ਪੈਟਰੋਲੀਅਮ ਕੰਪਨੀਆਂ ਨੇ ਛੇ ਹਵਾਈ ਅੱਡਿਆਂ ''ਤੇ ਏਅਰ ਇੰਡੀਆ ਨੂੰ ਤੇਲ ਸਪਲਾਈ ਰੋਕੀ
Friday, Aug 23, 2019 - 12:15 PM (IST)

ਨਵੀਂ ਦਿੱਲੀ—ਪੈਟਰੋਲੀਅਮ ਮਾਰਕਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਬਕਾਏ ਦਾ ਭੁਗਤਾਨ ਨਾ ਕਰਨ 'ਤੇ ਛੇ ਹਵਾਈ ਅੱਡਿਆਂ 'ਤੇ ਏਅਰ ਇੰਡੀਆ ਨੂੰ ਈਂਧਣ ਦੀ ਸਪਲਾਈ ਰੋਕ ਦਿੱਤੀ ਹੈ। ਏਅਰਲਾਈਨ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਏਅਰਲਾਈਨ ਦੇ ਜਹਾਜ਼ਾਂ ਦਾ ਸੰਚਾਲਨ ਆਮ ਹੈ ਅਤੇ ਹੁਣ ਉਸ 'ਤੇ ਕੋਈ ਅਸਰ ਨਹੀਂ ਪਿਆ ਹੈ।
ਰਾਸ਼ਟਰੀ ਹਵਾਬਾਜ਼ੀ ਕੰਪਨੀ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਆਇਲ ਮਾਰਕਟਿੰਗ ਕੰਪਨੀਆਂ ਨੇ ਦੁਪਿਹਰ ਕਰੀਬ ਚਾਰ ਵਜੇ ਕੋਚੀਨ, ਵਿਸ਼ਾਖਾਪਤਨਮ, ਮੋਹਾਲੀ, ਰਾਂਚੀ, ਪੁਣੇ ਅਤੇ ਪਟਨਾ ਹਵਾਈ ਅੱਡਿਆਂ 'ਤੇ ਈਂਧਣ ਸਪਲਾਈ ਰੋਕ ਦਿੱਤੀ ਹੈ।
ਏਅਰ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ ਇਕਵਟੀ ਸਪਾਰਟ ਦੇ ਬਿਨ੍ਹਾਂ ਏਅਰ ਇੰਡੀਆ ਆਪਣਾ ਵੱਡਾ ਕਰਜ਼ ਅਦਾ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਸ ਵਿੱਤੀ ਸਾਲ 'ਚ ਸਾਡਾ ਵਿੱਤੀ ਪ੍ਰਦਰਸ਼ਨ ਕਾਫੀ ਚੰਗਾ ਹੈ ਅਤੇ ਅਸੀਂ ਚੰਗੇ ਮੁਨਾਫੇ ਦੇ ਵੱਲ ਵਧ ਰਹੇ ਹਾਂ। ਏਅਰਲਾਈਨ ਆਪਣੀਆਂ ਦੇਣਦਾਰੀਆਂ ਦੇ ਮੁੱਦਿਆਂ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਕਰ ਰਹੀ ਹੈ।