ਟ੍ਰੇਡ ਵਾਰ : ਚੀਨ ''ਚ ਤੇਜ਼ੀ ਨਾਲ ਵਧ ਰਹੀ ਬੇਰੋਜ਼ਗਾਰੀ

03/15/2019 10:34:09 PM

ਨਵੀਂ ਦਿੱਲੀ— ਅਮਰੀਕਾ ਤੇ ਚੀਨ ਦਰਮਿਆਨ ਜਾਰੀ ਟ੍ਰੇਡ ਵਾਰ ਦਾ ਅਸਰ ਹੁਣ ਵਿਆਪਕ ਰੂਪ ਲੈਂਦਾ ਜਾ ਰਿਹਾ ਹੈ। ਇਸ ਨਾਲ ਚੀਨ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਦਰਅਸਲ ਸਾਲ 2019 ਦੇ ਪਹਿਲੇ 2 ਮਹੀਨਿਆਂ 'ਚ ਹੀ ਚੀਨ ਦੀ ਆਰਥਿਕ ਹਾਲਤ ਬੀਤੇ 17 ਸਾਲਾਂ 'ਚ ਸਭ ਤੋਂ ਜ਼ਿਆਦਾ ਕਮਜ਼ੋਰ ਹੋਈ ਹੈ। ਚੀਨੀ ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਅਤੇ ਫਰਵਰੀ ਮਹੀਨੇ 'ਚ ਇੰਡਸਟਰੀਅਲ ਆਊਟਪੁਟ ਫਿਸਲ ਕੇ 17 ਸਾਲਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਦਸੰਬਰ 2018 'ਚ ਚੀਨ ਦੀ ਬੇਰੋਜ਼ਗਾਰੀ ਦਰ 4.9 ਫੀਸਦੀ ਸੀ, ਜੋ ਇਸ ਸਾਲ ਫਰਵਰੀ 'ਚ ਵਧ ਕੇ 5.3 ਫੀਸਦੀ ਹੋ ਗਈ ਹੈ। ਯਾਨੀ ਚੀਨ 'ਚ ਬੇਰੋਜ਼ਗਾਰੀ ਤੇਜ਼ੀ ਨਾਲ ਵਧ ਰਹੀ ਹੈ।
ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਦੀ ਗੱਲ ਕਰੀਏ ਤਾਂ ਬੀਤੇ ਮਹੀਨੇ 'ਚ ਇਹ ਵੀ ਇਕ ਸਾਲ ਦੇ ਹੇਠਲੇ ਪੱਧਰ 'ਤੇ ਆ ਗਿਆ। ਫਰਵਰੀ ਮਹੀਨੇ 'ਚ ਚੀਨ ਦਾ ਸੀ. ਪੀ. ਆਈ. 1.5 ਫੀਸਦੀ ਦੀ ਦਰ ਨਾਲ ਵਧਿਆ, ਜੋ ਜਨਵਰੀ ਮਹੀਨੇ 'ਚ 1.7 ਫੀਸਦੀ ਸੀ। ਦੱਸ ਦੇਈਏ ਕਿ ਸੀ. ਪੀ. ਆਈ. ਪ੍ਰਚੂਨ ਮਹਿੰਗਾਈ ਦਾ ਮੁੱਖ ਸੰਕੇਤਕ ਹੁੰਦਾ ਹੈ ਅਤੇ ਇਸ 'ਚ ਬੀਤੇ ਚਾਰ ਮਹੀਨਿਆਂ ਤੋਂ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੀਨ ਦੇ ਗ੍ਰਾਸ ਡੋਮੈਸਟਿਕ ਪ੍ਰੋਡਕਟ (ਜੀ. ਡੀ. ਪੀ.) ਦੀ ਗੱਲ ਕਰੀਏ ਤਾਂ ਇਹ ਵੀ 2019 'ਚ 6.6 ਫੀਸਦੀ ਦੇ ਪੱਧਰ 'ਤੇ ਆ ਗਿਆ ਸੀ, ਜੋ ਬੀਤੇ 28 ਸਾਲਾਂ ਦਾ ਹੇਠਲਾ ਪੱਧਰ ਸੀ। ਚੀਨੀ ਸਰਕਾਰ ਨੇ ਸਾਲ 2019 ਲਈ ਜੀ. ਡੀ. ਪੀ. ਵਿਕਾਸ ਦਰ ਨੂੰ 6-6.50 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ।
ਤਰਲਤਾ ਬਰਕਰਾਰ ਰੱਖਣ ਲਈ ਚੀਨੀ ਸਰਕਾਰ ਨੇ ਚੁੱਕੇ ਕਦਮ
ਇਸ ਤੋਂ ਇਲਾਵਾ ਸਾਲ ਦੇ ਸ਼ੁਰੂਆਤੀ 2 ਮਹੀਨਿਆਂ 'ਚ ਛੁੱਟੀਆਂ ਸਨ, ਜਿਸ ਦੀ ਵਜ੍ਹਾ ਨਾਲ ਮੈਨੂਫੈਕਚਰਿੰਗ ਗਤੀਵਿਧੀਆਂ 'ਚ ਗਿਰਾਵਟ ਆਈ ਹੈ। ਹਾਲਾਂਕਿ ਖਬਰ ਇਹ ਵੀ ਆ ਰਹੀ ਹੈ ਕਿ ਚੀਨੀ ਸਰਕਾਰ ਨੇ ਅਰਥਵਿਵਸਥਾ 'ਤੇ ਨਜ਼ਰ ਰੱਖੀ ਹੋਈ ਹੈ ਅਤੇ ਇਸ ਨੂੰ ਲੈ ਕੇ ਲਗਾਤਾਰ ਕਦਮ ਉਠਾ ਰਹੀ ਹੈ। ਬੀਤੇ ਕੁੱਝ ਦਿਨਾਂ 'ਚ ਸਰਕਾਰ ਨੇ ਟੈਕਸ 'ਚ ਕਟੌਤੀ ਕੀਤੀ ਹੈ। ਨਾਲ ਹੀ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ ਤਾਂ ਕਿ ਸਿਸਟਮ 'ਚ ਤਰਲਤਾ ਬਰਕਰਾਰ ਰਹੇ।
ਸਰਕਾਰ ਮੁਹੱਈਆ ਕਰਵਾਏਗੀ 1.1 ਕਰੋੜ ਨੌਕਰੀਆਂ ਦੇ ਮੌਕੇ
ਇਕ ਉੱਚ ਚੀਨੀ ਅਧਿਕਾਰੀ ਨੇ ਕਿਹਾ ਕਿ ਸਰਕਾਰ ਸ਼ਹਿਰੀ ਖੇਤਰ 'ਚ ਕਰੀਬ 1.1 ਕਰੋੜ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾਉਣ ਵਾਲੀ ਹੈ। ਇਸ ਅਧਿਕਾਰੀ ਨੇ ਕਿਹਾ ਕਿ ਅਸਲ 'ਚ ਸਾਡਾ ਟੀਚਾ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਕਰੀਬ 1.3 ਕਰੋੜ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾਈਏ।


satpal klair

Content Editor

Related News