ਹੋ ਜਾਓ ਤਿਆਰ, ਇਸ ਦਿਨ ਪੰਪਾਂ 'ਤੇ ਨਹੀਂ ਮਿਲੇਗਾ ਪੈਟਰੋਲ!

06/11/2017 1:09:25 PM

ਨਵੀਂ ਦਿੱਲੀ—  ਪੈਟਰੋਲੀਅਮ ਕੰਪਨੀਆਂ ਵੱਲੋਂ ਹਰ ਦਿਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਤੈਅ ਕੀਤੇ ਜਾਣ ਦੇ ਵਿਰੋਧ 'ਚ ਪੈਟਰੋਲ ਪੰਪ ਮਾਲਕਾਂ ਨੇ ਬੰਦ ਦਾ ਐਲਾਨ ਕੀਤਾ ਹੈ। ਸਰਬ ਭਾਰਤੀ ਪੈਟਰੋਲੀਅਮ ਸੰਗਠਨ (ਐੱਫ. ਆਈ. ਪੀ. ਆਈ.) ਨੇ ਇਸ ਫੈਸਲੇ ਨੂੰ ਪਰਚੂਨ ਕਰਤਾਵਾਂ ਨੂੰ ਖਤਮ ਕਰਨ ਵਾਲਾ ਕਰਾਰ ਦਿੱਤਾ ਹੈ। ਪੈਟਰੋਲੀਅਮ ਮੰਤਰੀ ਨੂੰ ਲਿਖੇ ਪੱਤਰ 'ਚ ਸੰੰਗਠਨ ਨੇ ਇਸ ਫੈਸਲੇ ਦੇ ਵਿਰੋਧ 'ਚ 16 ਜੂਨ ਨੂੰ ਦੇਸ਼ ਭਰ 'ਚ ਪੈਟਰੋਲ ਪੰਪਾਂ ਦੇ ਹੜਤਾਲ 'ਤੇ ਰਹਿਣ ਦੀ ਚਿਤਾਵਨੀ ਦਿੱਤੀ ਹੈ। 
ਸੰਗਠਨ ਨੇ ਕਿਹਾ ਹੈ ਕਿ ਉਹ 16 ਜੂਨ ਨਾ ਤਾਂ ਪੈਟਰੋਲ ਤੇ ਡੀਜ਼ਲ ਖਰੀਦਣਗੇ ਅਤੇ ਨਾ ਹੀ ਵੇਚਣਗੇ। ਹਾਲਾਂਕਿ ਪੈਟਰੋਲ ਪੰਪਾਂ ਦੇ ਹੋਰ ਸੰਗਠਨਾਂ ਨੇ ਹੁਣ ਤਕ ਇਸ ਹੜਤਾਲ 'ਚ ਜਾਣ ਬਾਰੇ ਸਪੱਸ਼ਟ ਨਹੀਂ ਕੀਤਾ ਹੈ। ਜੇਕਰ ਸਾਰੇ ਸੰਗਠਨ ਇਕੱਠੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੁੰਦੇ ਹਨ ਤਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

PunjabKesari
ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਇਕ ਖੇਪ ਦੀ ਖਰੀਦ ਛੋਟੇ ਡੀਲਰ ਕੋਲ 7 ਤੋਂ 10 ਦਿਨ ਤਕ ਰਹਿੰਦੀ ਹੈ। ਅਜਿਹੇ 'ਚ ਜੇਕਰ ਹਰ ਰੋਜ਼ ਕੀਮਤਾਂ 'ਚ ਬਦਲਾਅ ਹੋਵੇਗਾ ਤਾਂ ਉਨ੍ਹਾਂ ਦੀ ਕਮਾਈ ਘਾਟੇ ਨੂੰ ਪੂਰਾ ਕਰਨ 'ਚ ਹੀ ਚਲੀ ਜਾਵੇਗੀ। ਡੀਲਰਾਂ ਨੇ ਇਹ ਵੀ ਤਰਕ ਦਿੱਤਾ ਹੈ ਕਿ ਕਈ ਅਜਿਹੀਆਂ ਥਾਵਾਂ ਹਨ, ਜਿੱਥੇ ਪੈਟਰੋਲੀਅਮ ਟੈਂਕਰ ਪਹੁੰਚਣ 'ਚ ਦੋ ਤੋਂ ਤਿੰਨ ਦਿਨ ਲੱਗ ਜਾਂਦੇ ਹਨ। ਅਜਿਹੀ ਸਥਿਤੀ 'ਚ ਆਰਡਰ ਤੋਂ ਡਿਲੀਵਰੀ ਤਕ ਕੀਮਤ 'ਚ ਗਿਰਾਵਟ ਜਾਂ ਵਾਧੇ ਦੇ ਮੱਦੇਨਜ਼ਰ ਪ੍ਰਬੰਧਨ ਆਸਾਨ ਨਹੀਂ ਹੋਵੇਗਾ। ਖਾਸ ਤੌਰ 'ਤੇ ਕੀਮਤਾਂ ਘੱਟ ਹੋਣ ਦੀ ਸਥਿਤੀ 'ਚ ਡੀਲਰ ਨੂੰ ਨੁਕਸਾਨ ਹੋਵੇਗਾ। ਸੰਗਠਨ ਨੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਹੈ ਕਿ ਪੰਪਾਂ ਦੇ ਸੰਚਾਲਨ ਅਤੇ ਉਨ੍ਹਾਂ ਦੇ ਲਾਭ ਦੇ ਵੇਰਵੇ ਦਾ ਅਧਿਐਨ ਕੀਤਾ ਜਾਵੇ। ਇਸ ਦੇ ਬਾਅਦ ਹੀ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ, ਪੁਡੂਚੇਰੀ, ਜਮਸ਼ੇਦਪੁਰ, ਉਦੈਪੁਰ ਅਤੇ ਵਿਸ਼ਾਖਾਪਟਨਮ 'ਚ ਰੋਜ਼ਾਨਾ ਤੇਲ ਦੇ ਮੁੱਲ ਤੈਅ ਕੀਤੇ ਜਾਂਦੇ ਹਨ। 16 ਜੂਨ 2017 ਤੋਂ ਇਹ ਨਵੀਂ ਵਿਵਸਥਾ ਦੇਸ਼ ਭਰ 'ਚ ਲਾਗੂ ਹੋ ਜਾਵੇਗੀ।


Related News