ਇਸ ਸਾਲ ਪੈਟਰੋਲ 6.30 ਰੁਪਏ, ਡੀਜ਼ਲ 5.10 ਰੁਪਏ ਹੋਇਆ ਮਹਿੰਗਾ

12/31/2019 11:15:28 PM

ਨਵੀਂ ਦਿੱਲੀ (ਯੂ. ਐੱਨ. ਆਈ.)-ਕਿਸੇ ਚੀਜ਼ ਦੀ ਕੀਮਤ ’ਚ ਹੌਲੀ-ਹੌਲੀ ਵਾਧਾ ਹੁੰਦਾ ਹੈ ਤਾਂ ਉਹ ਛੇਤੀ ਨਜ਼ਰ ਨਹੀਂ ਆਉਂਦਾ ਪਰ ਉਸ ਦਾ ਅਸਰ ਤਾਂ ਹੁੰਦਾ ਹੀ ਹੈ। ਕੁਝ ਅਜਿਹਾ ਹੀ ਪੈਟਰੋਲ ਅਤੇ ਡੀਜ਼ਲ ਦੇ ਮਾਮਲੇ ’ਚ ਸਾਲ 2019 ’ਚ ਹੋਇਆ ਹੈ ਅਤੇ ਇਨ੍ਹਾਂ ਦੋਵਾਂ ਈਂਧਣਾਂ ਦੀਆਂ ਕੀਮਤਾਂ ’ਚ ਕ੍ਰਮਵਾਰ 6.30 ਅਤੇ 5.10 ਰੁਪਏ ਪ੍ਰਤੀ ਲਿਟਰ ਦਾ ਵੱਡਾ ਵਾਧਾ ਹੋਇਆ।

ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਰਕਾਰ ਤੈਅ ਕਰਦੀ ਸੀ ਅਤੇ ਦੋਵਾਂ ਈਂਧਨਾਂ ਦੀਆਂ ਕੀਮਤਾਂ ’ਚ ਮਾਮੂਲੀ ਵਾਧਾ ਹੋ ਜਾਵੇ ਤਾਂ ਇਹ ਚੋਣ ਮੁੱਦਾ ਬਣ ਜਾਂਦਾ ਸੀ ਪਰ ਕੁਝ ਸਾਲ ਪਹਿਲਾਂ ਦੋਵੇਂ ਹੀ ਈਂਧਣ ਪ੍ਰਸਾਸ਼ਨਿਕ ਮੁੱਲ ਦੇ ਘੇਰੇ ਤੋਂ ਬਾਹਰ ਹੋ ਗਏ ਅਤੇ ਹੁਣ ਇਨ੍ਹਾਂ ਦੇ ਮੁੱਲ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ ’ਤੇ ਰੋਜ਼ਾਨਾ ਤੈਅ ਹੁੰਦੇ ਹਨ।

ਸਾਲ ਦੇ ਆਖਰੀ ਦਿਨ ਪੈਟਰੋਲ ਦੀ ਕੀਮਤ ਦਿੱਲੀ ’ਚ 10 ਪੈਸੇ ਵਧ ਕੇ ਇਸ ਸਾਲ ਦੇ ਵੱਧ ਤੋਂ ਵੱਧ ਭਾਅ 75.14 ਰੁਪਏ ’ਤੇ ਪਹੁੰਚ ਗਈ। ਡੀਜ਼ਲ ਵੀ 68 ਰੁਪਏ ਪ੍ਰਤੀ ਲਿਟਰ ਦੇ ਨੇੜੇ 67.96 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ। ਵਪਾਰਕ ਨਗਰੀ ਮੁੰਬਈ ’ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਕ੍ਰਮਵਾਰ 80.79 ਅਤੇ 71.31 ਰੁਪਏ ਪ੍ਰਤੀ ਲਿਟਰ ਹਨ। ਦੇਸ਼ ਦੇ 2 ਹੋਰ ਵੱਡੇ ਮਹਾਨਗਰਾਂ ਕੋਲਕਾਤਾ ’ਚ ਪੈਟਰੋਲ 77.79 ਅਤੇ ਚੇਨਈ ’ਚ 78.12 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਇਨ੍ਹਾਂ ਦੋਵਾਂ ਮਹਾਨਗਰਾਂ ’ਚ ਡੀਜ਼ਲ ਦੀ ਕੀਮਤ ਕ੍ਰਮਵਾਰ 70.38 ਅਤੇ 71.86 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ ਹੈ।


Karan Kumar

Content Editor

Related News