ਸੈਂਸੈਕਸ 433 ਅੰਕ, ਨਿਫਟੀ 143 ਅੰਕ ਦੀ ਗਿਰਾਵਟ ਨਾਲ ਬੰਦ ਹੋਇਆ

11/11/2021 4:46:18 PM

ਮੁੰਬਈ (ਭਾਸ਼ਾ) - ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਵੀਰਵਾਰ ਨੂੰ 433 ਅੰਕ ਡਿੱਗ ਗਿਆ। ਗਲੋਬਲ ਬਜ਼ਾਰ ਵਿੱਚ ਵੱਧਦੇ ਮੁਦਰਾ ਦਬਾਅ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਵਧਣ ਦਰਮਿਆਨ ICICI ਬੈਂਕ, HDFC ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ (SBI) ਦਾ ਨਕਾਰਾਤਮਕ ਪ੍ਰਦਰਸ਼ਨ ਦਾ ਅਸਰ ਦੇਖਿਆ ਗਿਆ। ਕਾਰੋਬਾਰ ਦੀ ਸਮਾਪਤੀ ਤੋਂ ਬਾਅਦ ਸੈਂਸੈਕਸ 433.13 ਅੰਕ ਭਾਵ 0.72 ਫੀਸਦੀ ਦੀ ਗਿਰਾਵਟ ਨਾਲ 59,919.69 'ਤੇ ਬੰਦ ਹੋਇਆ।

ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 143.60 ਅੰਕ ਭਾਵ 0.80 ਫੀਸਦੀ ਦੀ ਗਿਰਾਵਟ ਨਾਲ 17,873.60 'ਤੇ ਬੰਦ ਹੋਇਆ। ਸਟਾਕ ਮਾਰਕੀਟ 'ਚ SBI ਦੇ ਸ਼ੇਅਰਾਂ 'ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ। ਇਸ ਦੇ ਸ਼ੇਅਰ ਕਰੀਬ ਤਿੰਨ ਫੀਸਦੀ ਡਿੱਗ ਗਏ। ਬਜਾਜ ਫਿਨਸਰਵ, ਟੇਕ ਮਹਿੰਦਰਾ, ਸਨ ਫਾਰਮਾ, ਬਜਾਜ ਫਾਈਨਾਂਸ ਅਤੇ ਐਕਸਿਸ ਬੈਂਕ ਲਈ ਵੀ ਅੱਜ ਦਾ ਦਿਨ ਚੰਗਾ ਨਹੀਂ ਰਿਹਾ।

ਦੂਜੇ ਪਾਸੇ ਟਾਈਟਨ, ਮਹਿੰਦਰਾ ਐਂਡ ਮਹਿੰਦਰਾ, ਰਿਲਾਇੰਸ ਇੰਡਸਟਰੀਜ਼ ਅਤੇ ਟੀ.ਸੀ.ਐਸ. ਸਭ ਤੋਂ ਵਧ ਲਾਭ ਵਾਲੇ ਰਹੇ।

ਆਨੰਦ ਰਾਠੀ ਫਰਮ ਦੇ ਇਕੁਇਟੀ ਰਿਸਰਚ ਦੇ ਮੁਖੀ ਨਰਿੰਦਰ ਸੋਲੰਕੀ ਨੇ ਕਿਹਾ, "ਏਸ਼ੀਆਈ ਬਾਜ਼ਾਰਾਂ ਵਿੱਚ ਮਿਲੇ-ਜੁਲੇ ਰੁਝਾਨ ਅਤੇ ਅਮਰੀਕਾ ਵਿੱਚ ਅਨੁਮਾਨਤ ਮੁਦਰਾਸਫੀਤੀ ਦੇ ਅੰਕੜਿਆਂ ਤੋਂ ਵੱਧ ਹੋਣ ਕਾਰਨ ਭਾਰਤੀ ਬਾਜ਼ਾਰ ਨਕਾਰਾਤਮਕ ਰੁਝਾਨ ਨਾਲ ਖੁੱਲ੍ਹੇ।" ਉਸ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਬਣੇ ਰਹਿਣ  ਨਾਲ ਕਾਰੋਬਾਰੀ ਭਾਵਨਾ ਵੀ ਪ੍ਰਭਾਵਿਤ ਹੋਈ ਹੈ। 

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਇਸ ਮਹੀਨੇ ਹੁਣ ਤੱਕ 5,515 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਸੂਚਕ ਅੰਕ ਸ਼ੰਘਾਈ, ਹਾਂਗਕਾਂਗ ਅਤੇ ਟੋਕੀਓ 'ਚ ਹਰੇ ਰੰਗ 'ਚ ਬੰਦ ਹੋਏ, ਜਦਕਿ ਸਿਓਲ 'ਚ ਬਾਜ਼ਾਰ ਘਾਟੇ 'ਚ ਰਿਹਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News