ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ ਈਸਾਈ ਭਾਈਚਾਰੇ ਨੂੰ ਲੀਗਲ ਨੋਟਿਸ: ਜਨਤਕ ਮਾਫੀ ਤੇ 10 ਲੱਖ ਰੁਪਏ ਦੀ ਮੰਗ
Friday, Dec 12, 2025 - 12:04 PM (IST)
ਜਲੰਧਰ/ਐਂਟਰਟੇਨਮੈਂਟ ਡੈਸਕ — ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਂ ਚਰਨ ਕੌਰ ਵੱਲੋਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਪਿਛਲੇ ਦਿਨੀਂ ਜਲੰਧਰ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਗਏ ਇੱਕ ਪ੍ਰਦਰਸ਼ਨ ਨਾਲ ਸਬੰਧਤ ਹੈ, ਜਿੱਥੇ ਇੱਕ ਪੁਤਲਾ ਬਣਾਇਆ ਗਿਆ ਸੀ, ਜਿਸ 'ਤੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੀ ਤਸਵੀਰ ਲੱਗੀ ਹੋਈ ਸੀ।
ਇਹ ਵੀ ਪੜ੍ਹੋ: ਹੁਣ ਆਸਾਨੀ ਨਾਲ ਨਹੀਂ ਮਿਲੇਗੀ US ਦੀ ਨਾਗਰਿਕਤਾ ! ਜੇ ਕੀਤੀ ਇਹ ਗਲਤੀ ਤਾਂ ਤੁਰੰਤ ਰੱਦ ਹੋਵੇਗਾ ਵੀਜ਼ਾ
ਇਸ ਵਿਵਾਦਗ੍ਰਸਤ ਕਾਰਵਾਈ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਗੁੱਸਾ ਪਾਇਆ ਗਿਆ ਸੀ। ਇਹ ਪੁਤਲਾ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਲਿਆਂਦਾ ਗਿਆ ਸੀ ਅਤੇ ਉਸ ਤੋਂ ਬਾਅਦ ਇਸ ਨੂੰ ਸਾੜਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਕ੍ਰਿਸਚਨ ਐਕਸ਼ਨ ਕਮੇਟੀ ਦੇ ਮੁਖੀ ਨੇ ਬਾਅਦ ਵਿੱਚ ਕਿਹਾ ਸੀ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਤਸਵੀਰ ਸਿੱਧੂ ਮੂਸੇਵਾਲੇ ਦੀ ਮਾਤਾ ਦੀ ਹੈ, ਤਾਂ ਤਸਵੀਰ ਉਤਾਰ ਦਿੱਤੀ ਗਈ ਸੀ, ਅਤੇ ਉਨ੍ਹਾਂ ਨੇ ਪੁਤਲਾ ਸਾੜਨ ਤੋਂ ਇਨਕਾਰ ਵੀ ਕੀਤਾ ਸੀ। ਹਾਲਾਂਕਿ, ਵਿਵਾਦ ਸਾਹਮਣੇ ਆਉਣ ਤੋਂ ਬਾਅਦ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਮਾਫੀ ਮੰਗ ਲਈ ਗਈ ਸੀ, ਪਰ ਹੁਣ ਚਰਨ ਕੌਰ ਵੱਲੋਂ ਭੇਜੇ ਗਏ ਲੀਗਲ ਨੋਟਿਸ ਵਿੱਚ ਸਖ਼ਤ ਮੰਗਾਂ ਕੀਤੀਆਂ ਗਈਆਂ ਹਨ।
ਲੀਗਲ ਨੋਟਿਸ ਦੀਆਂ ਮੰਗਾਂ
1. ਨੋਟਿਸ ਵਿੱਚ 15 ਦਿਨਾਂ ਦੇ ਅੰਦਰ-ਅੰਦਰ ਜਨਤਕ ਤੌਰ 'ਤੇ ਮਾਫੀ ਮੰਗਣ ਦੀ ਗੱਲ ਕੀਤੀ ਗਈ ਹੈ।
2. ਇਸ ਮਾਫੀ ਨੂੰ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ (ਪਬਲਿਸ਼) ਕਰਾਉਣ ਦੀ ਮੰਗ ਕੀਤੀ ਗਈ ਹੈ।
3. ਇਸ ਤੋਂ ਇਲਾਵਾ, ਨੋਟਿਸ ਵਿੱਚ ਮਾਣਹਾਨੀ ਦੇ ਰੂਪ ਵਿੱਚ 10 ਲੱਖ ਰੁਪਏ ਦੀ ਵੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕਦੇ ਸਲਮਾਨ ਲਈ 'ਪਾਗਲ' ਬਣੀ ਸੀ ਇਹ ਅਦਾਕਾਰਾ ! ਲਾਈਮਲਾਈਟ ਤੋਂ ਦੂਰ ਹੁਣ ਇਸ ਕੰਮ 'ਚ ਅਜ਼ਮਾ ਰਹੀ ਹੱਥ
