕੁਝ ਛੋਟੇ ਟਰੱਕਾਂ ਨੂੰ ਇਸਤੇਮਾਲ ਕਰਦਿਆਂ ਪੂਰਾ ਕੀਤਾ ਜਾਵੇਗਾ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ 31 ਦਸੰਬਰ, 2024 ਤੱਕ ਸੂਬੇ ਦੇ ਗੋਦਾਮਾਂ ਤੋਂ ਲਗਭਗ 40 ਲੱਖ ਮੀਟਰਕ ਟਨ ਚੌਲਾਂ ਦੀ ਚੁਕਾਈ ਕੀਤੀ ਜਾਵੇਗੀ ਤਾਂ ਜੋ ਨਵੀਂ ਫਸਲ ਦੇ ਭੰਡਾਰਨ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਈ ਜਾ ਸਕੇ।
ਮੰਤਰੀ ਨੇ ਦੱਸਿਆ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਰਾਹੀਂ ਹੋਰ ਗੋਦਾਮਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਸਾਲ ਮਾਰਚ ਤੱਕ 90 ਲੱਖ ਮੀਟਰਕ ਟਨ ਭੰਡਾਰਨ ਦੀ ਥਾਂ (ਸਟੋਰੇਜ ਸਪੇਸ) ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਲਈ ਅਨਾਜ ਨੂੰ ਸਟੋਰ ਕਰਨ ਲਈ ਥਾਂ ਦੀ ਕਿੱਲਤ ਨਹੀਂ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਆੜ੍ਹਤੀਆਂ ਨੇ ਅੱਜ ਤੋਂ ਹੀ ਬਾਸਮਤੀ ਚੌਲਾਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ। ਧਰਨੇ ਵਜੋਂ ਰੇਲ ਪਟੜੀਆਂ ਰੋਕੀਂ ਬੈਠੇ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨ ਦਾ ਸੱਦਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਨਾਲ ਗੁਦਾਮਾਂ ਵਿਚ ਨਵੀਂ ਫਸਲ ਲਈ ਖਾਲੀ ਥਾਵਾਂ ਯਕੀਨੀ ਬਣਾਉਣ ਵਿਚ ਮੁਸ਼ਕਿਲ ਪੇਸ਼ ਆਵੇਗੀ।