OECD ਨੇ ਵਪਾਰ, ਬ੍ਰੈਗਜ਼ਿਟ ਅਨਿਸ਼ਚਿਤਤਾ  ਕਾਰਨ ਕੌਮਾਂਤਰੀ ਵਾਧੇ ਦਾ ਅੰਦਾਜ਼ਾ ਘਟਾਇਆ

03/06/2019 10:29:03 PM

ਪੈਰਿਸ-ਬ੍ਰੈਗਜ਼ਿਟ ਸਮੇਤ ਦੁਨੀਆ 'ਚ ਰਾਜਨੀਤਕ ਤੇ ਵਪਾਰਕ ਖੇਤਰ ਦੀ ਅਨਿਸ਼ਚਿਤਤਾ ਦਾ ਕੌਮਾਂਤਰੀ ਅਰਥਵਿਵਸਥਾ 'ਤੇ ਦਬਾਅ ਵਧ ਰਿਹਾ ਹੈ। ਇਸ ਕਾਰਨ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ  (ਓ. ਈ. ਸੀ. ਡੀ.)  ਨੇ 2019 'ਚ ਕੌਮਾਂਤਰੀ ਆਰਥਿਕ ਵਾਧੇ ਦੇ ਆਪਣੇ ਅੰਦਾਜ਼ੇ ਨੂੰ ਫਿਰ ਤੋਂ ਘੱਟ ਕੀਤਾ ਹੈ।    ਸੰਗਠਨ ਨੇ ਕੌਮਾਂਤਰੀ ਵਾਧੇ ਦੇ ਅੰਦਾਜ਼ੇ ਨੂੰ ਘਟਾ ਕੇ 2019 ਲਈ 3.3 ਫੀਸਦੀ ਕਰ ਦਿੱਤਾ,  ਜਦੋਂਕਿ ਪਹਿਲਾਂ ਨਵੰਬਰ 'ਚ ਸੰਗਠਨ ਨੇ ਇਸ ਦੇ 3.5 ਫੀਸਦੀ ਰਹਿਣ ਦੀ ਸੰਭਾਵਨਾ ਜਤਾਈ ਸੀ।  ਇਹ ਉਸ ਤੋਂ ਵੀ ਪਹਿਲਾਂ  ਦੇ 3.7 ਫੀਸਦੀ  ਦੇ ਅੰਦਾਜ਼ੇ ਤੋਂ ਘੱਟ ਸੀ।   ਓ. ਈ. ਸੀ. ਡੀ.  ਨੇ ਆਰਥਿਕ ਦ੍ਰਿਸ਼ ਰਿਪੋਰਟ  ਦੇ ਅੰਤ੍ਰਿਮ ਐਡੀਸ਼ਨ 'ਚ ਕਿਹਾ ਹੈ, ''ਨੀਤੀਗਤ ਮਸਲਿਆਂ 'ਤੇ ਉੱਚ ਪੱਧਰੀ ਅਨਿਸ਼ਚਿਤਤਾ,  ਜਾਰੀ ਵਪਾਰ ਤਣਾਅ ਤੇ ਕਾਰੋਬਾਰ ਅਤੇ ਗਾਹਕਾਂ  ਦੇ ‍ਭਰੋਸੇ 'ਚ ਕਮੀ ਆਦਿ  ਨਾਲ ਆਰਥਿਕ ਵਾਧੇ ਦੀ ਰਫਤਾਰ ਮੱਠੀ ਪੈਣ ਦਾ ਅੰਦਾਜ਼ਾ ਹੈ।'' ਓ. ਈ. ਸੀ. ਡੀ.  'ਚ ਦੁਨੀਆ  ਦੇ ਟਾਪ ਵਿਕਸਿਤ ਦੇਸ਼ ਸ਼ਾਮਲ ਹਨ।  ਓ. ਈ. ਸੀ. ਡੀ.  ਨੇ ਜੀ-20 ਸਮੂਹ 'ਚ ਸ਼ਾਮਲ ਸਾਰੇ ਉਦਯੋਗਿਕ ਤੇ ਵਿਕਾਸਸ਼ੀਲ ਦੇਸ਼ਾਂ  ਦੇ ਵਾਧੇ ਅੰਦਾਜ਼ੇ ਨੂੰ ਘਟਾਇਆ ਹੈ।


Karan Kumar

Content Editor

Related News