ਨਿਊਜ਼ੀਲੈਂਡ ਦੇ ਬੱਲੇਬਾਜ਼ ਕੌਲਿਨ ਮੁਨਰੋ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
Saturday, May 11, 2024 - 12:33 PM (IST)
ਵੈਲਿੰਗਟਨ– ਨਿਊਜ਼ੀਲੈਂਡ ਦੇ ਬੱਲੇਬਾਜ਼ ਕੌਲਿਨ ਮੁਨਰੋ ਨੇ ਟੀ-20 ਵਿਸ਼ਵ ਕੱਪ ਵਿਚ ਜਗ੍ਹਾ ਨਾ ਮਿਲ ਸਕਣ ਕਾਰਨ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਮੁਨਰੋ ਪਿਛਲੇ ਚਾਰ ਸਾਲਾਂ ਤੋਂ ਸਿਰਫ ਫ੍ਰੈਂਚਾਈਜ਼ੀ ਕ੍ਰਿਕਟ ਖੇਡ ਰਿਹਾ ਹੈ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਅੱਗੇ ਵੀ ਫ੍ਰੈਂਚਾਈਜ਼ੀ ਕ੍ਰਿਕਟ ਖੇਡਦਾ ਰਹੇਗਾ।
ਮੁਨਰੋ ਨੇ ਖੁਦ ਨੂੰ ਵਿਸ਼ਵ ਕੱਪ ਲਈ ਉਪਲੱਬਧ ਦੱਸਿਆ ਸੀ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਪਿਛਲੇ ਦਿਨੀਂ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਮੁਨਰੋ ਦੇ ਨਾਂ ਦੀ ਚਰਚਾ ਤਾਂ ਹੋਈ ਸੀ ਪਰ ਉਸਦੇ ਲਈ ਜਗ੍ਹਾ ਨਹੀਂ ਬਣ ਸਕੀ। ਉਸ ਨੇ 2020 ਤੋਂ ਬਾਅਦ ਤੋਂ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ।
ਮੁਨਰੋ ਨੇ ਨਿਊਜ਼ੀਲੈਂਡ ਲਈ ਇਕ ਟੈਸਟ, 57 ਵਨ ਡੇ ਤੇ 65 ਟੀ-20 ਖੇਡੇ ਹਨ ਤੇ ਉਸਦੇ ਨਾਂ ਵੈਸਟਇੰਡੀਜ਼ ਵਿਰੁੱਧ ਇਕ ਟੀ-20 ਮੈਚ ਵਿਚ ਸੈਂਕੜਾ ਵੀ ਦਰਜ ਹੈ। ਉਸ ਨੇ ਸ਼੍ਰੀਲੰਕਾ ਵਿਰੁੱਧ 14 ਗੇਂਦਾਂ ਵਿਚ ਅਰਧ ਸੈਂਕੜਾ ਲਾਇਆ ਸੀ, ਜਿਹੜਾ ਕਿ ਰਾਸ਼ਟਰੀ ਰਿਕਾਰਡ ਹੈ।