ਉੱਤਰ ਭਾਰਤ ''ਚ ਪੈ ਰਹੀ ਭਿਆਨਕ ਠੰਡ ਕਾਰਨ ਭਵਿੱਖ ''ਚ ਇਨ੍ਹਾਂ ਚੀਜ਼ਾਂ ਦੀ ਹੋ ਸਕਦੀ ਹੈ ਕਿੱਲਤ

12/30/2019 4:51:55 PM

ਨਵੀਂ ਦਿੱਲੀ — ਉੱਤਰ ਭਾਰਤ 'ਚ ਠੰਡ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਪਹਾੜੀ ਸੂਬਿਆਂ ਦੇ ਮੁਕਾਬਲੇ ਇਸ ਵਾਰ ਰਾਜਧਾਨੀ ਦਿੱਲੀ 'ਚ ਜ਼ਿਆਦਾ ਭਿਆਨਕ ਠੰਡ ਪੈ ਰਹੀ ਹੈ। ਦਿੱਲੀ 'ਚ ਠੰਡ ਨੇ ਪਿਛਲੇ 118 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਲੇਹ ਇਲਾਕੇ ਦਾ ਤਾਪਮਾਨ ਡਿੱਗਣ ਕਰਕੇ ਸਿੰਧੂ ਨਦੀ ਜੰਮ ਗਈ ਹੈ। ਦਰਾਸ ਸੈਕਟਰ 'ਚ -28 ਡਿਗਰੀ ਸੈਲਸਿਅਸ ਤਾਪਮਾਨ ਦਰਜ ਕੀਤਾ ਗਿਆ ਹੈ। ਦਿੱਲੀ ਦਾ ਘੱਟੋ-ਘੱਟ ਤਾਪਮਾਨ 2.4 ਡਿਗਰੀ ਤੱਕ ਪਹੁੰਚ ਗਿਆ ਹੈ। ਜੇਕਰ ਇਸੇ ਤਰ੍ਹਾਂ ਤਾਪਮਾਨ ਡਿੱਗਦਾ ਰਿਹਾ ਤਾਂ ਦੇਸ਼ 'ਚ ਫਲ, ਸਬਜ਼ੀਆਂ ਅਤੇ ਦੁੱਧ ਦੀ ਕਿੱਲਤ ਹੋ ਜਾਵੇਗੀ।

ਸੁੱਕ ਜਾਣਗੇ ਸੇਬ ਦੇ ਬਾਗ

ਜਨਵਰੀ 2019 'ਚ ਆਈ ਵਾਤਾਵਰਣ, ਜੰਗਲ ਅਤੇ ਜਲਵਾਯੂ ਮੰਤਰਾਲੇ ਦੀ ਰਿਪੋਰਟ ਅਨੁਸਾਰ ਜਲਵਾਯੂ 'ਚ ਬਦਲਾਅ ਦੇ ਕਾਰਨ ਦੁੱਧ ਦੇ ਉਤਪਾਦਨ 'ਚ 2020 'ਚ 1.6 ਮੀਟ੍ਰਿਕ ਟਨ ਦੀ ਕਮੀ ਆ ਸਕਦੀ ਹੈ। ਇਸ ਦੇ ਨਾਲ ਹੀ ਚਾਵਲ ਸਮੇਤ ਕਈ ਫਸਲਾਂ ਦੇ ਉਤਪਾਦਨ 'ਚ ਕਮੀ ਆ ਸਕਦੀ ਹੈ। ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ 'ਚ ਭਾਰਤ ਨੂੰ ਵਾਤਾਵਰਣ 'ਚ ਆ ਰਹੇ ਇਸ ਬਦਲਾਅ  ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ। ਭਾਰਤ 2050 ਤੱਕ ਫਲ-ਸਬਜ਼ੀਆਂ ਤੋਂ ਇਲਾਵਾ ਦੁੱਧ ਲਈ ਤਰਸ ਜਾਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੇਬ ਦੀ ਖੇਤੀ ਸਮੁੰਦਰ ਤਲ ਤੋਂ 2500 ਫੁੱਟ ਦੀ ਉਚਾਈ 'ਤੇ ਕਰਨੀ ਹੋਵੇਗੀ ਕਿਉਂਕਿ ਮੌਜੂਦਾ ਸਮੇਂ 'ਚ ਖੇਤੀ 1230 ਮੀਟਰ ਦੀ ਉਚਾਈ 'ਤੇ ਹੁੰਦੀ ਹੈ। ਆਉਣ ਵਾਲੇ ਸਮੇਂ 'ਚ ਗਰਮੀ ਵਧਣ ਕਰਕੇ ਸੇਬ ਦੇ ਬਾਗ 1230 ਮੀਟਰ ਦੀ ਉਚਾਈ 'ਤੇ ਸੁੱਕ ਜਾਣਗੇ।

ਇਨ੍ਹਾਂ ਫਸਲਾਂ 'ਤੇ ਹੋਵੇਗਾ ਅਸਰ

ਵਧਦੀ ਸਰਦੀ-ਗਰਮੀ ਅਤੇ ਮਾਨਸੂਨ 'ਚ ਬਦਲਾਅ ਦਾ ਅਸਰ ਅਗਲੇ ਸਾਲ ਵੀ ਫਸਲਾਂ 'ਤੇ ਦਿਖਾਈ ਦੇਵੇਗਾ। ਇਸ ਬਦਲਾਅ ਕਾਰਨ ਸਾਲ 2020 'ਚ ਚਾਵਲ ਦੇ ਉਤਪਾਦਨ 'ਚ 4-6 ਫੀਸਦੀ, ਆਲੂ 'ਚ 11 ਫੀਸਦੀ, ਮੱਕੇ 'ਚ 18 ਫੀਸਦੀ ਅਤੇ ਸਰੋਂ 'ਚ 2 ਫੀਸਦੀ ਤੱਕ ਦੀ ਕਮੀ ਆ ਸਕਦੀ ਹੈ। ਸਭ ਤੋਂ ਜ਼ਿਆਦਾ ਅਸਰ ਕਣਕ 'ਤੇ ਹੋਵੇਗਾ ਇਸ ਦਾ ਉਤਪਾਦਨ 60 ਲੱਖ ਟਨ ਤੱਕ ਡਿੱਗ ਸਕਦਾ ਹੈ।

ਇਨ੍ਹਾਂ ਸੂਬਿਆਂ 'ਚ ਘਟੇਗਾ ਦੁੱਧ ਦਾ ਉਤਪਾਦਨ

ਰਿਪੋਰਟ ਅਨੁਸਾਰ ਦੁੱਧ ਦੇ ਉਤਪਾਦਨ 'ਚ ਸਭ ਤੋਂ ਜ਼ਿਆਦਾ ਗਿਰਾਵਟ ਉੱਤਰ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਅਤੇ ਪੱਛਮੀ ਬੰਗਾਲ 'ਚ ਦੇਖਣ ਨੂੰ ਮਿਲੇਗੀ। ਗਲੋਬਲ ਵਾਰਮਿੰਗ ਨਾਲ ਇਨ੍ਹਾਂ ਸੂਬਿਆਂ 'ਚ ਗਰਮੀ ਤੇਜ਼ੀ ਨਾਲ ਵਧੇਗੀ। ਨਤੀਜੇ ਵਜੋਂ ਪਾਣੀ ਦੀ ਕਮੀ ਹੋਵੇਗੀ ਅਤੇ ਇਸ ਦਾ ਅਸਰ ਜਾਨਵਰਾਂ ਦੀ ਸਿਹਤ 'ਤੇ ਦਿਖਾਈ ਦੇਵੇਗਾ।


Related News