ਅੰਬਾਂ ਦਾ ਇੰਤਜ਼ਾਰ ਕਰ ਰਹੇ ਲੋਕ ਹੋ ਸਕਦੇ ਹਨ ਨਿਰਾਸ਼, ਉਤਪਾਦਕਾਂ ਸਾਹਮਣੇ ਵੀ ਖੜ੍ਹਾ ਹੋਇਆ ਭਾਰੀ ਸੰਕਟ

05/31/2022 11:14:48 AM

ਨਵੀਂ ਦਿੱਲੀ (ਇੰਟ.) – ਦੁਸਹਿਰੀ ਸਮੇਤ ਸਾਰੇ ਮਜ਼ੇਦਾਰ ਅੰਬਾਂ ਦੀਆਂ ਕਿਸਮਾਂ ਦਾ ਸਵਾਦ ਲੈਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਇਸ ਵਾਰ ਨਿਰਾਸ਼ ਹੋਣਾ ਪੈ ਸਕਦਾ ਹੈ। ਖਰਾਬ ਮੌਸਮ ਕਾਰਨ ਅੰਬ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਅੰਬ ਉਤਪਾਦਕਾਂ ਦਾ ਕਹਿਣਾ ਹੈ ਕਿ ਇਸ ਸਾਲ ਅੰਬ ਦਾ ਉਤਪਾਦਨ 70 ਫੀਸਦੀ ਤੱਕ ਘੱਟ ਰਹਿ ਸਕਦਾ ਹੈ।

ਭਾਰਤੀ ਅੰਬ ਉਤਪਾਦਕ ਸੰਗਠਨ ਦੇ ਮੁਖੀ ਇੰਸਰਾਮ ਅਲੀ ਨੇ ਦੱਸਿਆ ਕਿ ਇਸ ਵਾਰ ਉਤਪਾਦਨ ਘੱਟ ਕਾਰਨ ਗਰਮੀਆਂ ’ਚ ਅੰਬ ਦੀਆਂ ਕੀਮਤਾਂ ਵਧ ਜਾਣਗੀਆਂ। ਲਖਨਊ ਅਤੇ ਉਸ ਦੇ ਆਲੇ-ਦੁਆਲੇ ਹੋਣ ਵਾਲੇ ਦੁਸਹਿਰੀ ਸਮੇਤ ਹੋਰ ਕਿਸਮਾਂ ਦੇ ਅੰਬ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਰ ਸਾਲ ਉੱਤਰ ਪ੍ਰਦੇਸ਼ (ਯੂ. ਪੀ.) ਵਿਚ ਜਿੱਥੇ 35 ਤੋਂ 45 ਲੱਖ ਮੀਟ੍ਰਿਕ ਟਨ ਦਾ ਉਤਪਾਦਨ ਹੁੰਦਾ ਹੈ, ਉੱਥੇ ਹੀ ਇਸ ਵਾਰ ਸਿਰਫ 10-12 ਲੱਖ ਮੀਟ੍ਰਿਕ ਟਨ ਉਤਪਾਦਨ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ :  ਭਾਰਤ ਨੇ 2022-23 ਤੱਕ ਸੇਵਾਵਾਂ ਸ਼ੁਰੂ ਕਰਨ ਲਈ 5ਜੀ ਸਪੈਕਟ੍ਰਮ ਨਿਲਾਮੀ ਲਈ ਆਧਾਰ ਕਾਰਜ ਸ਼ੁਰੂ ਕੀਤਾ

ਇੰਸਰਾਮ ਅਲੀ ਨੇ ਕਿਹਾ ਕਿ ਖਪਤ ਦੇ ਮੁਕਾਬਲੇ ਅੰਬ ਦਾ ਉਤਪਾਦਨ ਬੇਹੱਦ ਘੱਟ ਰਹਿਣ ਕਾਰਨ ਇਸ ਸਾਲ ਇਸ ਦੀਆਂ ਕੀਮਤਾਂ ’ਚ ਬੰਪਰ ਉਛਾਲ ਦਾ ਖਦਸ਼ਾ ਹੈ। ਇਸ ਸਾਲ ਫਰਵਰੀ-ਮਾਰਚ ’ਚ ਤਾਪਮਾਨ ਔਸਤ ਤੋਂ ਕਾਫੀ ਜ਼ਿਆਦਾ ਰਿਹਾ, ਜਿਸ ਕਾਰਨ ਅੰਬ ਦੇ ਦਰੱਖਤਾਂ ’ਤੇ ਬੂਰ ਪੈਂਦੇ ਹੀ ਨੁਕਸਾਨ ਹੋ ਗਿਆ। ਅੰਬ ਦਾ ਬੂਰ ਪੈਂਦੇ ਸਮੇਂ ਆਮ ਤੌਰ ’ਤੇ 30-35 ਡਿਗਰੀ ਤਾਪਮਾਨ ਦੀ ਲੋੜ ਹੁੰਦੀ ਹੈ ਪਰ ਇਸ ਸਾਲ ਮਾਰਚ ’ਚ ਇਹ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇਸ ਨਾਲ ਅੰਬ ਦੇ ਬੂਰ ਨੂੰ ਕਾਫੀ ਨੁਕਸਾਨ ਪਹੁੰਚਿਆ।

ਅੰਬ ਉਤਪਾਦਕ ਮੁਸ਼ਕਲ ’ਚ

ਦੁਨੀਆ ਭਰ ’ਚ ਅੰਬ ਉਤਪਾਦਨ ਲਈ ਮਸ਼ਹੂਰ ਲਖਨਊ ਦੇ ਮਲੀਹਾਬਾਦ ’ਚ ਇਸ ਸਾਲ ਫਸਲਾਂ ਕਾਫੀ ਖਰਾਬ ਹੋ ਗਈਆਂ ਹਨ। ਇੱਥੇ ਅੰਬ ਦਾ ਉਤਪਾਦਨ ਕਰਨ ਵਾਲੇ ਮੁਹੰਮਦ ਨਸੀਮ ਦਾ ਕਹਿਣਾ ਹੈ ਕਿ ਇੰਨੀ ਬੁਰੇ ਹਾਲਾਤ ਮੈਂ ਆਪਣੀ ਜ਼ਿੰਦਗੀ ’ਚ ਨਹੀਂ ਦੇਖੇ ਹਨ। ਮੇਰੇ ਵਾਂਗ ਯੂ. ਪੀ. ਦੇ ਹਜ਼ਾਰਾਂ ਅੰਬ ਉਤਪਾਦਕ ਇਸ ਸਾਲ ਖਰਾਬ ਫਸਲ ਕਾਰਨ ਮੁਸ਼ਕਲ ’ਚ ਹਨ। ਇਸ ਸਾਲ ਮਾਰਚ ਦਾ ਤਾਪਮਾਨ 122 ਸਾਲਾਂ ’ਚ ਸਭ ਤੋਂ ਵੱਧ ਰਿਹਾ ਜਦ ਕਿ ਅਪਰੈਲ 50 ਸਾਲਾਂ ਦਾ ਸਭ ਤੋਂ ਗਰਮ ਮਹੀਨਾ ਸੀ। ਇਸ ਕਾਰਨ ਫਲ ਆਉਣ ਤੋਂ ਪਹਿਲਾਂ ਹੀ ਫਸਲ ਖਰਾਬ ਹੋ ਗਈ।

ਇਹ ਵੀ ਪੜ੍ਹੋ : ਦੇਸ਼ ’ਚ 2000 ਰੁਪਏ ਦੇ ਜਾਅਲੀ ਨੋਟਾਂ ਦਾ ਚਲਨ ਵਧਿਆ, ਦੁੱਗਣੇ ਹੋਏ 500 ਰੁਪਏ ਦੇ ਨਕਲੀ ਨੋਟ

ਦੁਨੀਆ ਭਰ ’ਚ ਐਕਸਪੋਰਟ ਹੁੰਦਾ ਹੈ ਅੰਬ

ਇੰਸਰਾਮ ਅਲੀ ਨੇ ਕਿਹਾ ਕਿ ਯੂ. ਪੀ. ਸਾਡੇ ਦੇਸ਼ ’ਚ ਅੰਬ ਐਕਸਪੋਰਟ ਦਾ ਸਭ ਤੋਂ ਪ੍ਰਮੁੱਖ ਸੂਬਾ ਹੈ। ਇਥੋਂ ਸਾਊਦੀ ਅਰਬ, ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਤੱਕ ਅੰਬ ਭੇਜਿਆ ਜਾਂਦਾ ਹੈ। ਇਸ ਵਾਰ ਤਾਂ ਘਰੇਲੂ ਖਪਤ ਹੀ ਪੂਰੀ ਕਰਨ ਦਾ ਉਤਪਾਦਨ ਨਹੀਂ ਹੋ ਸਕਿਆ ਹੈ। ਇਸ ਤੋਂ ਇਲਾਵਾ ਜੋ ਐਕਸਪੋਰਟਰ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਕਾਰਨ ਅੰਬ ਵਿਦੇਸ਼ਾਂ ’ਚ ਨਹੀਂ ਭੇਜ ਸਕੇ ਸਨ, ਉਹ ਇਸ ਸਾਲ ਘੱਟ ਉਤਪਾਦਨ ਕਾਰਨ ਅੰਬ ਨਹੀਂ ਭੇਜ ਸਕਣਗੇ।

ਅਲੀ ਨੇ ਕਿਹਾ ਕਿ ਦੁਨੀਆ ਭਰ ’ਚ ਕੁੱਲ ਅੰਬ ਉਤਪਾਦਨ ਦਾ 50 ਫੀਸਦੀ ਇਕੱਲੇ ਭਾਰਤ ’ਚ ਹੁੰਦਾ ਹੈ। ਇੱਥੇ ਯੂ. ਪੀ. ਤੋਂ ਇਲਾਵਾ ਅਾਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਬਿਹਾਰ ਅਤੇ ਗੁਜਰਾਤ ਵਰਗੇ ਸੂਬਿਆਂ ’ਚ ਅੰਬ ਦਾ ਬੰਪਰ ਉਤਪਾਦਨ ਕੀਤਾ ਜਾਂਦਾ ਹੈ। ਹਾਲਾਂਕਿ ਸਭ ਤੋਂ ਵੱਧ ਮੰਗ ਯੂ. ਪੀ. ਦੇ ਦੁਸਹਿਰੀ ਅੰਬਾਂ ਦੀ ਰਹਿੰਦੀ ਹੈ, ਜਿਨ੍ਹਾਂ ਦਾ ਸਭ ਤੋਂ ਵੱਧ ਉਤਪਾਦਨ ਲਖਨਊ, ਪ੍ਰਤਾਪਗੜ੍ਹ, ਹਰਦੋਈ, ਸਹਾਰਨਪੁਰ, ਬਾਰਾਬੰਕੀ ਅਤੇ ਸੀਤਾਪੁਰ ’ਚ ਹੁੰਦਾ ਹੈ।

ਇਹ ਵੀ ਪੜ੍ਹੋ : ਈ-ਕਾਮਰਸ ਪਲੇਟਫਾਰਮਾਂ ’ਤੇ ਜਾਅਲੀ Rating ਨੂੰ ਰੋਕਣ ਲਈ ਡਰਾਫਟ ਲਿਆਉਣ ਦੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 


Harinder Kaur

Content Editor

Related News