ਮਾਮੂਲੀ ਝੜਗੇ ਮਗਰੋਂ ਮਾਰਿਆ ਧੱਕਾ, ਮੌਕੇ ''ਤੇ ਹੀ ਦੁਕਾਨਦਾਰ ਦੀ ਮੌਤ
Wednesday, Dec 03, 2025 - 08:08 PM (IST)
ਬਟਾਲਾ/ਫਤਹਿਗੜ੍ਹ ਚੂੜੀਆਂ (ਸਾਹਿਲ, ਬਿਕਰਮਜੀਤ, ਸਾਰੰਗਲ)- ਕਸਬਾ ਫਤਹਿਗੜ੍ਹ ਚੂੜੀਆਂ ਸਥਿਤ 2 ਦੁਕਾਨਦਾਰਾਂ ਦੇ ਹੋਏ ਆਪਸੀ ਝਗੜੇ ਵਿਚ ਇਕ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਵਾਰਡ ਨੰ.4 ਫਤਹਿਗੜ੍ਹ ਚੂੜੀਆਂ ਦੀ ਬਾਜ਼ਾਰ ਵਿਚ ਸੈਨਟਰੀ ਦੀ ਦੁਕਾਨ ਹੈ ਅਤੇ ਇਸਦੇ ਨਾਲ ਹੀ ਲੱਡੂ ਪੁੱਤਰ ਅਮਰੀਕ ਸਿੰਘ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਸਵੇਰੇ ਉਕਤ ਦੁਕਾਨਦਾਰਾਂ ਦਾ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਲੱਡੂ ਅਤੇ ਇਸ ਦੇ ਲੜਕੇ ਗੋਬਿੰਦ ਨੇ ਗੁਰਮੀਤ ਸਿੰਘ ਨੂੰ ਧੱਕਾ ਮਾਰ ਦਿੱਤਾ, ਜਿਸ ਦੇ ਸਿੱਟੇ ਵਜੋਂ ਗੁਰਮੀਤ ਸਿੰਘ ਜ਼ਮੀਨ ’ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਐੱਸ.ਐੱਚ.ਓ. ਨੇ ਦੱਸਿਆ ਕਿ ਇਸ ਸਬੰਧੀ ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਲੱਡੂ ਅਤੇ ਗੋਬਿੰਦ ਵਿਰੁੱਧ ਮੌਕੇ ’ਤੇ ਪਹੁੰਚੇ ਤਫਤੀਸ਼ੀ ਅਫਸਰ ਐੱਸ. ਆਈ. ਬਲਜੀਤ ਸਿੰਘ ਨੇ ਬਣਦੀਆਂ ਧਾਰਾਵਾਂ ਹੇਠ ਥਾਣਾ ਫਤਹਿਗੜ੍ਹ ਚੂੜੀਆਂ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
