ਰੇਲਵੇ ਨੂੰ ਚਾਲੂ ਵਿੱਤੀ ਸਾਲ 'ਚ 35,000 ਕਰੋੜ ਰੁਪਏ ਦੇ ਘਾਟੇ ਦਾ ਅੰਦਾਜ਼ਾ

Wednesday, Jul 29, 2020 - 05:59 PM (IST)

ਨਵੀਂ ਦਿੱਲੀ— ਰੇਲਵੇ ਦਾ ਅਨੁਮਾਨ ਹੈ ਕਿ ਯਾਤਰੀ ਰੇਲ ਗੱਡੀਆਂ ਦੇ ਰੁਕਣ ਕਾਰਨ ਉਸ ਨੂੰ ਚਾਲੂ ਵਿੱਤੀ ਸਾਲ 'ਚ 35000 ਕਰੋੜ ਰੁਪਏ ਦਾ ਭਾਰੀ ਘਾਟਾ ਪੈ ਸਕਦਾ ਹੈ। ਇਸ ਸਮੇਂ 230 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ 'ਚ ਬੁਕਿੰਗ 75 ਫੀਸਦੀ ਦੇ ਲਗਭਗ ਹੈ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਨੇ ਕਿਹਾ ਕਿ ਮਾਲ ਗੱਡੀਆਂ ਤੋਂ ਹੋਣ ਵਾਲੀ ਕਮਾਈ ਨਾਲ ਰੇਲਵੇ ਦਾ ਕੰਮ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ 'ਚ ਰੇਲਵੇ ਦੀ ਯਾਤਰੀ ਟਰੇਨਾਂ ਤੋਂ ਕਮਾਈ ਤਕਰੀਬਨ 50 ਹਜ਼ਾਰ ਕਰੋੜ ਰੁਪਏ ਰਹੀ ਸੀ। ਇਸ ਸਾਲ ਕੀ ਹੋਵੇਗਾ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਵਿਨੋਦ ਕੁਮਾਰ ਨੇ ਕਿਹਾ ਕਿ ਸੂਬਾ ਪੱਧਰੀ ਤੇ ਸਥਾਨਕ ਪੱਧਰ 'ਤੇ ਲਾਏ ਜਾ ਰਹੇ ਲਾਕਡਾਊਨ ਕਾਰਨ ਸਥਿਤੀ ਜ਼ਿਆਦਾ ਨਾਜ਼ੁਕ ਹੈ।

ਦੂਜੇ ਪਾਸੇ, ਮਾਲ ਗੱਡੀਆਂ 'ਚ ਫਾਇਦਾ ਹੁੰਦਾ ਦਿਸ ਰਿਹਾ ਹੈ। ਯਾਦਵ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਹਿੱਸੇ ਦਾ ਮਾਲੀਆ 50 ਫੀਸਦੀ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਨੁਕਸਾਨ ਤੋਂ ਬਚਣਾ ਹੈ ਤਾਂ ਯਾਤਰੀ ਰੇਲ ਗੱਡੀਆਂ 'ਚ ਹੋਣ ਵਾਲੇ ਨੁਕਸਾਨ ਨੂੰ ਇਸ ਨਾਲ ਪੂਰਾ ਕਰਨਾ ਹੋਵੇਗਾ। ਇਸ ਸਾਲ ਯਾਤਰੀ ਸੈਕਸ਼ਨ ਦਾ ਮਾਲੀਆ ਪਿਛਲੇ ਸਾਲ ਦੇ ਮੁਕਾਬਲੇ 10-15 ਫੀਸਦੀ ਤੱਕ ਹੋਵੇਗਾ। 30-35 ਹਜ਼ਾਰ ਕਰੋੜ ਦਾ ਨੁਕਸਾਨ ਮਾਲਗੱਡੀਆਂ ਤੋਂ ਹੋਣ ਵਾਲੀ ਕਮਾਈ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ। ਗੌਰਤਲਬ ਹੈ ਕਿ ਬਜਟ 'ਚ ਰੇਲਵੇ ਨੇ ਅਨੁਮਾਨ ਲਾਇਆ ਸੀ ਕਿ ਮਾਲਗੱਡੀ ਤੋਂ ਉਸ ਦੀ ਕਮਾਈ 1.47 ਲੱਖ ਕਰੋੜ ਰੁਪਏ ਹੋਵੇਗੀ ਅਤੇ ਯਾਤਰੀ ਰੇਲ ਗੱਡੀਆਂ ਤੋਂ ਉਸ ਦੀ ਕਮਾਈ 61 ਹਜ਼ਾਰ ਕਰੋੜ ਰੁਪਏ ਹੋਵੇਗੀ। ਹਾਲਾਂਕਿ, ਲਾਕਡਾਊਨ ਕਾਰਨ ਰੇਲਵੇ ਨੇ ਆਪਣੇ ਅਨੁਮਾਨ ਨੂੰ ਅਪਡੇਟ ਕੀਤਾ ਹੈ।


Sanjeev

Content Editor

Related News