ਵਾਹਨਾਂ ਦੀ ਵਿਕਰੀ-ਵਾਧੇ ਨਾਲ ਸੜਕਾਂ ’ਤੇ ਵਧਣ ਲੱਗੇ ਜਾਮ

Saturday, May 11, 2024 - 03:58 AM (IST)

ਵਾਹਨ ਉਦਯੋਗ ਦੀ ਪ੍ਰਤੀਨਿਧ ਸੰਸਥਾ ‘ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ’ (ਫਾਡਾ) ਅਨੁਸਾਰ ਅਪ੍ਰੈਲ, 2024 ’ਚ ਭਾਰਤ ’ਚ ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਸਾਲਾਨਾ ਆਧਾਰ ’ਤੇ ਵਧ ਕੇ 22,06,070 ਇਕਾਈ ਹੋ ਗਈ। ਇਹ ਗਿਣਤੀ ਅਪ੍ਰੈਲ, 2023 ਦੀ ਤੁਲਨਾ ’ਚ 27 ਫੀਸਦੀ ਵੱਧ ਹੈ।

ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਪਿਛਲੇ ਮਹੀਨੇ 16 ਫੀਸਦੀ ਵਧ ਕੇ 3,35,123 ਇਕਾਈ ਹੋ ਗਈ, ਜਦ ਕਿ 2023 ’ਚ ਇਸੇ ਮਹੀਨੇ ਇਹ ਗਿਣਤੀ 2,89,056 ਇਕਾਈ ਸੀ। ਇਸੇ ਤਰ੍ਹਾਂ ਅਪ੍ਰੈਲ ’ਚ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 33 ਫੀਸਦੀ ਵਧ ਕੇ 16,43,510 ਇਕਾਈ ਹੋ ਗਈ, ਜਦ ਕਿ ਅਪ੍ਰੈਲ 2023 ’ਚ ਇਹ 12,33,763 ਇਕਾਈ ਸੀ।

ਅਪ੍ਰੈਲ ’ਚ ਕਮਰਸ਼ੀਅਲ ਵਾਹਨਾਂ ਦੀ ਖੁਦਰਾ ਵਿਕਰੀ ਸਾਲਾਨਾ ਆਧਾਰ ’ਤੇ 2 ਫੀਸਦੀ ਵਧ ਕੇ 90,707 ਇਕਾਈ ’ਤੇ ਪਹੁੰਚ ਗਈ। ਅਪ੍ਰੈਲ ’ਚ ਤਿਪਹੀਆ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 9 ਫੀਸਦੀ ਵਧ ਕੇ 80,105 ਇਕਾਈ ਹੋ ਗਈ, ਜਦ ਕਿ ਟ੍ਰੈਕਟਰਾਂ ਦੀ ਵਿਕਰੀ ਇਕ ਫੀਸਦੀ ਵਧ ਕੇ 56,625 ਇਕਾਈ ਰਹੀ।

‘ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ’ (ਫਾਡਾ) ਦੇ ਚੇਅਰਮੈਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਯਾਤਰੀ ਵਾਹਨ ਸ਼੍ਰੇਣੀ ’ਚ ਸਾਲਾਨਾ ਆਧਾਰ ’ਤੇ ਦੋਹਰੇ ਅੰਕ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨੂੰ ਮਾਡਲਾਂ ਦੀ ਬਿਹਤਰ ਉਪਲੱਬਧਤਾ ਅਤੇ ਢੁੱਕਵੇਂ ਬਾਜ਼ਾਰ ਮਾਹੌਲ (ਖਾਸ ਤੌਰ ’ਤੇ ਨਵਰਾਤਰੇ ਅਤੇ ‘ਗੁੜੀ ਪੜਵਾ’ ਵਰਗੇ ਤਿਉਹਾਰਾਂ ਦੇ ਨੇੜੇ-ਤੇੜੇ ਹੋਣ) ਨਾਲ ਸਹਾਇਤਾ ਮਿਲੀ।

‘ਫਾਡਾ’ ਅਨੁਸਾਰ ਉਸ ਨੇ ਦੇਸ਼ ਭਰ ਦੇ 1503 ਆਰ.ਟੀ.ਓ. ’ਚੋਂ 1360 ’ਚੋਂ ਵਾਹਨਾਂ ਦੀ ਵਿਕਰੀ ਦੇ ਖੁਦਰਾ ਅੰਕੜੇ ਇਕੱਠੇ ਕੀਤੇ ਹਨ। ਜਿੱਥੇ ਵਾਹਨਾਂ ਦੀ ਵਿਕਰੀ ’ਚ ਵਾਧਾ ਲੋਕਾਂ ’ਚ ਆ ਰਹੀ ਖੁਸ਼ਹਾਲੀ ਦੀ ਨਿਸ਼ਾਨੀ ਹੈ, ਉੱਥੇ ਹੀ ਲੋਕਾਂ ’ਚ ਇਕੱਲਿਆਂ ਆਉਣ-ਜਾਣ ਦੇ ਵਧ ਰਹੇ ਰੁਝਾਨ ’ਚ ਵੀ ਵਾਧੇ ਕਾਰਨ ਸੜਕਾਂ ’ਤੇ ਵਾਹਨਾਂ ਦੀ ਭੀੜ ਵਧਣ ਨਾਲ ਟ੍ਰੈਫਿਕ ਜਾਮ ਲੱਗਣ ਲੱਗੇ ਹਨ।

ਵਾਹਨਾਂ ਦੀ ਵਧ ਰਹੀ ਗਿਣਤੀ ਕਾਰਨ ਪਾਰਕਿੰਗ ਦੀ ਸਮੱਸਿਆ ਅਤੇ ਚੌੜੀਆਂ ਸੜਕਾਂ ਦੀ ਘਾਟ ਵੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਇਸ ਸਮੱਸਿਆ ਤੋਂ ਮੁਕਤੀ ਲਈ ਸੜਕਾਂ ਹੋਰ ਚੌੜੀਆਂ ਅਤੇ ਵੱਧ ਨਵੇਂ ਫਲਾਈਓਵਰ ਬਣਾਉਣ ਦੀ ਲੋੜ ਹੈ।

-ਵਿਜੇ ਕੁਮਾਰ


Harpreet SIngh

Content Editor

Related News