ਚੋਣ ਕਮਿਸ਼ਨ ਵੱਲੋਂ 46 ਦਿਨਾਂ ’ਚ ਕਰੋੜਾਂ ਰੁਪਏ ਦੀ ਰਿਕਵਰੀ, ਰੋਜ਼ਾਨਾ ਬਰਾਮਦ ਹੋ ਰਹੀ 100 ਕਰੋੜ ਦੀ ਡਰੱਗਜ਼ ਤੇ ਨਕਦੀ
Tuesday, Apr 16, 2024 - 04:28 PM (IST)
ਨੈਸ਼ਨਲ ਡੈਸਕ- ਚੋਣ ਕਮਿਸ਼ਨ ਨੇ 1 ਮਾਰਚ ਤੋਂ ਬਾਅਦ ਦੇਸ਼ ਭਰ ਵਿਚ ਚਲਾਈ ਗਈ ਮੁਹਿੰਮ ਦੌਰਾਨ 46 ਦਿਨਾਂ ਦੇ ਅੰਦਰ ਹੀ 4,658 ਕਰੋੜ ਰੁਪਏ ਕੀਮਤ ਦੀ ਨਕਦੀ, ਗਹਿਣੇ, ਡਰੱਗਜ਼, ਸ਼ਰਾਬ ਅਤੇ ਮੁਫਤ ’ਚ ਵੰਡੀ ਜਾਣ ਵਾਲੀ ਸਮੱਗਰੀ ਜ਼ਬਤ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਕੀਤੀ ਗਈ ਕੁਲ ਬਰਾਮਦਗੀ ਵਿਚ 45 ਫੀਸਦੀ ਹਿੱਸੇਦਾਰੀ ਡਰੱਗਜ਼ ਦੀ ਹੈ। ਚੋਣ ਕਮਿਸ਼ਨ ਵੱਲੋਂ 75 ਸਾਲਾਂ ’ਚ ਕੀਤੀ ਗਈ ਇਹ ਸਭ ਤੋਂ ਵੱਡੀ ਰਿਕਵਰੀ ਹੈ।
ਅਜੇ ਪਹਿਲੇ ਪੜਾਅ ਦੀਆਂ ਚੋਣਾਂ ਲਈ ਵੀ ਵੋਟਿੰਗ ਨਹੀਂ ਹੋਈ ਅਤੇ ਚੋਣ ਕਮਿਸ਼ਨ ਦੀ ਰਿਕਵਰੀ ਨੇ 2019 ’ਚ ਹੋਈ ਕੁਲ ਰਿਕਵਰੀ ਦੇ ਅੰਕੜੇ ਨੂੰ ਵੀ ਪਾਰ ਕਰ ਲਿਆ ਹੈ। ਇਨ੍ਹਾਂ ਚੋਣਾਂ ਵਿਚ 1 ਮਾਰਚ ਤੋਂ ਬਾਅਦ 46 ਦਿਨਾਂ ’ਚ 2068.85 ਕਰੋੜ ਰੁਪਏ ਦੀ ਡਰੱਗਜ਼, 1142.49 ਕਰੋੜ ਰੁਪਏ ਦਾ ਸਾਮਾਨ (ਫ੍ਰੀ ਬੀਜ), 562.10 ਕਰੋੜ ਰੁਪਏ ਦੇ ਗਹਿਣੇ, 489.31 ਕਰੋੜ ਰੁਪਏ ਦੀ ਸ਼ਰਾਬ ਅਤੇ 395.39 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। 2019 ਦੀਆਂ ਚੋਣਾਂ ਦੌਰਾਨ 1279.90 ਕਰੋੜ ਰੁਪਏ ਦੀ ਡਰੱਗਜ਼, 60.15 ਕਰੋੜ ਰੁਪਏ ਦਾ ਸਾਮਾਨ (ਫ੍ਰੀ ਬੀਜ) , 987.11 ਕਰੋੜ ਰੁਪਏ ਦੇ ਗਹਿਣੇ, 304.60 ਕਰੋੜ ਰੁਪਏ ਦੀ ਸ਼ਰਾਬ ਅਤੇ 844 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਸੀ।
ਗੁਜਰਾਤ ’ਚ ਸਭ ਤੋਂ ਵੱਧ 485 ਕਰੋੜ ਰੁਪਏ ਦੀ ਡਰੱਗਜ਼ ਬਰਾਮਦ
ਗੁਜਰਾਤ ’ਚ 485 ਕਰੋੜ, ਤਾਮਿਲਨਾਡੂ ’ਚ 293 ਕਰੋੜ, ਪੰਜਾਬ ’ਚ 280 ਕਰੋੜ, ਮਹਾਰਾਸ਼ਟਰ ’ਚ 213 ਕਰੋੜ ਅਤੇ ਦਿੱਲੀ ਵਿਚ 189 ਕਰੋੜ ਰੁਪਏ ਦੀ ਡਰੱਗਜ਼ ਰਿਕਵਰ ਕੀਤੀ ਗਈ ਹੈ, ਜਦੋਂਕਿ ਰਾਜਸਥਾਨ ’ਚ 533 ਕਰੋੜ, ਮਹਾਰਾਸ਼ਟਰ ਵਿਚ 79 ਕਰੋੜ, ਕਰਨਾਟਕ ’ਚ 60 ਕਰੋੜ, ਗੁਜਰਾਤ ’ਚ 54 ਕਰੋੜ ਅਤੇ ਓਡੀਸ਼ਾ ’ਚ 43 ਕਰੋੜ ਰੁਪਏ ਦੀ ਫ੍ਰੀ ਬੀਜ ਰਿਕਵਰ ਹੋਈ ਹੈ। ਇਸ ਦੌਰਾਨ ਤਾਮਿਲਨਾਡੂ ’ਚ 53 ਕਰੋੜ, ਤੇਲੰਗਾਨਾ ’ਚ 49 ਕਰੋੜ, ਮਹਾਰਾਸ਼ਟਰ ’ਚ 40 ਕਰੋੜ, ਕਰਨਾਟਕ ਤੇ ਰਾਜਸਥਾਨ ’ਚ 35-35 ਕਰੋੜ ਰੁਪਏ ਅਤੇ ਆਂਧਰਾ ਪ੍ਰਦੇਸ਼ ਵਿਚ 32 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਇਨ੍ਹਾਂ 5 ਸੂਬਿਆਂ ’ਚ ਸਭ ਤੋਂ ਵੱਧ ਬਰਾਮਦਗੀ
ਰਾਜਸਥਾਨ 778 ਕਰੋੜ
ਗੁਜਰਾਤ 605 ਕਰੋੜ
ਤਾਮਿਲਨਾਡੂ 460 ਕਰੋੜ
ਮਹਾਰਾਸ਼ਟਰ 431 ਕਰੋੜ
ਪੰਜਾਬ 311 ਕਰੋੜ
ਸਭ ਤੋਂ ਵੱਧ ਡਰੱਗਜ਼ ਬਰਾਮਦਗੀ ਵਾਲੇ 5 ਸੂਬੇ
ਗੁਜਰਾਤ 485 ਕਰੋੜ ਰੁਪਏ
ਪੰਜਾਬ 280 ਕਰੋੜ ਰੁਪਏ
ਤਾਮਿਲਨਾਡੂ 293 ਕਰੋੜ ਰੁਪਏ
ਮਹਾਰਾਸ਼ਟਰ 213 ਕਰੋੜ ਰੁਪਏ
ਦਿੱਲੀ 189 ਕਰੋੜ ਰੁਪਏ
ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ’ਚ ਸੂਬਿਆਂ ਦੀ ਪੁਲਸ ਤੋਂ ਇਲਾਵਾ ਇਨਕਮ ਟੈਕਸ, ਜੀ. ਐੱਸ. ਟੀ. ਵਿਭਾਗ, ਆਸਾਮ ਰਾਈਫਲਜ਼, ਬੀ. ਐੱਸ. ਐੱਫ., ਆਈ. ਟੀ. ਬੀ. ਪੀ., ਸੀ. ਆਰ. ਪੀ. ਐੱਫ., ਐੱਸ. ਐੱਸ. ਬੀ. ਅਤੇ ਫਾਰੈਸਟ ਡਿਪਾਰਟਮੈਂਟ ਨਾਲ ਸਬੰਧਤ ਅਫਸਰਾਂ ਨੇ ਹਿੱਸਾ ਲਿਆ।