ਲੈਪਟਾਪ, TV, ਫਰਿੱਜਾਂ ਵਰਗੇ ਸਾਮਾਨ 10 ਫ਼ੀਸਦੀ ਤੱਕ ਹੋ ਸਕਦੇ ਹਨ ਮਹਿੰਗੇ

06/17/2021 10:48:48 PM

ਨਵੀਂ ਦਿੱਲੀ- ਮਹਾਮਾਰੀ ਕਾਰਨ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਇਸ ਕਾਰਨ ਖਪਤਕਾਰਾਂ ਦੇ ਹੰਢਣਸਾਰ ਸਾਮਾਨ ਜਿਵੇਂ ਟੀ. ਵੀ., ਫਰਿੱਜ, ਲੈਪਟਾਪ ਸਮੇਤ ਏ. ਸੀ. ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਕੱਚਾ ਮਾਲ ਨੂੰ ਮਹਿੰਗਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਜ਼ਰੂਰੀ ਕਲਪੁਰਜ਼ਿਆ ਦੀ ਘਾਟ ਵੀ ਆਈ ਹੈ। ਹਾਲਾਂਕਿ, ਤਾਲਾਬੰਦੀ ਵਿਚ ਰਿਆਇਤ ਨਾਲ ਪ੍ਰਚੂਨ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ, ਜੋ ਗਾਹਕਾਂ ਨੂੰ ਭਾਰੀ ਛੋਟਾਂ ਨਾਲ ਸਾਮਾਨ ਵੇਚ ਰਹੀਆਂ ਹਨ।

ਹੁਣ ਤੱਕ 2021 ਵਿਚ ਕੰਪਨੀਆਂ ਨੇ ਕੀਮਤਾਂ ਵਿਚ ਦੋ ਵਾਰ ਵਾਧਾ ਕੀਤਾ ਹੈ, ਜੋ ਜੁਲਾਈ ਵਿਚ ਫਿਰ ਤੋਂ 10 ਫ਼ੀਸਦੀ ਵਧਾਉਣ ਲਈ ਤਿਆਰ ਹਨ। ਇਸ ਦੇ ਪ੍ਰਮੁੱਖ ਕਾਰਨ ਮਾਈਕਰੋਪ੍ਰੋਸੈਸਰ ਤੇ ਪੈਨਲ ਵਰਗੇ ਜ਼ਰੂਰੀ ਕਲਪੁਰਜ਼ਿਆ ਦੀ ਘਾਟ, ਕੱਚੇ ਮਾਲ ਅਤੇ ਤਾਂਬੇ ਦੀਆਂ ਕੀਮਤਾਂ ਵਿਚ ਵਾਧਾ ਅਤੇ ਕਸਟਮ ਡਿਊਟੀ ਜ਼ਿਆਦਾ ਹੋਣਾ ਹਨ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਰਕ ਫਰਾਮ ਹੋਮ ਯਾਨੀ ਘਰ ਤੋਂ ਦਫ਼ਤਰੀ ਕੰਮ ਵਧਣ ਅਤੇ ਆਨਲਾਈਨ ਸਕੂਲਿੰਗ ਨਾਲ ਲੈਪਟਾਪ ਦੀ ਮੰਗ ਜ਼ੋਰਦਾਰ ਵਧੀ ਹੈ। ਇਸ ਕਾਰਨ ਕੀਮਤਾਂ ਵਿਚ 5-7 ਫ਼ੀਸਦੀ ਵਾਧਾ ਹੋਇਆ ਹੈ, ਜੋ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਕੀਮਤਾਂ ਵਿਚ ਜਾਰੀ ਤੇਜ਼ੀ 'ਤੇ ਕੰਪਨੀਆਂ ਦਾ ਕਹਿਣਾ ਹੈ ਕਿ ਵਧਦੀ ਲਾਗਤ ਦਾ ਕੁਝ ਹਿੱਸਾ ਉਹ ਖ਼ੁਦ ਉਠਾ ਰਹੀਆਂ ਅਤੇ ਕੁਝ ਗਾਹਕਾਂ 'ਤੇ ਪਾ ਰਹੀਆਂ ਹਨ। ਗੌਰਤਲਬ ਹੈ ਕਿ ਮਹਾਮਾਰੀ ਦੀ ਵਜ੍ਹਾ ਨਾਲ ਇਸ ਸਾਲ ਵੀ ਸਕੂਲ ਅਤੇ ਦਫ਼ਤਰਾਂ ਦੇ ਜ਼ਿਆਦਾਤਰ ਕੰਮ ਘਰੋਂ ਆਨਲਾਈਨ ਹੀ ਹੋ ਰਹੇ ਹਨ। ਹਾਲਾਂਕਿ, ਵਰਕ ਫਰਾਮ ਹੋਮ ਨਾਲ ਕੰਪਨੀਆਂ ਦੀ ਲਾਗਤ ਵੀ ਘਟੀ ਹੈ।
 


Sanjeev

Content Editor

Related News