ਪੰਜਾਬ ਦੇ 3 ਮੋਸਟ ਵਾਂਟੇਡ ਗੈਂਗਸਟਰ ਜੰਮੂ-ਕਸ਼ਮੀਰ ''ਚ ਕਾਬੂ , ਹਥਿਆਰ ਅਤੇ ਹੋਰ ਸਾਮਾਨ ਬਰਾਮਦ
Sunday, Nov 16, 2025 - 04:24 PM (IST)
ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੀ ਪੂੰਛ ਪੁਲਸ ਨੇ ਗੋਪੀ/ਘਨਸ਼ਿਆਮ ਪੁਰੀਆ ਗੈਂਗ ਦੇ ਤਿੰਨ ਮੈਂਬਰਾਂ ਨੂੰ ਨਕਦੀ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਬੀਤੀ ਦੇਰ ਰਾਤ ਸੁਰਨਕੋਟ ਤਹਿਸੀਲ ਵਿੱਚ ਜੰਮੂ-ਪੂੰਛ ਰਾਸ਼ਟਰੀ ਰਾਜਮਾਰਗ 'ਤੇ ਮਿਰਜ਼ਾ ਮੋਡ ਵਿਖੇ ਐਸਡੀਪੀਓ ਸੁਰਨਕੋਟ ਅਤੇ ਸਟੇਸ਼ਨ ਹਾਊਸ ਅਫਸਰ ਸੁਰਨਕੋਟ ਦੀ ਮੌਜੂਦਗੀ ਵਿੱਚ ਇੱਕ ਵਿਸ਼ੇਸ਼ ਨਾਕਾ ਸਥਾਪਤ ਕੀਤਾ।
ਇਸ ਦੌਰਾਨ ਪੁਸ ਨੇ ਇੱਕ ਨਿੱਜੀ ਵਾਹਨ ਨੂੰ ਰੋਕਿਆ ਅਤੇ ਉਸਦੀ ਜਾਂਚ ਸ਼ੁਰੂ ਕੀਤੀ। ਗੱਡੀ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਤਲਾਸ਼ੀ ਲੈਣ 'ਤੇ ਦੋ ਪਿਸਤੌਲ, ਕੁਝ ਗੋਲਾ ਬਾਰੂਦ ਅਤੇ 218,000 ਰੁਪਏ ਮਿਲੇ। ਇਸ ਤੋਂ ਬਾਅਦ ਪੁਲਿਸ ਤਿੰਨਾਂ ਅਪਰਾਧੀਆਂ ਨੂੰ ਪੁੱਛਗਿੱਛ ਲਈ ਥਾਣੇ ਲੈ ਆਈ। ਤਿੰਨਾਂ ਦੀ ਪਛਾਣ ਕੰਵਲਜੀਤ ਸਿੰਘ ਪੁੱਤਰ ਰਣਜੀਤ ਸਿੰਘ, ਵਾਸੀ ਧਰਮੂ ਚੱਕ, ਜ਼ਿਲ੍ਹਾ ਅੰਮ੍ਰਿਤਸਰ, ਮਨਦੀਪ ਸਿੰਘ ਉਰਫ਼ ਸਿੱਧੂ ਪੁੱਤਰ ਜਸਵੰਤ ਸਿੰਘ, ਪਿੰਡ ਝਿੱਲਾਲ, ਜ਼ਿਲ੍ਹਾ ਅੰਮ੍ਰਿਤਸਰ ਤੇ ਹਰਮਨਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ, ਪਿੰਡ ਬੁਜੀਵਾਲੀ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਵਧੀਕ ਪੁਲਸ ਸੁਪਰਡੈਂਟ ਮੋਹਨ ਸ਼ਰਮਾ ਨੇ ਕਿਹਾ, "ਸਾਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਕੁਝ ਗੈਂਗਸਟਰ ਇੱਥੋਂ ਲੰਘਣ ਵਾਲੇ ਹਨ, ਜਿਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕੀਤੀ, ਚੌਕੀਆਂ ਸਥਾਪਤ ਕੀਤੀਆਂ ਅਤੇ ਇਨ੍ਹਾਂ ਤਿੰਨ ਸਰਗਰਮ ਗੈਂਗਸਟਰਾਂ ਨੂੰ ਫੜ ਲਿਆ, ਜੋ ਕਿ ਪੰਜਾਬ ਦੇ ਹਨ।" ਏਐਸਪੀ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
