ਆਸਮਾਨ ਛੂਹ ਰਹੇ ਹਨ ਨਿੰਬੂ ਦੇ ਮੁੱਲ, ਹਰੀ ਮਿਰਚ ਅਤੇ ਸਬਜ਼ੀਆਂ ਵੀ ਵਿਖਾ ਰਹੀਆਂ ਤੇਵਰ

Monday, Apr 11, 2022 - 12:16 PM (IST)

ਆਸਮਾਨ ਛੂਹ ਰਹੇ ਹਨ ਨਿੰਬੂ ਦੇ ਮੁੱਲ, ਹਰੀ ਮਿਰਚ ਅਤੇ ਸਬਜ਼ੀਆਂ ਵੀ ਵਿਖਾ ਰਹੀਆਂ ਤੇਵਰ

ਨਵੀਂ ਦਿੱਲੀ (ਇੰਟ) - 12 ਦਿਨਾਂ ਵਿਚ ਈਂਧਨ ਦੀਆਂ ਕੀਮਤਾਂ ਵਿਚ ਵਾਰ-ਵਾਰ ਇਜ਼ਾਫੇ ਨੇ ਲੋਕਾਂ ਨੂੰ ਹਰ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਇਸ ਤੋਂ ਨਾ ਸਿਰਫ ਉਨ੍ਹਾਂ ਦੀ ਦੈਨਿਕ ਯਾਤਰਾ ਦੀ ਲਾਗਤ ਵਧੀ ਹੈ, ਸਗੋਂ ਉਨ੍ਹਾਂ ਦੇ ਭੋਜਨ ਦੇ ਬਿੱਲਾਂ ਉਤੇ ਵੀ ਅਸਰ ਪਿਆ ਹੈ। ਈਂਧਨ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਟਰਾਂਸਪੋਰਟ ਲਾਗਤ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਇਸ ਕਾਰਨ ਸਬਜ਼ੀ ਵੇਚਣ ਵਾਲਿਆਂ ਦੇ ਨਾਲ-ਨਾਲ ਗਾਹਕਾਂ ਨੂੰ ਵੀ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ।

ਇਹ ਵੀ ਪੜ੍ਹੋ : Sri Lanka Crisis: ਸ਼੍ਰੀਲੰਕਾ ਨੇ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਨੂੰ ਕੀਤਾ ਦੁੱਗਣਾ

ਉਥੇ ਹੀ ਸਬਜ਼ੀਆਂ ਵਿਚ ਵੀ ਨਿੰਬੂ ਅਤੇ ਹਰੀ ਮਿਰਚ ਆਪਣੇ ਤੇਵਰ ਵਿਖਾ ਰਹੇ ਹਨ। ਗੁਜਰਾਤ ਵਿਚ ਇਕ ਨਿੰਬੂ ਦੀ ਕੀਮਤ 18 ਤੋਂ 25 ਰੁਪਏ ਹੈ। ਥੋਕ ਬਾਜ਼ਾਰ ਵਿਚ ਨਿੰਬੂ ਕਰੀਬ 300 ਰੁਪਏ ਕਿਲੋ ਵਿਕ ਰਿਹਾ ਹੈ। ਜੋਧਪੁਰ ਦੇ ਵਸਤਰਪੁਰ ਵਿਚ ਨਿੰਬੂ ਦੀਆਂ ਪ੍ਰਚੂਨ ਕੀਮਤਾਂ 400 ਰੁਪਏ ਪ੍ਰਤੀ ਕਿਲੋ ਤੱਕ ਵੱਧ ਗਈਆਂ ਹਨ। ਦਿੱਲੀ ਵਿਚ ਟਮਾਟਰ 40 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂਕਿ ਪਹਿਲਾਂ ਕੀਮਤ 25-30 ਰੁਪਏ ਸੀ। ਕੱਦੂ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਹੈ। ਆਲੂ ਦੀ ਕੀਮਤ ਵੀ ਵੱਧ ਗਈ ਹੈ। ਆਲੂ ਪਹਿਲਾਂ 10-15 ਰੁਪਏ ਪ੍ਰਤੀ ਕਿਲੋ ਵਿਕਦਾ ਸੀ। ਤਰਬੂਜ਼ ਜਿਸ ਨੂੰ ਲੋਕ ਗਰਮੀ ਦੇ ਮੌਸਮ ਵਿਚ ਖੂਬ ਸ਼ੌਕ ਨਾਲ ਖਾਂਦੇ ਹਨ, ਇਹ 30 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦੋਂਕਿ ਇਸ ਦੀ ਕੀਮਤ ਪਹਿਲਾਂ 20-25 ਰੁਪਏ ਪ੍ਰਤੀ ਕਿਲੋ ਸੀ। ਇਸੇ ਤਰ੍ਹਾਂ ਦਿੱਲੀ ਵਿਚ ਪਿਆਜ਼ ਦੇ ਮੁੱਲ ਵਧ ਕੇ 40 ਰੁਪਏ ਪ੍ਰਤੀ ਕਿਲੋ ਹੋ ਗਏ ਹਨ, ਜੋ ਪਹਿਲਾਂ 30-35 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ।

ਨਿੰਬੂ-ਪਾਣੀ ਬਣਿਆ ਲਗਜ਼ਰੀ ਪਾਣੀ

ਦਿੱਲੀ ਵਿਚ ਨਿੰਬੂ ਦੀਆਂ ਕੀਮਤਾਂ 300 ਤੋਂ 350 ਰੁਪਏ ਪ੍ਰਤੀ ਕਿਲੋ ’ਚ ਹੈ। ਯਾਨੀ ਕਿ ਦਿੱਲੀ ਵਿਚ ਵੀ ਇਕ ਨਿੰਬੂ ਦੀ ਕੀਮਤ 10 ਰੁਪਏ ਤੋਂ ਜ਼ਿਆਦਾ ਹੈ। ਦਿੱਲੀ ਵਿਚ ਮਾਰਚ ਦੇ ਮਹੀਨੇ ਤੋਂ ਹੀ ਰਿਕਾਰਡ ਗਰਮੀ ਪੈ ਰਹੀ ਹੈ, ਅਜਿਹੇ ਵਿਚ ਗਰਮੀ ’ਚ ਆਮ ਲੋਕਾਂ ਲਈ ਨਿੰਬੂ-ਪਾਣੀ ਇਕ ਲਗਜ਼ਰੀ ਪਾਣੀ ਬਣ ਗਿਆ ਹੈ। ਉਥੇ ਹੀ ਹੈਦਰਾਬਾਦ ਵਿਚ ਇਕ ਸਬਜ਼ੀ ਵਿਕ੍ਰੇਤਾ ਨੇ ਦੱਸਿਆ ਕਿ ਉਹ ਪਹਿਲਾਂ ਇਕ ਪੂਰੀ ਨਿੰਬੂ ਦੀ ਬੋਰੀ 700 ਰੁਪਏ ਵਿਚ ਖਰੀਰਦਦਾ ਸੀ ਪਰ ਹੁਣ ਉਸ ਦੀ ਕੀਮਤ 3,500 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ : ਪਾਮ ਆਇਲ ਸੰਕਟ ਕਾਰਨ ਵਧੀਆਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ, ਜਾਣੋ ਕੀ ਹੈ ਕਾਰਨ

ਰਾਜਾਂ ਵਿਚ ਪ੍ਰਤੀ ਕਿਲੋ ਨਿੰਬੂ ਦੇ ਮੁੱਲ

ਦਿੱਲੀ ਵਿਚ ਨਿੰਬੂ 350 ਰੁਪਏ, ਸੂਰਤ 300, ਉਤਰਾਖੰਡ 350, ਨਾਗਪੁਰ 300, ਜੈਪੁਰ 400, ਨੋਇਡਾ 428, ਹਰਿਆਣਾ 420, ਮੁੰਬਈ 320 ਅਤੇ ਕੋਲਕਾਤਾ ਵਿਚ 300 ਰੁਪਏ ਕਿਲੋ ਵਿਕ ਰਿਹਾ ਹੈ।

ਹਰੀ ਮਿਰਚ ਵੀ ਹੋਈ ਤਿੱਖੀ

ਨਿੰਬੂ ਦੇ ਨਾਲ ਸ਼ਹਿਰਾਂ ਵਿਚ ਹਰੀ ਮਿਰਚ ਵੀ ਮਹਿੰਗੇ ਰੇਟ ਉੱਤੇ ਵਿਕ ਰਹੀ ਹੈ। ਬੈਂਗਲੁਰੂ ਵਿਚ ਹਰੀ ਮਿਰਚ ਦੀ ਕੀਮਤ 2 ਦਿਨ ਪਹਿਲਾਂ 120 ਰੁਪਏ ਪ੍ਰਤੀ ਕਿਲੋ ਹੋ ਗਈ ਸੀ, ਉਥੇ ਹੀ, ਦਿੱਲੀ ਵਿਚ ਇਕ ਕਿਲੋ ਹਰੀ ਮਿਰਚ ਇਕ ਲਿਟਰ ਪੈਟਰੋਲ ਦੀ ਕੀਮਤ ਤੋਂ ਜ਼ਿਆਦਾ ਹੈ। ਨਿੰਬੂ ਦੀਆਂ ਕੀਮਤਾਂ ਵਿਚ ਉਛਾਲ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਮੀਮਸ ਵੀ ਸ਼ੇਅਰ ਕੀਤੇ ਜਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਹੁਣ ਬਾਈਕ ਅਤੇ ਕਾਰਾਂ ਵਿਚ ਅਸਲੀ ਨਿੰਬੂ ਅਤੇ ਮਿਰਚ ਦੀ ਬਜਾਏ ਸਟਿੱਕਰ ਹੋਣਗੇ।

ਇਹ ਵੀ ਪੜ੍ਹੋ : ਮਾਰੂਤੀ ਸੁਜ਼ੂਕੀ ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੀਮਤਾਂ ਵਧਾਉਣ ਦੀ ਰੌਂਅ 'ਚ ਕੰਪਨੀ

ਨਿੰਬੂ ਅਤੇ ਮਿਰਚ ਦੇ ਭਾਅ ਵਿਚ ਜਿਸ ਕਦਰ ਉਛਾਲ ਆਇਆ ਹੈ, ਓਨੀਆਂ ਉੱਚੀਆਂ ਕੀਮਤਾਂ ਉੱਤੇ ਸ਼ਾਇਦ ਹੀ ਲੋਕ ਸਬਜ਼ੀ ਖਰੀਦ ਰਹੇ ਹਨ। ਨਿੰਬੂ ਜਾਂ ਮਿਰਚ ਜੋ ਕਦੇ ਸਭ ਤੋਂ ਘੱਟ ਰੇਟ ਜਾਂ ਮੁਫਤ ਵਿਚ ਦਿੱਤੇ ਜਾਂਦੇ ਸਨ, ਹੁਣ ਲੋਕ ਇਸ ਨੂੰ ਜ਼ਰੂਰਤ ਦੇ ਹਿਸਾਬ ਨਾਲ ਖਰੀਦ ਰਹੇ ਹਨ ਜਾਂ ਖਰੀਦਣ ਤੋਂ ਮਨ੍ਹਾ ਕਰ ਰਹੇ ਹਨ।

ਦੁਨੀਆ ਭਰ ਵਿਚ ਖੁਰਾਕੀ ਕੀਮਤਾਂ ਉੱਚ ਪੱਧਰ ਉੱਤੇ

ਖੁਰਾਕੀ ਅਤੇ ਖੇਤੀਬਾੜੀ ਸੰਗਠਨ (ਐੱਫ. ਏ. ਓ.) ਦਾ ਕਹਿਣਾ ਹੈ ਕਿ ਮਾਰਚ ਵਿਚ ਦੁਨੀਆ ਭਰ ਵਿਚ ਖੁਰਾਕੀ ਕੀਮਤਾਂ ਉੱਚ ਪੱਧਰ ਉੱਤੇ ਹਨ ਕਿਉਂਕਿ ਰੂਸ ਦੇ ਯੂਕ੍ਰੇਨ ਉੱਤੇ ਹਮਲੇ ਨਾਲ ਬਾਜ਼ਾਰਾਂ ਨੂੰ ਅਨਾਜ ਅਤੇ ਬਨਸਪਤੀ ਤੇਲਾਂ ਦੇ ਭਾਅ ਨਾਲ ਝਟਕਾ ਲੱਗਾ ਹੈ। ਸੰਯੁਕਤ ਰਾਸ਼ਟਰ ਦੇ ਖੁਰਾਕੀ ਅਤੇ ਖੇਤੀਬਾੜੀ ਸੰਗਠਨ ਨੇ ਕਿਹਾ ਹੈ ਕਿ ਉਸ ਦਾ ਖੁਰਾਕੀ ਮੁੱਲ ਸੂਚਕ ਅੰਕ ਵਸਤਾਂ ਦੀ ਅੰਤਰਰਾਸ਼ਟਰੀ ਕੀਮਤਾਂ ਵਿਚ ਮਹੀਨਾਵਾਰ ਤਬਦੀਲੀ ਨੂੰ ਟਰੈਕ ਕਰਦਾ ਹੈ। ਖੁਰਾਕੀ ਅਤੇ ਖੇਤੀਬਾੜੀ ਸੰਗਠਨ (ਐੱਫ . ਏ. ਓ.) ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਫਰਵਰੀ ਦੀ ਤੁਲਣਾ ਵਿਚ ਮਾਰਚ ਵਿਚ ਵਿਸ਼ਵ ਖੁਰਾਕੀ ਕੀਮਤਾਂ ਵਿਚ ਲੱਗਭੱਗ 13 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਮਾਰਚ ਵਿਚ ਔਸਤ ਸੂਚਕ ਅੰਕ 159.3 ਅੰਕ ਸੀ, ਜੋ ਫਰਵਰੀ ਦੇ ਪੱਧਰ ਤੋਂ 12.6 ਫੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ : ਭਾਰਤ ਸਰਕਾਰ ਦੀ ਵੱਡੀ ਕਾਰਵਾਈ, ਪਾਕਿਸਤਾਨ ਦੇ 4 ਯੂਟਿਊਬ ਚੈਨਲਾਂ ਸਮੇਤ 22 ਨੂੰ ਕੀਤਾ ਬਲਾਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News