ਪੈਨਸ਼ਨਰ ਸੇਵਾ ਪੋਰਟਲ ਸਬੰਧੀ 4 ਤੋਂ 6 ਦਸੰਬਰ ਤੱਕ ‘ਪੈਨਸ਼ਨਰ ਸੇਵਾ ਮੇਲਾ’ ਕੀਤਾ ਜਾਵੇਗਾ ਆਯੋਜਿਤ

Tuesday, Dec 02, 2025 - 05:12 PM (IST)

ਪੈਨਸ਼ਨਰ ਸੇਵਾ ਪੋਰਟਲ ਸਬੰਧੀ 4 ਤੋਂ 6 ਦਸੰਬਰ ਤੱਕ ‘ਪੈਨਸ਼ਨਰ ਸੇਵਾ ਮੇਲਾ’ ਕੀਤਾ ਜਾਵੇਗਾ ਆਯੋਜਿਤ

ਫਿਰੋਜ਼ਪੁਰ (ਪਰਮਜੀਤ ਸੋਢੀ) : ਵਿੱਤ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਫਿਰੋਜ਼ਪੁਰ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲ੍ਹਾ ਖਜ਼ਾਨਾ ਦਫ਼ਤਰ ਫਿਰੋਜ਼ਪੁਰ ਅਤੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਫਾਜ਼ਿਲਕਾ ਵਿਖੇ ਅਤੇ ਉਪ ਖਜ਼ਾਨਾ ਦਫ਼ਤਰ ਜ਼ੀਰਾ, ਗੁਰੂਹਰਸਹਾਏ, ਜਲਾਲਾਬਾਦ ਅਬੋਹਰ ਵਿਖੇ ਮਿਤੀ 4, 5 ਅਤੇ 6 ਦਸੰਬਰ ਨੂੰ ‘ਪੈਨਸ਼ਨਰ ਸੇਵਾ ਮੇਲੇ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਫ਼ਿਰੋਜ਼ਪੁਰ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਸਾਰੇ ਪੈਨਸ਼ਨਰਾਂ ਨੂੰ ਆਪਣੀ ਈ-ਕੇ. ਵਾਈ. ਸੀ. ਮੁਕੰਮਲ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਜਿਨ੍ਹਾਂ ਦੀ ਈ-ਕੇ. ਵਾਈ. ਸੀ. ਬਾਕੀ ਹੈ, ਉਨ੍ਹਾਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਮੂਹ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਦੀ ਸੁਵਿਧਾ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਗਿਆ ਹੈ, ਜਿਸ ਰਾਹੀਂ ਪੈਨਸ਼ਨ ਸਬੰਧੀ ਅਰਜ਼ੀਆਂ, ਈ-ਪੀ. ਪੀ. ਓ, ਪੈਨਸ਼ਨ ਡਾਟਾ, ਸ਼ਿਕਾਇਤ ਨਿਵਾਰਣ ਆਦਿ ਸਹੂਲਤਾਂ ਇਕ ਹੀ ਪਲੇਟਫਾਰਮ ’ਤੇ ਉਪਲੱਬਧ ਕਰਵਾਈਆਂ ਜਾਣਗੀਆਂ ਅਤੇ ਪੰਜਾਬ ਰਾਜ ਦੇ ਸਮੂਹ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਨੂੰ ਡਿਜੀਟਲ ਲਾਈਫ਼ ਸਰਟੀਫ਼ਿਕੇਟ, ਜੀਵਨ ਪ੍ਰਮਾਣ ਪੱਤਰ ਜਾਰੀ ਕਰਨ ਲਈ ਈ-ਕੇ. ਵਾਈ. ਸੀ. ਕੀਤੀ ਜਾਵੇਗੀ ਅਤੇ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਬੰਧਿਤ ਖੇਤਰ ਦੇ ‘ਪੈਨਸ਼ਨਰ ਸੇਵਾ ਮੇਲੇ’ 'ਚ ਸ਼ਾਮਲ ਹੋਣ 'ਤੇ ਆਪਣੀ ਈ-ਕੇ. ਵਾਈ. ਸੀ. ਪ੍ਰਕਿਰਿਆ ਪੂਰੀ ਕਰਕੇ ਇਸ ਸਹੂਲਤ ਦਾ ਲਾਭ ਜ਼ਰੂਰ ਲੈਣ।


author

Babita

Content Editor

Related News