ਪਾਣੀ ਦੀ ਬੋਤਲ ਦੇ 21 ਰੁਪਏ ਲਏ ਵੱਧ, ਦੁਕਾਨਦਾਰ ਨੂੰ 12,000 ਰੁਪਏ ਹਰਜਾਨਾ
Tuesday, Sep 26, 2017 - 10:37 PM (IST)

ਬੈਂਗਲੁਰ-ਪਾਣੀ ਦੀ ਬੋਤਲ ਦੇ ਵੱਧ ਪੈਸੇ ਲੈਣ 'ਤੇ ਸਥਾਨਕ ਜ਼ਿਲਾ ਕੰਜ਼ਿਊਮਰ ਫੋਰਮ ਨੇ ਦੁਕਾਨਦਾਰ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਗਾਹਕ ਨੂੰ 12,000 ਰੁਪਏ ਹਰਜਾਨਾ ਦੇਵੇ।
ਕੀ ਹੈ ਮਾਮਲਾ
ਸ਼ਿਕਾਇਤਕਰਤਾ ਰਾਘਵੇਂਦਰ ਕੇ. ਪੀ. ਨੇ ਦੱਸਿਆ ਕਿ 5 ਦਸੰਬਰ, 2015 ਨੂੰ ਉਹ ਰਾਇਲ ਮੀਨਾਕਸ਼ੀ ਮਾਲ ਗਿਆ ਸੀ। ਉੱਥੇ ਉਸ ਨੇ ਇਕ ਦੁਕਾਨ ਤੋਂ ਕੋਕਾ-ਕੋਲਾ ਬਰਾਂਡ ਕਿਨਲੇ ਦੀ ਇਕ ਪਾਣੀ ਦੀ ਬੋਤਲ ਖਰੀਦੀ। ਦੁਕਾਨਦਾਰ ਨੇ 1 ਲਿਟਰ ਪਾਣੀ ਦੀ ਬੋਤਲ ਲਈ ਉਸ ਕੋਲੋਂ 40 ਰੁਪਏ ਵਸੂਲ ਕੀਤੇ, ਜਦੋਂ ਕਿ ਉਸ ਦਾ ਐੱਮ. ਆਰ. ਪੀ. 19 ਰੁਪਏ ਹੀ ਸੀ। ਆਪਣੀ ਸ਼ਿਕਾਇਤ 'ਚ ਰਾਘਵੇਂਦਰ ਨੇ ਇਹ ਦਾਅਵਾ ਕੀਤਾ ਸੀ ਕਿ ਉਸੇ ਸ਼ਾਮ ਉਸ ਨੇ ਜਯਾਨਗਰ ਦੀ ਇਕ ਦੁਕਾਨ ਤੋਂ ਉਹੀ ਇਕ ਲਿਟਰ ਪਾਣੀ ਦੀ ਬੋਤਲ 19 ਰੁਪਏ 'ਚ ਖਰੀਦੀ ਸੀ। ਸ਼ਿਕਾਇਤਕਰਤਾ ਨੇ ਇਨ੍ਹਾਂ ਦੋਵਾਂ ਖਰੀਦਦਾਰੀਆਂ ਦੀਆਂ ਚਲਾਨ ਰਸੀਦਾਂ ਕੋਰਟ 'ਚ ਜਮ੍ਹਾ ਕੀਤੀਆਂ ਸੀ ਅਤੇ ਕਿਹਾ ਸੀ ਕਿ ਰਾਇਲ ਮੀਨਾਕਸ਼ੀ ਮਾਲ 'ਚ ਕੀਤੀ ਗਈ ਖਰੀਦਦਾਰੀ ਦੀ ਵਜ੍ਹਾ ਨਾਲ ਉਸ ਨੂੰ 21 ਰੁਪਏ ਦਾ ਨੁਕਸਾਨ ਸਹਿਣਾ ਪਿਆ। ਇਸ ਸਬੰਧ 'ਚ ਰਾਘਵੇਂਦਰ ਨੇ ਵੈਂਡਰ, ਜੀ. ਐੱਮ. ਇੰਟਰਪ੍ਰਾਈਜ਼ਿਜ਼ ਦੇ ਰਾਇਲ ਮੀਨਾਕਸ਼ੀ ਮਾਲ ਤੇ ਨਿਰਮਾਤਾ ਕੋਕਾ-ਕੋਲਾ ਦੇ ਖਿਲਾਫ ਕੰਜ਼ਿਊਮਰ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ ਸੀ। ਫੋਰਮ ਵੱਲੋਂ ਸਾਲ 2016 ਦੀ ਸ਼ੁਰੂਆਤ 'ਚ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਗਈ ਸੀ।
ਕੀ ਕਿਹਾ ਫੋਰਮ ਨੇ
ਮੁਕਦਮੇ ਦੀ ਸੁਣਵਾਈ ਦੌਰਾਨ ਕੋਲਾ-ਕੋਲਾ ਵੀ ਇਸ ਗੱਲ 'ਤੇ ਸਹਿਮਤ ਹੋਇਆ ਕਿ ਦੁਕਾਨਦਾਰ ਨੇ ਗਾਹਕਾਂ ਨੂੰ ਧੋਖਾ ਦੇਣ ਲਈ ਪਾਣੀ ਦੇ ਮੁੱਲ ਵਧਾਏ ਸਨ। ਉੱਥੇ ਹੀ ਦੁਕਾਨਦਾਰ ਦਾ ਕਹਿਣਾ ਸੀ ਕਿ ਸ਼ਿਕਾਇਤਕਰਤਾ ਨੇ ਝੂਠਾ ਦੋਸ਼ ਲਾਇਆ ਹੈ ਪਰ ਫੋਰਮ ਨੇ ਮੰਨਿਆ ਕਿ ਸ਼ਿਕਾਇਤਕਰਤਾ ਰਾਘਵੇਂਦਰ ਦਾ ਦੋਸ਼ ਸਹੀ ਹੈ ਅਤੇ ਦੁਕਾਨਦਾਰ ਨੇ ਉਸ ਨੂੰ 21 ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਕੋਰਟ ਨੇ ਆਪਣੇ ਫੈਸਲੇ 'ਚ ਸ਼ਿਕਾਇਤਕਰਤਾ ਨੂੰ ਅਦਾਲਤੀ ਖਰਚੇ ਸਮੇਤ 12,000 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।