Modified ਗੱਡੀਆਂ ਖ਼ਿਲਾਫ਼ ਐਕਸ਼ਨ! ਧੜਾਧੜ ਕੱਟੇ ਜਾ ਰਹੇ ਚਾਲਾਨ
Thursday, Nov 13, 2025 - 06:00 PM (IST)
ਲੁਧਿਆਣਾ (ਸੰਨੀ)- ਸਪੈਸ਼ਲ ਡੀ. ਜੀ. ਪੀ. ਅਮਰਦੀਪ ਸਿੰਘ ਰਾਏ ਦੇ ਨਿਰਦੇਸ਼ਾਂ ’ਤੇ ਲੁਧਿਆਣਾ ਪੁਲਸ ਮੋਡੀਫਾਈ ਕੀਤੇ ਹੋਏ ਵਾਹਨਾਂ ਦੇ ਚਲਾਨ ਕਰਨ ਵਿਚ ਜੁਟ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਅਮਲ ਕਰਦੇ ਹੋਏ ਪੁਲਸ ਵਲੋਂ ਮੋਡੀਫਾਈ ਕੀਤੇ ਹੋਏ ਵਾਹਨਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਲੁਧਿਆਣਾ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਨਿਯਮਾਂ ਦੇ ਉਲਟ ਮੋਡੀਫਾਈ ਕੀਤੇ ਹੋਏ ਸਾਇਲੈਂਸਰ, ਐਗਜ਼ਾਸਟ ਸਿਸਟਮ ਬਦਲੀ, ਮੋਡੀਫਾਈ ਚੈਸੀ ਅਤੇ ਹੋਰ ਤਕਨੀਕੀ ਤਬਦੀਲੀ ਵਾਲੇ ਵਾਹਨਾਂ ਦੇ 122 ਚਲਾਨ ਕੀਤੇ ਹਨ। ਇਸ ਵਿਚ ਜੁਗਾੜੂ ਬਾਈਕ ਰੇਹੜੇ, ਵਾਧੂ ਲੋਅਰ ਟਾਇਰ ਵਾਲੀਆਂ ਐੱਸ. ਯੂ. ਵੀ. ਗੱਡੀਆਂ, ਕਾਰਾਂ ’ਚ ਵਾਧੂ ਲਾਈਟਾਂ, ਹੂਟਰ, ਚੈਸੀ ਨਾ ਛੇੜਖਾਨੀ ਕਰਨ ਵਾਲੇ ਵਾਹਨ ਵੀ ਸ਼ਾਮਲ ਹਨ।
ਏ. ਸੀ. ਪੀ. ਟ੍ਰੈਫਿਕ ਜਤਿਨ ਬਾਂਸਲ ਨੇ ਦੱਸਿਆ ਕਿ ਇਹ ਮੁਹਿੰਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਆਵਾਜ਼ ਪ੍ਰਦੂਸ਼ਣ ਘੱਟ ਕਰਨ ਅਤੇ ਚਾਲਕਾਂ ’ਚ ਜ਼ਿੰਮੇਵਾਰੀ ਭਰੀ ਡਰਾਈਵਿੰਗ ਦੀ ਆਦਤ ਵਿਕਸਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਆਪਣੀ ਟੀਮ ਨੂੰ ਹੁਕਮ ਦਿੱਤੇ ਹਨ ਕਿ ਜਿਨ੍ਹਾਂ ਵੀ ਵਾਹਨਾਂ ’ਚ ਬਿਨਾਂ ਇਜਾਜ਼ਤ ਮਕੈਨੀਕਲ ਜਾਂ ਢਾਂਚਾਗਤ ਤਬਦੀਲੀ ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਜਾਰੀ ਰਹੇਗੀ। ਪੁਲਸ ਵਲੋਂ ਨਾਗਰਿਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਆਪਣੇ ਵਾਹਨਾਂ ’ਚ ਗੈਰ-ਕਾਨੂੰਨੀ ਮੋਫੀਫਿਕੇਸ਼ਨ ਤੋਂ ਬਚਣ ਅਤੇ ਆਵਾਜਾਈ ਨਿਯਮਾਂ ’ਤੇ ਅਮਲ ਜ਼ਰੂਰ ਕਰਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਪੈਸ਼ਲ ਡੀ. ਜੀ. ਪੀ. ਅਮਰਦੀਪ ਸਿੰਘ ਰਾਏ ਵੱਲੋਂ ਸੂਬੇ ਦੇ ਟ੍ਰੈਫਿਕ ਵਿਭਾਗ ਵਿਚ ਤਾਇਨਾਤ ਐੱਸ. ਪੀ. ਅਤੇ ਡੀ. ਐੱਸ. ਪੀ. ਦੇ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਡੀ. ਜੀ. ਪੀ. ਪੰਜਾਬ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਜਾਣੂ ਕਰਵਾਉਂਦੇ ਹੋਏ ਸੂਬੇ ਭਰ ’ਚ ਚੱਲ ਰਹੇ ਮੋਡੀਫਾਈ ਵਾਹਨਾਂ ’ਤੇ ਕਾਰਵਾਈ ਲਈ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਤੋਂ ਟ੍ਰੈਫਿਕ ਪੁਲਸ ਸਰਗਰਮ ਹੋ ਗਈ ਹੈ ਅਤੇ ਅਜਿਹੇ ਮੋਡੀਫਾਈ ਵਾਹਨਾਂ ਦੇ ਧੜਾਧੜ ਚਲਾਨ ਕੀਤੇ ਜਾ ਰਹੇ ਹਨ।
ਟ੍ਰਾਂਸਪੋਰਟਰਾਂ ਦੇ ਮੋਡੀਫਾਈ ਟਰੱਕਾਂ ਦੇ ਕਦੋਂ ਹੋਣਗੇ ਚਲਾਨ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਟ੍ਰੈਫਿਕ ਪੁਲਸ ਵਲੋਂ ਲੋਕਾਂ ਦੇ ਪ੍ਰਾਈਵੇਟ ਵਾਹਨਾਂ ਅਤੇ ਬਾਈਕ ਰੇਹੜੇ ਖਿਲਾਫ ਤਾਂ ਮੁਹਿੰਮ ਛੇੜ ਦਿੱਤੀ ਗਈ ਹੈ ਪਰ ਸਭ ਤੋਂ ਵੱਡਾ ਇਹ ਸਵਾਲ ਬਣਿਆ ਹੋਇਆ ਹੈ ਕਿ ਸ਼ਹਿਰ ’ਚ ਚੱਲ ਰਹੇ ਮੋਡੀਫਾਈ ਟਰੱਕਾਂ ਖਿਲਾਫ ਟ੍ਰੈਫਿਕ ਪੁਲਸ ਕਦੋਂ ਕਾਰਵਾਈ ਕਰੇਗੀ। ਜਾਣਕਾਰੀ ਮੁਤਾਬਕ ਖੁਦ ਨੂੰ ਟ੍ਰਾਂਸਪੋਰਟਰ ਕਹਿਣ ਵਾਲੇ ਕੁਝ ਲੋਕਾਂ ਨੇ ਆਪਣਾ ਗਿਰੋਹ ਬਣਾ ਰੱਖਿਆ ਹੈ, ਜੋ ਕਿਸੇ ਵੀ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ। ਇਨ੍ਹਾਂ ਲੋਕਾਂ ਕੋਲ ਟਰੱਕਾਂ ਨੂੰ ਪਾਰਕ ਕਰਨ ਲਈ ਜਗ੍ਹਾ ਵੀ ਨਹੀਂ ਅਤੇ ਆਪਣੇ ਵਾਹਨਾਂ ਨੂੰ ਸੜਕਾਂ ’ਤੇ ਹੀ ਪਾਰਕ ਕਰ ਦਿੰਦੇ ਹਨ, ਜੋ ਹਾਦਸਿਆਂ ਦਾ ਕਾਰਨ ਬਣਦੇ ਹਨ।
