ਮਹਿੰਗਾਈ 6 ਸਾਲਾਂ ਦੇ ਟਾਪ 'ਤੇ, ਲੋਨ ਸਸਤਾ ਹੋਣ ਦੀ ਉਮੀਦ ਨੂੰ ਲੱਗੇਗਾ ਝਟਕਾ

Thursday, Nov 12, 2020 - 07:26 PM (IST)

ਮਹਿੰਗਾਈ 6 ਸਾਲਾਂ ਦੇ ਟਾਪ 'ਤੇ, ਲੋਨ ਸਸਤਾ ਹੋਣ ਦੀ ਉਮੀਦ ਨੂੰ ਲੱਗੇਗਾ ਝਟਕਾ

ਨਵੀਂ ਦਿੱਲੀ- ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ ਵੱਧ ਕੇ 7.61 ਫ਼ੀਸਦੀ ਹੋ ਗਈ, ਜੋ ਕਿ ਸਤੰਬਰ 'ਚ 7.27 ਫ਼ੀਸਦੀ ਸੀ। ਮੁੱਖ ਤੌਰ 'ਤੇ ਖੁਰਾਕੀ ਕੀਮਤਾਂ ਵਧਣ ਕਾਰਨ ਮਹਿੰਗਾਈ 'ਚ ਤੇਜ਼ੀ ਆਈ।

ਵੀਰਵਾਰ ਨੂੰ ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਲੋਕਾਂ 'ਤੇ ਮਈ 2014 ਤੋਂ ਬਾਅਦ ਇਸ ਸਾਲ ਅਕਤੂਬਰ 'ਚ ਸਭ ਤੋਂ ਜ਼ਿਆਦਾ ਮਹਿੰਗਾਈ ਦੀ ਮਾਰ ਪਈ ਹੈ।

ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ 'ਚ ਵਾਧੇ ਦੇ ਮੱਦੇਨਜ਼ਰ ਪ੍ਰਚੂਨ ਮਹਿੰਗਾਈ ਦਰ 6 ਸਾਲਾਂ 'ਚ ਸਭ ਤੋਂ ਵੱਧ ਹੋ ਗਈ। ਇਹ ਲਗਾਤਾਰ 7ਵਾਂ ਮਹੀਨਾ ਹੈ ਜਦੋਂ ਪ੍ਰਚੂਨ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ ਦੇ ਮਿੱਥੇ ਕੰਟਰੋਲ ਟੀਚੇ ਤੋਂ ਉਪਰ ਰਹੀ ਹੈ। ਸਰਕਾਰ ਨੇ ਆਰ. ਬੀ. ਆਈ. ਨੂੰ ਮਹਿੰਗਾਈ ਦਰ ਨੂੰ 2 ਤੋਂ 6 ਫੀਸਦੀ ਦੇ ਦਾਇਰੇ 'ਚ ਰੱਖਣ ਦਾ ਟੀਚਾ ਦਿੱਤਾ ਸੀ। ਮਹਿੰਗਾਈ ਦਰ 6 ਫੀਸਦੀ ਤੋਂ ਜ਼ਿਆਦਾ ਹੁੰਦੀ ਹੈ ਤਾਂ ਇਸ ਨਾਲ ਲੋਕਾਂ 'ਤੇ ਅਸਰ ਪੈਂਦਾ ਹੈ। ਪ੍ਰਚੂਨ ਮਹਿੰਗਾਈ ਦਰ ਵਧਣ ਨਾਲ ਆਉਣ ਵਾਲੇ ਸਮੇਂ 'ਚ ਕਰਜ਼ ਦੀਆਂ ਵਿਆਜ ਦਰਾਂ 'ਚ ਹੋਰ ਕਮੀ ਹੋਣ ਦੀਆਂ ਉਮੀਦਾਂ ਨੂੰ ਝਟਕਾ ਲੱਗ ਸਕਦਾ ਹੈ। ਮਹਿੰਗਾਈ ਕਾਰਨ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਲਈ ਵਿਆਜ ਦਰ ਨੂੰ ਘਟਾ ਕੇ ਵਿਕਾਸ ਨੂੰ ਵਧਾਉਣ ਦੀ ਕੋਸ਼ਿਸ਼ ਕਰਨਾ ਹੋਰ ਮੁਸ਼ਕਲ ਹੋ ਸਕਦਾ ਹੈ।


author

Sanjeev

Content Editor

Related News