ਜੇਕਰ ਤੁਸੀਂ ਵੀ Pain Killer ਲੈ ਰਹੇ ਹੋ ਤਾਂ ਹੋ ਜਾਓ ਸਾਵਧਾਨ! ਜ਼ਰਾ ਧਿਆਨ ਨਾਲ ਪੜ੍ਹੋ ਇਹ ਖ਼ਬਰ

Sunday, Apr 28, 2024 - 11:50 AM (IST)

ਜੇਕਰ ਤੁਸੀਂ ਵੀ Pain Killer ਲੈ ਰਹੇ ਹੋ ਤਾਂ ਹੋ ਜਾਓ ਸਾਵਧਾਨ! ਜ਼ਰਾ ਧਿਆਨ ਨਾਲ ਪੜ੍ਹੋ ਇਹ ਖ਼ਬਰ

ਚੰਡੀਗੜ੍ਹ (ਪਾਲ) : ਸਿਰਦਰਦ ਅਜੋਕੇ ਸਮੇਂ ਦੀ ਇੱਕ ਆਮ ਸਮੱਸਿਆ ਹੈ। ਬਹੁਤੇ ਲੋਕ ਇਸ ਤੋਂ ਨਿਜਾਤ ਪਾਉਣ ਲਈ ਦਰਦ ਨਿਵਾਰਕ ਗੋਲੀਆਂ ਮਤਲਬ ਕਿ ਪੇਨ ਕਿਲਰ ਲੈਣ ਲੱਗ ਜਾਂਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਉਨ੍ਹਾਂ ਨੂੰ ਜ਼ਿੰਦਗੀ ਭਰ ਦਾ ਦਰਦ ਦੇ ਸਕਦੀਆਂ ਹਨ। ਅਜਿਹੇ ਕਈ ਨੁਕਤੇ ਪੀ. ਜੀ. ਆਈ. ’ਚ ਨਿਊਰੋਲੋਜੀ ਵਿਭਾਗ ਵੱਲੋਂ ਸਿਰਦਰਦ ਸਬੰਧੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਕਰਵਾਏ ਗਏ ‘ਜਨਤਾ ਕੇ ਸਾਥ ਪੀ. ਜੀ. ਆਈ. ਕਾ ਹਾਥ’ ਪ੍ਰੋਗਰਾਮ ਦੌਰਾਨ ਉੱਭਰ ਕੇ ਸਾਹਮਣੇ ਆਏ। ਨਿਊਰੋਲੋਜਿਸਟ ਪ੍ਰੋ. ਧੀਰਜ ਖੁਰਾਣਾ ਨੇ ਕਿਹਾ ਕਿ ਜ਼ਿਆਦਾਤਰ ਲੋਕ ਸਿਰਦਰਦ ਲਈ ਦਰਦ ਨਿਵਾਰਕ ਦਵਾਈਆਂ ਲੈਣ ਲੱਗ ਜਾਂਦੇ ਹਨ, ਜੋ ਕਿ ਸਰਾਸਰ ਗ਼ਲਤ ਹੈ। ਮਹੀਨੇ ’ਚ ਇੱਕ ਜਾਂ ਦੋ ਵਾਰ ਦਵਾਈ ਲਈ ਜਾ ਸਕਦੀ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਲੋੜ ਤੋਂ ਕਿਤੇ ਵੱਧ ਦਵਾਈਆਂ ਲੈਂਦੇ ਹਨ। ਇੱਕ ਸਟੇਜ ’ਤੇ ਆ ਕੇ ਇਹ ਦਵਾਈਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੰਬੇ ਸਮੇਂ ਤੱਕ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਨਾਲ ਇਹ ਤੁਹਾਡੇ ਸਰੀਰ ਦੇ ਅੰਗਾਂ ਖ਼ਾਸ ਕਰਕੇ ਜਿਗਰ ਅਤੇ ਗੁਰਦਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਇਹ ਵੀ ਪੜ੍ਹੋ : ਛੋਲੇ-ਭਟੂਰੇ ਖਾਣ ਪੁੱਜੇ ਮਜ਼ਦੂਰ ਨੇ ਕਰ 'ਤਾ ਹੈਰਾਨ ਕਰ ਦੇਣ ਵਾਲਾ ਕੰਮ, ਵੀਡੀਓ ਹੋ ਰਹੀ ਵਾਇਰਲ, ਤੁਸੀਂ ਵੀ ਦੇਖੋ
ਪੀ. ਜੀ. ਆਈ ’ਚ ਰੋਜ਼ਾਨਾ ਆਉਂਦੇ ਨੇ ਸਿਰਦਰਦ ਦੇ 150 ਮਰੀਜ਼
ਪੀ. ਜੀ. ਆਈ. ਨਿਊਰੋਲੋਜਿਸਟ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਆਸਥਾ ਟੱਕਰ ਮੁਤਾਬਕ ਮੋਟਾਪਾ ਤੁਹਾਨੂੰ ਸ਼ੂਗਰ, ਬੀ. ਪੀ., ਦਿਲ ਦੀਆਂ ਸਮੱਸਿਆਵਾਂ ਸਮੇਤ ਹੋਰ ਕਈ ਬਿਮਾਰੀਆਂ ਦੇ ਸਕਦਾ ਹੈ। ਮੋਟਾਪਾ ਸਿਰਦਰਦ ਦਾ ਵੱਡਾ ਕਾਰਨ ਹੈ। ਰੋਜ਼ਾਨਾ ਜੀਵਨ ’ਚ ਸਿਰਦਰਦ ਹੋਣਾ ਇੱਕ ਆਮ ਗੱਲ ਹੈ, ਜਿਸ ਨੂੰ ਅਸੀਂ ਸਾਰੇ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ। ਰੋਜ਼ਾਨਾ ਓ. ਪੀ. ਡੀ. ’ਚ ਸਿਰਦਰਦ ਦੇ ਤਕਰੀਬਨ 150 ਮਰੀਜ਼ ਰਜਿਸਟਰਡ ਹੁੰਦੇ ਹਨ, ਜੋ ਸਿਰਫ਼ ਨਵੇਂ ਮਰੀਜ਼ ਹਨ। ਸਿਰਦਰਦ ਬਹੁਤ ਹੀ ਆਮ ਸਮੱਸਿਆ ਹੈ। ਹਾਲਾਂਕਿ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।
50 ਫੀਸਦੀ ਮਰੀਜ਼ਾਂ ਦਾ ਵਜ਼ਨ ਜ਼ਿਆਦਾ
ਪ੍ਰੋ. ਡਾ. ਆਸਥਾ ਟੱਕਰ ਮੁਤਾਬਕ ਉਨ੍ਹਾਂ ਕੋਲ ਆਉਣ ਵਾਲੇ 50 ਫ਼ੀਸਦੀ ਮਰੀਜ਼ ਅਜਿਹੇ ਹਨ, ਜਿਨ੍ਹਾਂ ਦਾ ਭਾਰ ਲੋੜ ਤੋਂ ਵੱਧ ਹੈ। ਇਨ੍ਹਾਂ ਮਰੀਜ਼ਾਂ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਦਰਦ ਦਾ ਅਸਲ ਕਾਰਨ ਕੀ ਹੈ। ਉਹ ਅਜੇ ਵੀ ਦਵਾਈਆਂ ਲੈ ਕੇ ਆਪਣੇ ਸਿਰ ਦੇ ਦਰਦ ਨੂੰ ਠੀਕ ਕਰ ਰਹੇ ਹਨ। ਕੁੱਝ ਸਮੇਂ ਬਾਅਦ ਉਹ ਵੀ ਅਸਰ ਕਰਨਾ ਬੰਦ ਕਰ ਦਿੰਦੀਆਂ ਹਨ। ਅਸੀਂ ਇਨ੍ਹਾਂ ਮਰੀਜ਼ਾਂ ਨੂੰ ਭਾਰ ਘਟਾਉਣ ਮਤਲਬ ਕਿ ਵੇਟ ਮੈਨੇਜਮੈਂਟ ਪ੍ਰੋਗਰਾਮ ਅਪਣਾਉਣ ਲਈ ਕਹਿੰਦੇ ਹਾਂ। ਅਸੀਂ ਇਸ ਦੇ ਬਹੁਤ ਚੰਗੇ ਨਤੀਜੇ ਦੇਖੇ ਹਨ। ਜੋ ਲੋਕ ਕਈ ਸਾਲਾਂ ਤੋਂ ਸਿਰਦਰਦ ਤੋਂ ਪੀੜਤ ਸਨ, ਉਨ੍ਹਾਂ ਨੂੰ ਰਾਹਤ ਮਿਲੀ ਹੈ। ਇਸੇ ਲਈ ਡਾਕਟਰਾਂ ਦਾ ਕਹਿਣਾ ਹੈ ਕਿ ਚੰਗੀ ਜੀਵਨ ਸ਼ੈਲੀ ਬਹੁਤ ਜ਼ਰੂਰੀ ਹੈ। ਜ਼ਿਆਦਾ ਭਾਰ ਅਜਿਹੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਮੌਸਮ ਨੂੰ ਲੈ ਕੇ Alert ਜਾਰੀ, ਘੁੰਮਣ ਦਾ ਪਲਾਨ ਹੈ ਤਾਂ ਕਿਤੇ ਫਸ ਨਾ ਜਾਇਓ
60 ਤੋਂ 70 ਫ਼ੀਸਦੀ ਮਰੀਜ਼ਾਂ ’ਚ ਮਾਈਗ੍ਰੇਨ
ਪ੍ਰੋ. ਡਾ. ਆਸਥਾ ਟੱਕਰ ਮੁਤਾਬਕ ਲਗਾਤਾਰ ਸਿਰਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜੇਕਰ ਬਹੁਤ ਜ਼ਿਆਦਾ ਸਿਰਦਰਦ ਹੁੰਦਾ ਹੈ ਤਾਂ ਇਹ ਮਾਈਗ੍ਰੇਨ ਹੈ। ਹਾਲਾਂਕਿ ਵਾਰ-ਵਾਰ ਸਿਰਦਰਦ ਹੋਣ ਦਾ ਸਭ ਤੋਂ ਵੱਡਾ ਕਾਰਨ ਮਾਈਗ੍ਰੇਨ ਹੀ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਇਹ ਹਰ ਕਿਸੇ ਲਈ ਹੋਵੇ। 25 ਤੋਂ 55 ਸਾਲ ਦੀ ਉਮਰ ਤੱਕ ਮਾਈਗ੍ਰੇਨ ਹੋਣਾ ਆਮ ਗੱਲ ਹੈ। ਉਨ੍ਹਾਂ ਕੋਲ ਆਉਣ ਵਾਲੇ 60 ਤੋਂ 70 ਫ਼ੀਸਦੀ ਮਰੀਜ਼ਾਂ ’ਚ ਮਾਈਗ੍ਰੇਨ ਦੀ ਪੁਸ਼ਟੀ ਹੁੰਦੀ ਹੈ। ਮਾਈਗ੍ਰੇਨ ਦੀਆਂ ਕਈ ਕਿਸਮਾਂ ਹਨ। ਮਾਈਗ੍ਰੇਨ ’ਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਦਵਾਈਆਂ ਨਾ ਛੱਡੋ। ਆਪਣੇ ਸਰੀਰ ਨੂੰ ਸਮਝੋ ਕਿ ਕਿਹੜੀ ਚੀਜ਼ ਕਾਰਨ ਉਸ ਨੂੰ ਮਾਈਗ੍ਰੇਨ ਦਾ ਅਟੈਕ ਹੁੰਦਾ ਹੈ। ਕਈ ਲੋਕਾਂ ਨੂੰ ਬਦਲਦੇ ਮੌਸਮ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈਆਂ ਨੂੰ ਕੁੱਝ ਖ਼ਾਸ ਤਰ੍ਹਾਂ ਦੇ ਭੋਜਨ ਕਾਰਨ ਪਰੇਸ਼ਾਨੀ ਵੱਧ ਜਾਂਦੀ ਹੈ। ਮਾਈਗ੍ਰੇਨ ਦੇ ਮਾਮਲੇ ’ਚ ਸਭ ਤੋਂ ਪਹਿਲਾਂ ਅਸੀਂ ਮਰੀਜ਼ ਨੂੰ ਲੱਛਣ ਪਛਾਨਣ ਅਤੇ ਅਟੈਕ ਆਉਣ ਤੋਂ ਪਹਿਲਾਂ ਦਵਾਈ ਲੈਣ ਦੀ ਸਲਾਹ ਦਿੰਦੇ ਹਾਂ।
ਨਜ਼ਰ-ਅੰਦਾਜ਼ ਨਾ ਕਰੋ ਸਿਰਦਰਦ
ਡਾ. ਆਸਥਾ ਮੁਤਾਬਕ ਹਰ ਸਿਰਦਰਦ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਨਹੀਂ ਹੈ ਪਰ ਸਿਰਦਰਦ ਨੂੰ ਨਜ਼ਰ-ਅੰਦਾਜ਼ ਨਾ ਕਰੋ। ਕੁਝ ਸ਼ੁਰੂਆਤੀ ਲੱਛਣ ਹਨ, ਜੋ ਚਿੰਤਾਜਨਕ ਸੰਕੇਤ ਹਨ ਕਿ ਤੁਹਾਨੂੰ ਡਾਕਟਰ ਨੂੰ ਮਿਲਣ ਦੀ ਲੋੜ ਹੈ ਜਿਵੇਂ ਸਿਰਦਰਦ ਦੇ ਨਾਲ-ਨਾਲ ਉਲਟੀਆਂ, ਅੱਖਾਂ ਅੱਗੇ ਕਾਲੇ ਧੱਬੇ, ਬੁਢਾਪੇ ’ਚ ਸਿਰਦਰਦ, ਭਾਵੇਂ ਇਹ ਪਹਿਲੀ ਵਾਰ ਹੀ ਕਿਉਂ ਨਾ ਹੋਵੇ। ਗਰਭ ਅਵਸਥਾ ਦੌਰਾਨ ਸਿਰਦਰਦ ਹੋਣਾ ਵੀ ਚਿੰਤਾਜਨਕ ਹੈ। ਜੇ ਤੁਹਾਨੂੰ ਬੁਖ਼ਾਰ ਦੇ ਨਾਲ-ਨਾਲ ਸਿਰਦਰਦ ਵੀ ਹੈ ਤਾਂ ਤੁਹਾਨੂੰ ਡਾਕਟਰ ਖ਼ਾਸ ਕਰਕੇ ਨਿਊਰੋਲੋਜਿਸਟ ਕੋਲ ਜਾਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News