ਇਕ ਹੋਰ ਗਾਰੰਟੀ ਪੂਰਾ ਕਰੇਗੀ ''ਆਪ'', ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਮਹੀਨਾ

Monday, May 06, 2024 - 04:27 PM (IST)

ਖਰੜ/ਚੰਡੀਗੜ੍ਹ/ਜਲੰਧਰ (ਰਣਬੀਰ, ਅੰਕੁਰ, ਧਵਨ)-ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਹਲਕਾ ਖਰੜ ’ਚ ਲੋਕ ਸਭਾ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕਰਦਿਆਂ ਰੋਡ ਸ਼ੋਅ ਕੱਢਿਆ। ਇਸ ਦੌਰਾਨ ਉਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਨੂੰ 1000 ਰੁਪਏ ਮਹੀਨਾ ਵਾਲੀ ਦਿੱਤੀ ਗਈ ਗਾਰੰਟੀ ਨੂੰ ਜਲਦ ਪੂਰਾ ਕਰਨ ਦੀ ਵੀ ਗੱਲ ਕਹੀ। 

ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਲੋਕਾਂ ਦੇ ਉਤਸ਼ਾਹ ਨੂੰ ਵੇਖ ਕੇ ਬਹੁਤ ਖ਼ੁਸ਼ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਕਦੇ ਵੀ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦਾ। ਜਦੋਂ ਤੋਂ ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਡੱਕਿਆ ਹੈ, ਉਦੋਂ ਤੋਂ ਮੇਰਾ ਕੰਮ ਵਧਿਆ ਹੈ ਅਤੇ ਜ਼ਿੰਮੇਵਾਰੀਆਂ ਵੀ ਦੁੱਗਣੀਆਂ ਹੋ ਗਈਆਂ ਹਨ ਪਰ ਮੇਰੇ ਕੋਲ ਤੁਸੀਂ ਲੋਕ ਹੋ ਅਤੇ ਜਿਸ ਕੋਲ ਪੰਜਾਬੀਆਂ ਦਾ ਸਮਰਥਨ ਹੈ, ਉਹ ਕਦੇ ਵੀ ਅਸਫ਼ਲ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ-  ਖ਼ੁਦ ਦੀਆਂ ਲੋੜਾਂ ਪੂਰੀਆਂ ਹੋਣ ਉਪਰੰਤ ਸਮਾਜ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਾ ਜ਼ਰੂਰੀ: ਡਾ.ਓਬਰਾਏ

ਉਨ੍ਹਾਂ ਕਿਹਾ ਕਿ ਜਿੱਥੇ ਬਾਕੀ ਸਰਕਾਰਾਂ ਸਰਕਾਰੀ ਜਾਇਦਾਦਾਂ ਆਪਣੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੇਚਦੀਆਂ ਹਨ, ਉੱਥੇ ਹੀ ਉਨ੍ਹਾਂ ਦੀ ਸਰਕਾਰ ਨੇ ਜੀ. ਵੀ. ਕੇ. ਪਾਵਰ ਪਲਾਂਟ ਖ਼ਰੀਦ ਕੇ ਇਸ ਦਾ ਨਾਂ ਗੁਰੂ ਅਮਰਦਾਸ ਜੀ ਦੇ ਨਾਂ ’ਤੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਉਦਯੋਗਾਂ ਨੂੰ ਵੀ ਸਸਤੀ ਬਿਜਲੀ ਦੇਵੇਗੀ ਅਤੇ ਇਸ ਨਾਲ ਪੰਜਾਬ ’ਚ ਵਪਾਰ ਬੜੀ ਤੇਜ਼ੀ ਨਾਲ ਵਧੇਗਾ। ਪਹਿਲਾਂ ਹੀ ਟਾਟਾ ਸਟੀਲ ਵਰਗੀਆਂ ਕੰਪਨੀਆਂ ਪੰਜਾਬ ’ਚ ਨਿਵੇਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪੈਸੇ ਕਮਾਉਣ ਲਈ ਰਾਜਨੀਤੀ ’ਚ ਨਹੀਂ ਆਏ, ਉਹ ਇਥੇ ਸਿਸਟਮ ਨੂੰ ਬਦਲਣ, ਇਸ ਨੂੰ ਬਿਹਤਰ ਬਣਾਉਣ, ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਆਏ ਹਨ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸੀਜ਼ਨ ’ਚ ਨਹਿਰਾਂ ਦਾ 70 ਫ਼ੀਸਦੀ ਪਾਣੀ ਪੰਜਾਬ ਦੇ ਖੇਤਾਂ ’ਚ ਸਿੰਜਾਈ ਲਈ ਦਿੱਤਾ ਜਾਵੇਗਾ। ਇਸ ਨਾਲ ਪੰਜਾਬ ਦੇ ਤਕਰੀਬਨ 6 ਲੱਖ ਟਿਊਬਵੈੱਲ ਬੰਦ ਹੋ ਜਾਣਗੇ। ਇਸ ਨਾਲ ਬਿਜਲੀ ਬੋਰਡ ਦੇ ਤਕਰੀਬਨ 7000 ਕਰੋੜ ਰੁਪਏ ਬਚਣਗੇ ਅਤੇ ਇਨ੍ਹਾਂ ਪੈਸਿਆਂ ਨਾਲ ਸਾਡੀ ਸਰਕਾਰ ਔਰਤਾਂ ਨੂੰ 1000 ਹਰ ਮਹੀਨੇ ਦੇਣ ਦੀ ਗਾਰੰਟੀ ਪੂਰੀ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ’ਚ ਦੋ ਸਾਲਾਂ ’ਚ ਕੀਤੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗ ਰਿਹਾ ਹਾਂ। ਦਿੱਲੀ ’ਚ ਅਸੀਂ ਆਪਣੇ 8 ਸਾਲਾਂ ਦੇ ਕੰਮ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਾਂ ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਪਰ 10 ਸਾਲ ਪ੍ਰਧਾਨ ਮੰਤਰੀ ਰਹੇ ਨਰਿੰਦਰ ਮੋਦੀ ਮੰਗਲ-ਸੂਤਰ ਅਤੇ ਧਰਮ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ। ਭਾਜਪਾ ਨਫ਼ਰਤ ਦੀ ਸਿਆਸਤ ਕਰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਉਹ ਕਿ ਭਾਜਪਾ ਦੀਆਂ ਜੜ੍ਹਾਂ ਪੰਜਾਬ ’ਚ ਨਾ ਲੱਗਣ ਦੇਣ। ਇਸ ਮੌਕੇ ਮਲਵਿੰਦਰ ਸਿੰਘ ਕੰਗ , ਹਲਕਾ ਖਰੜ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਅਤੇ ਹੋਰ ਮੌਜੂਦ ਸਨ।

ਇਹ ਵੀ ਪੜ੍ਹੋ-  ਫਾਜ਼ਿਲਕਾ 'ਚ ਭਿਆਨਕ ਹਾਦਸਾ, ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਤੜਫ਼-ਤੜਫ਼ ਹੋਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News