ਇਸ ਸਾਲ ਦੇਸ਼ 'ਚ ਰਿਕਾਰਡ 11.5 ਕਰੋੜ ਟਨ ਹੋ ਸਕਦਾ ਹੈ ਕਣਕ ਉਤਪਾਦਨ

02/17/2021 2:53:37 PM

ਨਵੀਂ ਦਿੱਲੀ- ਭਾਰਤੀ ਕਣਕ ਤੇ ਜੌਂ ਰਿਸਰਚ ਸੰਸਥਾਨ (ਆਈ. ਆਈ. ਡਬਲਿਊ. ਆਰ.) ਦਾ ਅਨੁਮਾਨ ਹੈ ਕਿ ਦੇਸ਼ ਵਿਚ ਇਸ ਸਾਲ ਰਿਕਾਰਡ 11.5 ਕਰੋੜ ਟਨ ਕਣਕ ਦਾ ਉਤਪਾਦਨ ਹੋ ਸਕਦਾ ਹੈ, ਜੋ ਕਿ ਪਿਛਲੇ ਸਾਲ ਤੋਂ ਤਕਰੀਬਨ ਸੱਤ ਫ਼ੀਸਦੀ ਜ਼ਿਆਦਾ ਹੋਵੇਗਾ। ਮਾਹਰ ਕਹਿੰਦੇ ਹਨ ਕਿ ਹਾੜ੍ਹੀ ਮੌਸਮ ਦੀਆਂ ਫ਼ਸਲਾਂ ਲਈ ਮੌਸਮ ਅਨੁਕੂਲ ਹੈ ਅਤੇ ਕਣਕ ਦੀ ਬਿਜਾਈ ਵਿਚ ਕਿਸਾਨਾਂ ਨੇ ਚੰਗੀ ਦਿਲਚਸਪੀ ਲਈ ਹੈ।

ਹਰਿਆਣਾ ਦੇ ਕਰਨਾਲ ਸਥਿਤ ਭਾਰਤੀ ਕਣਕ ਤੇ ਜੌਂ ਰਿਸਰਚ ਸੰਸਥਾਨ ਦਾ ਹਿਸਾਬ-ਕਿਤਾਬ ਹੈ ਕਿ ਕਣਕ ਦੇ ਉਤਪਾਦਨ ਵਿਚ ਨਵਾਂ ਰਿਕਾਰਡ ਬਣੇਗਾ, ਬਸ਼ਰਤੇ ਮੌਸਮ ਦੀ ਕੋਈ ਮਾਰ ਨਾ ਪਵੇ। ਆਈ. ਆਈ. ਡਬਲਿਊ. ਆਰ. ਦੇ ਨਿਰਦੇਸ਼ਕ ਮੁਤਾਬਕ, ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਜ਼ੋਰਾਂ 'ਤੇ ਕਰਨ ਦੀ ਵਜ੍ਹਾ ਸਰਕਾਰੀ ਖ਼ਰੀਦ ਦਾ ਲਗਾਤਾਰ ਵਧਣਾ ਹੈ। ਪਿਛਲੇ ਸੀਜ਼ਨ ਵਿਚ ਸਰਕਾਰ ਨੇ ਦੇਸ਼ ਭਰ ਦੇ ਕਿਸਾਨਾਂ ਕੋਲੋਂ 389.92 ਲੱਖ ਟਨ ਕਣਕ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ 1925 ਰੁਪਏ ਪ੍ਰਤੀ ਕੁਇੰਟਲ 'ਤੇ ਖ਼ਰੀਦ ਕੀਤੀ ਸੀ। ਇਸ ਸਾਲ ਕਣਕ ਦੀ ਫ਼ਸਲ ਲਈ ਐੱਮ. ਐੱਸ. ਪੀ. 1975 ਰੁਪਏ ਪ੍ਰਤੀ ਕੁਇੰਟਲ ਹੈ।

ਰਕਬਾ-
ਚਾਲੂ ਫ਼ਸਲ ਸਾਲ 2020-21 (ਜੁਲਾਈ-ਜੂਨ) ਵਿਚ ਕਣਕ ਦੀ ਬਿਜਾਈ 346 ਲੱਖ ਹੈਕਟੇਅਰ ਤੋਂ ਜ਼ਿਆਦਾ ਵਿਚ ਹੋਈ ਹੈ, ਜੋ ਕਿ ਪਿਛਲੇ ਸਾਲ ਤੋਂ ਤਕਰੀਬਨ 3 ਫ਼ੀਸਦੀ ਵੱਧ ਹੈ। ਯੂ. ਪੀ. ਵਿਚ 99 ਲੱਖ ਹੈਕਟੇਅਰ ਤੋਂ ਵੱਧ ਵਿਚ ਕਣਕ ਦੀ ਬਿਜਾਈ ਹੋਈ ਹੈ, ਦੂਜੇ 'ਤੇ 88 ਲੱਖ ਹੈਕਟੇਅਰ ਨਾਲ ਮੱਧ ਪ੍ਰਦੇਸ਼ ਹੈ। ਪੰਜਾਬ ਵਿਚ 35 ਲੱਖ ਹੈਕਟੇਅਰ ਤੇ ਹਰਿਆਣਾ ਵਿਚ 25 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਕਣਕ ਦੀ ਬਿਜਾਈ ਹੋਈ ਹੈ। ਹਰਿਆਣਾ ਵਿਚ ਰਕਬਾ ਥੋੜ੍ਹਾ ਵਧਿਆ ਹੈ, ਜਦੋਂ ਕਿ ਪੰਜਾਬ ਵਿਚ ਤਕਰੀਬਨ ਪਿਛਲੇ ਸਾਲ ਦੇ ਬਰਾਬਰ ਹੈ।


Sanjeev

Content Editor

Related News